ਨਵੀਂ ਦਿੱਲੀ (ਸਮਾਜ ਵੀਕਲੀ):ਦਿੱਲੀ ਪੁਲੀਸ ਨੇ ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਕੇ 4 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹਰਿਆਣਾ ਦੇ ਫਰੀਦਾਬਾਦ ਵਿਚ ਇਕ ਮਕਾਨ ’ਚੋਂ 354 ਕਿਲੋਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਹੈ। ਇਸ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ 2500 ਕਰੋੜ ਰੁਪਏ ਦੱਸੀ ਜਾ ਰਹੀ ਹੈ। ਕੌਮਾਂਤਰੀ ਪੱਧਰ ਦੇ ਨਸ਼ਾ ਤਸਕਰੀ ਦੇ ਇਸ ਗਰੋਹ ਵਿੱਚ ਅਫ਼ਗਾਨੀ ਨਾਗਰਿਕ ਤੇ ਹੋਰ ਸ਼ਾਮਲ ਹਨ। ਦਿੱਲੀ ਪੁਲੀਸ ਦਾ ਵਿਸ਼ੇਸ਼ ਸੈੱਲ ਇਸ ਮਾਮਲੇ ਦੇ ਅਤਿਵਾਦੀ ਸਰਗਰਮੀਆਂ ਨਾਲ ਜੁੜੇ ਹੋਣ ਦੇ ਪੱਖ ਤੋਂ ਵੀ ਜਾਂਚ ਕਰ ਰਿਹਾ ਹੈ।
ਵਿਸ਼ੇਸ਼ ਸੈੱਲ ਦੇ ਕਮਿਸ਼ਨਰ ਨੀਰਜ ਠਾਕੁਰ ਨੇ ਦੱਸਿਆ ਕਿ ਅਫ਼ਗਾਨੀ ਨਾਗਰਿਕ ਹਜ਼ਰਤ ਅਲੀ ਨੂੰ ਕਸ਼ਮੀਰ ਦੇ ਅਨੰਤਨਾਗ, ਰਿਜ਼ਵਾਨ ਅਹਿਮਦ, ਗੁਰਜੋਤ ਸਿੰਘ ਤੇ ਗੁਰਦੀਪ ਸਿੰਘ ਨੂੰ ਜਲੰਧਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਹੈਰੋਇਨ ਬਣਾਉਣ ਲਈ ਇਸਤੇਮਾਲ ਹੁੰਦਾ ਕਰੀਬ 100 ਕਿਲੋ ਰਸਾਇਣ ਵੀ ਬਰਾਮਦ ਕੀਤਾ ਗਿਆ ਹੈ। ਜਾਂਚ ਦੌਰਾਨ ਪਾਇਆ ਗਿਆ ਕਿ ਅਫਗਾਨਿਸਤਾਨ ਤੋਂ ਨਸ਼ਾ ਬੋਰੀਆਂ ਤੇ ਡੱਬਿਆਂ ਵਿੱਚ ਛੁਪਾ ਕੇ ਈਰਾਨ ਦੀ ਚਾਬਹਾਰ ਬੰਦਰਗਾਹ ਤੋਂ ਜਵਾਹਰ ਲਾਲ ਨਹਿਰੂ ਬੰਦਰਗਾਹ, ਮੁੰਬਈ ਭੇਜਿਆ ਜਾ ਰਿਹਾ ਸੀ।
ਨਸ਼ਿਆਂ ਨੂੰ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਨੇੜੇ ਇਕ ਫੈਕਟਰੀ ਵਿਚ ਪ੍ਰੋਸੈੱਸ ਕਰਨ ਲਈ ਭੇਜਿਆ ਗਿਆ ਸੀ ਤੇ ਹੈਰੋਇਨ ਨੂੰ ਅਫ਼ਗਾਨਿਸਤਾਨ ਦੇ ਮਾਹਿਰਾਂ ਦੀ ਮਦਦ ਨਾਲ ਤਿਆਰ ਕੀਤਾ ਗਿਆ ਸੀ। ਇਸ ਤੋਂ ਬਾਅਦ ਨਸ਼ਿਆਂ ਨੂੰ ਦਿੱਲੀ, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਜੰਮੂ-ਕਸ਼ਮੀਰ ਵਿਚ ਵੇਚਿਆ ਗਿਆ। ਪੰਜਾਬ ਤੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਨੇ ਕਿਹਾ ਕਿ ਡਰੱਗ ਰੈਕੇਟ ਦਾ ਮੁੱਖ ਸਾਜ਼ਿਸ਼ਘਾੜਾ ਨਵਪ੍ਰੀਤ ਸਿੰਘ ਪੁਰਤਗਾਲ ਤੋਂ ਕੰਮ ਕਰ ਰਿਹਾ ਹੈ। ਰੈਕੇਟ ਲਈ ਕੁਝ ਪੈਸਾ ਪਾਕਿਸਤਾਨ ਤੋਂ ਆਉਣ ਦਾ ਵੀ ਸ਼ੱਕ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly