ਲਖਨਊ (ਸਮਾਜ ਵੀਕਲੀ): ਉੱਤਰ ਪ੍ਰਦੇਸ਼ ਦਾ ਸਾਬਕਾ ਮੰਤਰੀ ਅਤੇ ਓਬੀਸੀ ਆਗੂ ਦਾਰਾ ਸਿੰਘ ਚੌਹਾਨ ਅੱਜ ਸਮਾਜਵਾਦੀ ਪਾਰਟੀ ’ਚ ਸ਼ਾਮਲ ਹੋ ਗਿਆ। ਚਾਰ ਕੁ ਦਿਨ ਪਹਿਲਾਂ ਉਸ ਨੇ ਯੋਗੀ ਆਦਿੱਤਿਆਨਾਥ ਕੈਬਨਿਟ ’ਚੋਂ ਅਸਤੀਫ਼ਾ ਦੇ ਦਿੱਤਾ ਸੀ। ਉਧਰ ਅਪਨਾ ਦਲ (ਸੋਨੇਵਾਲ) ਦੇ ਵਿਸ਼ਵਨਾਥਗੰਜ ਹਲਕੇ ਤੋਂ ਵਿਧਾਇਕ ਆਰ ਕੇ ਵਰਮਾ ਨੇ ਵੀ ਅਖਿਲੇਸ਼ ਦੀ ਅਗਵਾਈ ਹੇਠਲੀ ਪਾਰਟੀ ਦਾ ਲੜ ਫੜ ਲਿਆ ਹੈ। ਅਪਨਾ ਦਲ (ਸੋਨੇਵਾਲ) ਦਾ ਭਾਜਪਾ ਨਾਲ ਗੱਠਜੋੜ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸਾਬਕਾ ਮੰਤਰੀ ਸਵਾਮੀ ਪ੍ਰਸਾਦ ਮੌਰਿਆ ਅਤੇ ਧਰਮ ਸਿੰਘ ਸੈਣੀ, ਭਾਜਪਾ ਦੇ ਪੰਜ ਵਿਧਾਇਕ ਅਤੇ ਅਪਨਾ ਦਲ (ਸੋਨੇਵਾਲ) ਦਾ ਇਕ ਵਿਧਾਇਕ ਸਮਾਜਵਾਦੀ ਪਾਰਟੀ ’ਚ ਸ਼ਾਮਲ ਹੋ ਗਏ ਸਨ।
ਚੌਹਾਨ ਨੇ ਸਮਾਜਵਾਦੀ ਪਾਰਟੀ ’ਚ ਸ਼ਾਮਲ ਹੁੰਦਿਆਂ ਕਿਹਾ,‘‘ਜਦੋਂ ਭਾਜਪਾ ਨੇ 2017 ’ਚ ਉੱਤਰ ਪ੍ਰਦੇਸ਼ ’ਚ ਸਰਕਾਰ ਬਣਾਈ ਸੀ ਤਾਂ ਉਨ੍ਹਾਂ ਸਬਕਾ ਸਾਥ, ਸਬਕਾ ਵਿਕਾਸ ਦਾ ਨਾਅਰਾ ਦਿੱਤਾ ਸੀ ਪਰ ਕੁਝ ਚੋਣਵੇਂ ਲੋਕਾਂ ਦਾ ਹੀ ਵਿਕਾਸ ਕੀਤਾ ਗਿਆ ਜਦਕਿ ਬਾਕੀ ਨੂੰ ਉਨ੍ਹਾਂ ਦੀ ਕਿਸਮਤ ’ਤੇ ਹੀ ਛੱਡ ਦਿੱਤਾ ਗਿਆ।’’ ਸਮਾਜਵਾਦੀ ਪਾਰਟੀ ਨੂੰ ਅਪਣਾ ਪੁਰਾਣਾ ਘਰ ਦੱਸਦਿਆਂ ਉਨ੍ਹਾਂ ਕਿਹਾ ਕਿ ਉਹ ਸਾਰੇ ਰਲ ਕੇ ਉੱਤਰ ਪ੍ਰਦੇਸ਼ ਦੀ ਸਿਆਸਤ ’ਚ ਬਦਲਾਅ ਲਿਆ ਕੇ ਅਖਿਲੇਸ਼ ਯਾਦਵ ਨੂੰ ਮੁੜ ਮੁੱਖ ਮੰਤਰੀ ਬਣਾਉਣਗੇ। ‘ਓਬੀਸੀ ਅਤੇ ਦਲਿਤ ਭਾਈਚਾਰੇ ਦੇ ਲੋਕ ਇਕੱਠੇ ਆਉਣਗੇ। ਸਾਡੇ ਵਿਰੋਧੀ ਆਪਣਾ ਬਿਹਤਰੀਨ ਦੇਣ ਦੀ ਕੋਸ਼ਿਸ਼ ਕਰ ਸਕਦੇ ਹਨ ਪਰ ਉਹ ਇਸ ਹਨੇਰੀ ਨੂੰ ਰੋਕਣ ’ਚ ਕਾਮਯਾਬ ਨਹੀਂ ਹੋਣਗੇ। ਹੁਣ ਬਦਲਾਅ ਹੋ ਕੇ ਰਹੇਗਾ।’ ਚੌਹਾਨ ਨੇ ਭਾਜਪਾ ਨੂੰ ਝਟਕਾ ਦਿੰਦਿਆਂ ਬੁੱਧਵਾਰ ਨੂੰ ਯੋਗੀ ਕੈਬਨਿਟ ’ਚੋਂ ਅਸਤੀਫ਼ਾ ਦਿੰਦਿਆਂ ਦੋਸ਼ ਲਾਇਆ ਸੀ ਕਿ ਦਲਿਤਾਂ, ਓਬੀਸੀਜ਼ ਅਤੇ ਬੇਰੁਜ਼ਗਾਰਾਂ ਨੂੰ ਭਾਜਪਾ ਸਰਕਾਰ ਤੋਂ ਇਨਸਾਫ਼ ਨਹੀਂ ਮਿਲ ਸਕਦਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly