ਬੈਂਗਲੁਰੂ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸੱਜੇ ਹੱਥ ਦੇ ਬੱਲੇਬਾਜ਼ ਰੌਬਿਨ ਉਥੱਪਾ ਖਿਲਾਫ ਪ੍ਰੋਵੀਡੈਂਟ ਫੰਡ (ਪੀ.ਐੱਫ.) ਧੋਖਾਧੜੀ ਦੇ ਦੋਸ਼ਾਂ ਤੋਂ ਬਾਅਦ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਉਥੱਪਾ ਭਾਰਤੀ ਟੀਮ ਦੇ ਮੱਧ ਕ੍ਰਮ ਦੇ ਬੱਲੇਬਾਜ਼ ਰਹੇ ਹਨ, ਜਿਨ੍ਹਾਂ ਨੇ ਆਪਣੀ ਹਮਲਾਵਰ ਬੱਲੇਬਾਜ਼ੀ ਨਾਲ ਪ੍ਰਸ਼ੰਸਕਾਂ ‘ਚ ਆਪਣੀ ਛਾਪ ਛੱਡੀ। ਹਾਲਾਂਕਿ, ਉਥੱਪਾ ਦਾ ਕਰੀਅਰ ਉਤਰਾਅ-ਚੜ੍ਹਾਅ ਨਾਲ ਭਰਿਆ ਰਿਹਾ ਅਤੇ ਉਹ ਜ਼ਿਆਦਾਤਰ ਸਮਾਂ ਟੀਮ ਤੋਂ ਬਾਹਰ ਰਿਹਾ, ਉਥੱਪਾ ‘ਤੇ ਆਪਣੀ ਕੰਪਨੀ ਦੇ ਕਰਮਚਾਰੀਆਂ ਦੀ ਤਨਖਾਹ ਤੋਂ ਰਕਮ ਕੱਟਣ ਅਤੇ ਫਿਰ ਉਨ੍ਹਾਂ ਦੇ ਪੀਐਫ ਯੋਗਦਾਨ ਨੂੰ ਰੋਕਣ ਦਾ ਦੋਸ਼ ਹੈ। ਉਥੱਪਾ ਸੈਂਚੁਰੀਜ਼ ਲਾਈਫਸਟਾਈਲ ਬ੍ਰਾਂਡ ਪ੍ਰਾਈਵੇਟ ਲਿਮਟਿਡ ਨਾਂ ਦੀ ਕੰਪਨੀ ਚਲਾਉਂਦਾ ਹੈ ਅਤੇ ਕਰਮਚਾਰੀਆਂ ਦੀ ਤਨਖਾਹ ‘ਚੋਂ 23 ਲੱਖ ਰੁਪਏ ਕੱਟਣ ਦੇ ਬਾਵਜੂਦ ਉਨ੍ਹਾਂ ਦੇ ਖਾਤਿਆਂ ‘ਚ ਪੀ.ਐੱਫ ਦੀ ਰਕਮ ਜਮ੍ਹਾ ਨਹੀਂ ਕਰਵਾਈ ਗਈ। ਹੁਣ ਕਰਨਾਟਕ ਦੇ ਇਸ ਕ੍ਰਿਕਟਰ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਇਹ ਵਾਰੰਟ ਸਦਕਸ਼ਰ ਗੋਪਾਲ ਰੈੱਡੀ, ਖੇਤਰੀ ਪੀਐਫ ਕਮਿਸ਼ਨਰ – II ਅਤੇ ਰਿਕਵਰੀ ਅਫਸਰ, ਕੇਆਰ ਪੁਰਮ ਦੁਆਰਾ ਜਾਰੀ ਕੀਤਾ ਗਿਆ ਸੀ, ਰੈੱਡੀ ਨੇ ਦੋਸ਼ ਲਗਾਇਆ ਹੈ ਕਿ ਉਥੱਪਾ ਤੋਂ 23.36 ਲੱਖ ਰੁਪਏ ਦੀ ਵਸੂਲੀ ਕੀਤੀ ਜਾਣੀ ਸੀ। ਇਸ ਮਾਮਲੇ ‘ਚ ਸੀਨੀਅਰ ਅਧਿਕਾਰੀ ਨੇ ਪੁਲਕੇਸ਼ਨਗਰ ਪੁਲਸ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਪੁਲਕੇਸ਼ਨਗਰ ਪੁਲਿਸ ਦੇ ਸੀਨੀਅਰ ਹਾਊਸ ਅਫਸਰ (ਐਸਐਚਓ) ਨੂੰ ਜਾਰੀ ਕੀਤੇ ਗਏ ਨੋਟ ਵਿੱਚ ਕਿਹਾ ਗਿਆ ਹੈ, “ਕਿਉਂਕਿ ਬਕਾਏ ਦਾ ਭੁਗਤਾਨ ਨਹੀਂ ਕੀਤਾ ਗਿਆ ਹੈ, ਇਹ ਦਫਤਰ ਗਰੀਬ ਕਰਮਚਾਰੀਆਂ ਦੇ ਪੀਐਫ ਖਾਤਿਆਂ ਦਾ ਨਿਪਟਾਰਾ ਕਰਨ ਵਿੱਚ ਅਸਮਰੱਥ ਹੈ। ਉਪਰੋਕਤ ਦੇ ਮੱਦੇਨਜ਼ਰ, ਤੁਹਾਨੂੰ ਗ੍ਰਿਫਤਾਰੀ ਵਾਰੰਟ ਨੂੰ ਲਾਗੂ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ।”
ਰੌਬਿਨ ਉਥੱਪਾ ਨੇ ਭਾਰਤੀ ਕ੍ਰਿਕਟ ਟੀਮ ਲਈ 46 ਵਨਡੇ ਮੈਚ ਖੇਡੇ ਹਨ ਅਤੇ 42 ਪਾਰੀਆਂ ਵਿੱਚ 90.59 ਦੇ ਸਟ੍ਰਾਈਕ ਰੇਟ ਨਾਲ 25.94 ਦੀ ਔਸਤ ਨਾਲ 934 ਦੌੜਾਂ ਬਣਾਈਆਂ ਹਨ। ਉਸ ਨੇ ਇਸ ਦੌਰਾਨ 6 ਅਰਧ ਸੈਂਕੜੇ ਵੀ ਲਗਾਏ। ਉਸਨੇ ਭਾਰਤ ਲਈ 13 ਟੀ-20 ਵਿੱਚ 24.9 ਦੀ ਔਸਤ ਅਤੇ 118 ਦੀ ਸਟ੍ਰਾਈਕ ਰੇਟ ਨਾਲ 249 ਦੌੜਾਂ ਬਣਾਈਆਂ। ਉਥੱਪਾ ਨੇ ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ 205 ਮੈਚ ਖੇਡੇ ਅਤੇ 27.51 ਦੀ ਔਸਤ ਨਾਲ 4,952 ਦੌੜਾਂ ਬਣਾਈਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly