
ਵੰਡੇ ਇਨਾਮ – ਐੱਮ.ਪੀ ਚੰਨੀ ਸਮੇਤ ਪ੍ਰਮੁੱਖ ਸ਼ਖਸ਼ੀਅਤਾਂ ਨੇ ਭੰਗੜੇ ਪਾ ਕੇ ਮਨਾਇਆ ਗਣਤੰਤਰ ਦਿਵਸ
ਨੂਰਮਹਿਲ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦਾ 29ਵਾਂ ਕੌਮੀ ਸਮਾਗਮ ਜਸ਼ਨ-ਏ-ਗਣਤੰਤਰ 2025 ਨੂਰਮਹਿਲ ਦੇ ਇਲਾਕੇ ਵਿੱਚ ਨਹੀਂ ਬਲਕਿ ਦੇਸ਼ ਵਿਦੇਸ਼ ਵਿੱਚ ਇੱਕ ਵੱਖਰੀ ਛਾਪ ਛੱਡ ਗਿਆ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਹੈੱਡ ਆਫਿਸ ਤਹਿਸੀਲ ਕੰਪਲੈਕਸ ਨੂਰਮਹਿਲ ਵਿੱਚ ਮਨਾਏ ਗਏ ਰਾਸ਼ਟਰੀ ਸਮਾਗਮ ਵਿੱਚ ਮੈਂਬਰ ਪਾਰਲੀਮੈਂਟ ਸ. ਚਰਨਜੀਤ ਸਿੰਘ ਚੰਨੀ ਬਤੌਰ ਮੁੱਖ ਮਹਿਮਾਨ, ਡਿਸਟ੍ਰਿਕਟ 321-ਡੀ ਦੇ ਗਵਰਨਰ ਲਾਇਨ ਰਛਪਾਲ ਸਿੰਘ ਬੱਚਾਜੀਵੀ ਬਤੌਰ ਮਹਿਮਾਨ-ਏ-ਖਸੂਸੀ, ਹਲਕਾ ਇੰਚਾਰਜ ਨਕੋਦਰ ਅਤੇ ਸਮਾਜ ਸੇਵੀ ਡਾ. ਨਵਜੋਤ ਸਿੰਘ ਦਾਹੀਆ ਵਿਸ਼ੇਸ਼ ਮਹਿਮਾਨ, ਲਾਇਨ ਆਂਚਲ ਸੰਧੂ ਸੋਖਲ ਸਟਾਰ ਗੈਸਟ, ਸੂਬਾ ਪ੍ਰਧਾਨ ਜਰਨੈਲ ਸਿੰਘ ਝੜਮਰੀ ਅਤੇ ਜਨਰਲ ਸਕੱਤਰ ਪੰਜਾਬ ਧਰਮਿੰਦਰ ਖੱਟਰਾਂ ਗੈਸਟ ਆਫ ਆਨਰ ਵਜੋਂ ਸ਼ਾਮਿਲ ਹੋ ਸਮਾਗਮ ਦੀ ਸ਼ਾਨ ਬਣੇ। ਸਾਬਕਾ ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਨੇ ਆਪਣੇ ਕਰ ਕਮਲਾਂ ਨਾਲ ਅਤੇ ਠਾਠਾਂ ਮਾਰਦੇ ਇਕੱਠ ਵਿੱਚ ਨੰਬਰਦਾਰ ਯੂਨੀਅਨ ਦੇ ਵਿਹੜੇ ਦੇਸ਼ ਦਾ ਕੌਮੀ ਝੰਡਾ ਲਹਿਰਾਇਆ। ਮੁੱਖ ਮਹਿਮਾਨ ਸਮੇਤ ਸੈਂਕੜਿਆਂ ਦੀ ਤਾਦਾਦ ‘ਚ ਸ਼ਾਮਿਲ ਦੇਸ਼ ਭਗਤਾਂ ਨੇ ਖੁਦ ਜੋਸ਼ੀਲੀ ਆਵਾਜ਼ ਵਿੱਚ ਰਾਸ਼ਟਰੀ ਗਾਣ ਗਾਇਆ ਜਿਸ ਸਦਕਾ ਸਾਰਾ ਵਾਤਾਵਰਨ ਦੇਸ਼ ਭਗਤੀ ਵਿੱਚ ਲੀਨ ਹੋ ਗਿਆ। ਪੰਜਾਬ ਪੁਲਿਸ ਵੱਲੋਂ ਨਿਯਮਾਂ ਅਨੁਸਾਰ ਦੇਸ਼ ਦੇ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਗਈ। ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ। ਸਮਾਗਮ ਦੀ ਫੰਕਸ਼ਨ ਚੇਅਰਪਰਸਨ ਲਾਇਨ ਸੋਮਿਨਾਂ ਸੰਧੂ, ਕਲੱਬ ਦੇ ਅਫਸਰ ਲਾਇਨ ਬਬਿਤਾ ਸੰਧੂ, ਲਾਇਨ ਦਿਨਕਰ ਜਸਪ੍ਰੀਤ ਸੰਧੂ, ਲਾਇਨ ਸਤੀਸ਼ ਕੱਕੜ ਨੇ ਜਿੱਥੇ ਮੁੱਖ ਮਹਿਮਾਨ ਦਾ ਪ੍ਰਭਾਵਸ਼ਾਲੀ ਅਤੇ ਖਾਸ ਅੰਦਾਜ਼ ਵਿੱਚ ਸਵਾਗਤ ਕੀਤਾ ਉੱਥੇ ਆਏ ਹੋਏ ਸਮੂਹ ਦੇਸ਼ ਭਗਤਾਂ ਦੇ ਰਾਸ਼ਟਰੀ ਤਿਰੰਗੇ ਦੇ ਬੈਜ ਲਗਾਕੇ ਨਿੱਘਾ ਸਵਾਗਤ ਕੀਤਾ ਗਿਆ। ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਵੱਲੋਂ ਖੂਬਸੂਰਤ ਸਨਮਾਨ ਚਿੰਨ ਬਣਾਏ ਗਏ। ਸਮਾਜ ਵਿਚ ਚੰਗਾ ਕਾਰਜ ਕਰਨ ਵਾਲੀਆਂ ਸ਼ਖਸ਼ੀਅਤਾਂ ਸਰਵਸ਼੍ਰੀ ਅਸ਼ੋਕ ਵਿਆਸ, ਪਵਨ ਕੁਮਾਰ ਭੋਲਾ, ਕੁਲਬੀਰ ਸਿੰਘ ਜੰਡੂ, ਹਰਪਾਲ ਬਹਿਨ ਹੈਪੀ ਤੋਂ ਇਲਾਵਾ ਹੋਰਾਂ ਨੂੰ “ਭਗਤੀ ਪ੍ਰਸਾਰ ਅਵਾਰਡ” ਅਤੇ ਪ੍ਰਿੰਸੀਪਲ ਸੁਮਨ ਲਤਾ ਪਾਠਕ, ਮਹਿਲਾ ਨੰਬਰਦਾਰ ਦਲਜੀਤ ਕੌਰ ਜੰਡਿਆਲਾ, ਕਸ਼ਮੀਰ ਕੌਰ ਨੰਗਲ ਨੂੰ “ਸ਼ਸ਼ਕਤ ਮਹਿਲਾ ਅਵਾਰਡ” ਨਾਲ ਨਵਾਜਿਆ ਗਿਆ। ਅਮਰਜੀਤ ਸਿੰਘ ਨਿੱਜਰ ਫਗਵਾੜਾ, ਐਡਵੋਕੇਟ ਦਰਸ਼ਨ ਸਿੰਘ ਫਗਵਾੜਾ, ਇੰਦਰ ਰਾਜ ਸੰਧੂ ਯੂ.ਕੇ ਤੋਂ ਇਲਾਵਾ 110 ਉਹਨਾਂ ਨੰਬਰਦਾਰ ਸਾਹਿਬਾਨਾਂ ਨੂੰ “ਸਮਾਜ ਸੁਧਾਰ ਅਵਾਰਡ” ਨਾਲ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੰਬਰਦਾਰਾਂ ਨੇ ਡੀ.ਸੀ ਜਲੰਧਰ ਡਾ. ਹਿਮਾਂਸ਼ੂ ਅਗਰਵਾਲ ਦੇ ਪਰਾਲੀ ਨਾ ਸਾੜਨ ਦੀ ਮੁਹਿੰਮ ਵਿੱਚ ਵੱਡਮੁੱਲਾ ਯੋਗਦਾਨ ਪਾਉਂਦਿਆਂ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ। ਯੂਨੀਅਨ ਵੱਲੋਂ ਨਵੇਂ ਬਣੇ ਸਰਪੰਚ ਅਮਨ ਸਿੰਘ ਦਿਓਲ ਰਾਜੋਵਾਲ, ਜੁਗਰਾਜ ਸਿੰਘ ਲਾਡੀ ਅਜਤਾਨੀ, ਜਸਵੰਤ ਸਿੰਘ ਉੱਪਲ ਖਾਲਸਾ, ਮਨਜੀਤ ਕੌਰ ਲੱਧੜ ਕਲਾਂ ਤੋਂ ਇਲਾਵਾ ਜਿੱਥੇ ਹੋਰ ਪਤਵੰਤਿਆਂ ਨੂੰ “ਵਿਸ਼ੇਸ਼ ਸਨਮਾਨ” ਨਾਲ ਸਨਮਾਨਿਤ ਕੀਤਾ ਗਿਆ ਉੱਥੇ ਨੂਰਮਹਿਲ-ਨਕੋਦਰ-ਫਿਲੌਰ ਦੇ ਪੱਤਰਕਾਰ ਸਾਹਿਬਾਨਾਂ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ। ਪੰਡਾਲ ਨੂੰ ਤਿਰੰਗਮਈ ਅੰਦਾਜ਼ ਨਾਲ ਸਜਾਉਣ ਦਾ ਕਾਰਜ ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਵੱਲੋਂ ਕੀਤਾ ਗਿਆ। ਅਸ਼ੋਕ ਬਬਿਤਾ ਸੰਧੂ ਪੈਟਰੋਲੀਅਮ ਵੱਲੋਂ ਲੰਗਰ ਦੀ ਸੇਵਾ ਨਿਭਾਈ ਗਈ। ਮੇਜ ਡਾਂਸ ਅਕੈਡਮੀ ਦੇ ਜਤਿਨ ਕੁਮਾਰ ਵੱਲੋਂ ਬੱਚਿਆਂ ਦਾ ਮਨਮੋਹਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਸਮਾਗਮ ਵਿੱਚ ਉਸ ਵੇਲੇ ਹੋਰ ਧੁੰਮਾਂ ਪੈ ਗਈਆਂ ਜਦੋਂ ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ ਦੀ ਗੁਜਾਰਿਸ਼ ‘ਤੇ ਸਾਬਕਾ ਮੁੱਖ ਮੰਤਰੀ ਚੰਨੀ ਨੇ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਹਾਜ਼ਰੀਨ ਪ੍ਰਮੁੱਖ ਸ਼ਖਸ਼ੀਅਤਾਂ ਨੇ ਵੀ ਭੰਗੜਾ ਪਾਕੇ ਹਾਜ਼ਰੀਨ ਦੇਸ਼ ਭਗਤਾਂ ਦਾ ਮਨ ਮੋਹ ਲਿਆ। ਦੱਸ ਦੇਈਏ ਕਿ ਖ਼ਬਰ ਲਿਖੇ ਜਾਣ ਤੱਕ ਨੰਬਰਦਾਰ ਯੂਨੀਅਨ, ਲਾਇਨਜ਼ ਕਲੱਬ ਦਾ ਸਮਾਗਮ ਸ਼ੋਸ਼ਲ ਮੀਡੀਆ ਤੇ ਕਰੀਬ 2,00,000 ਲੋਕ ਆਪਣੀ ਨਜ਼ਰ ਕਰ ਚੁੱਕੇ ਹਨ। ਜੋ ਕਿ ਇੱਕ ਵੱਖਰੀ ਮਿਸਾਲ ਹੈ। ਦੇਸ਼ ਦੇ ਨਾਮ ਸੰਦੇਸ਼ ਦਿੰਦਿਆਂ ਐੱਮ.ਪੀ ਚੰਨੀ ਸਮੇਤ ਪ੍ਰਮੁੱਖ ਸ਼ਖਸ਼ੀਅਤਾਂ ਨੇ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਲੋਕਾਈ ਨੂੰ ਤਿਰੰਗੇ ਝੰਡੇ ਦੇ ਗੌਰਵ ਨੂੰ ਸੰਭਾਲ ਕੇ ਰੱਖਣ ਦੀ ਅਪੀਲ ਕੀਤੀ। ਐੱਮ.ਪੀ ਚੰਨੀ ਨੇ ਕਿਹਾ ਕਿ ਉਹ ਡਾ. ਭੀਮ ਰਾਓ ਅੰਬੇਡਕਰ ਦੁਆਰਾ ਲਿਖਤ ਸੰਵਿਧਾਨ ਦੇ ਪਹਿਰੇਦਾਰ ਹਨ, ਸੰਵਿਧਾਨ ਖਿਲਾਫ ਰਚਣ ਵਾਲੀ ਹਰ ਸ਼ਾਜਿਸ਼ ਨੂੰ ਉਹ ਸਿਰੇ ਨਹੀਂ ਚੜਨ ਦੇਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


