(ਸਮਾਜ ਵੀਕਲੀ) ਕੋਈ ਵਕਤ ਸੀ ਜਦੋਂ ਵਿਆਹ-ਸ਼ਾਦੀ ਦਾ ਕਾਰਜ ਸ਼ਰੀਕਾ-ਕਬੀਲਾ,ਭਾਈਚਾਰਾ ਅਤੇ ਸਾਕ-ਸਬੰਧੀ ਰਲ-ਮਿਲ ਕੇ ਨੇਪਰੇ ਚਾੜਦੇ ਸਨ। ਖਾਸ ਕਰਕੇ ਧੀਆਂ ਦੇ ਕਾਰਜ ਸਭ ਦੀ ਸਾਂਝੀ ਜਿੰਮੇਵਾਰੀ ਪੇਂਡੂ ਸੱਭਿਆਚਾਰ ਦੀ ਵਿਲੱਖਣ ਖੂਬੀ ਰਹੀ ਹੈ।ਧੀ ਨੂੰ ਦਾਜ ਦੇਣ ਲਈ ਮਾਪਿਆਂ ਤੋਂ ਸਿਵਾਏ ਨਾਨਕੇ, ਮਾਸੀਆਂ,ਭੂਆ ਆਦਿ ਸਭ ਤਿਲ-ਫੁੱਲ ਲੈ ਕੇ ਆਉਂਦੇ ਜਿੰਨ੍ਹਾਂ ਵਿੱਚ ਗਹਿਣੇ,ਸੂਟ, ਬਿਸਤਰੇ,ਬਰਤਨ,ਪਲੰਗ,ਨਵਾਰੀ, ਪੱਖੀਆਂ ,ਝੋਲੇ ,ਬੋਟੀਆਂ,ਸਜਣ-ਸਵਰਨ ਦਾ ਸਮਾਨ ਤੇ ਹੋਰ ਨਿੱਕ-ਸੁੱਕ ਸਾਮਲ ਹੁੰਦਾ ਸੀ।ਦਾਜ ‘ਚ ਚਰਖਾ ਤਾਂ ਨਾਨਕੇ ਹੀ ਦਿੰਦੇ ਸਨ।ਚੰਗੇ ਮਿਸਤਰੀ ਨੂੰ ਕਈ-ਕਈ ਮਹੀਨੇ ਪਹਿਲਾਂ ਹੀ ਸਾਈ ਦਿੱਤੀ ਜਾਂਦੀ।ਰਹੂੜੇ ਦੀ ਲੱਕੜ ਤੇ ਪਿੱਤਲ ਦੀਆਂ ਮੋਰਨੀਆਂ ਵਾਲੇ ਚਰਖੇ ਸਭ ਦੀ ਪਸੰਦ ਹੁੰਦੇ।ਕੜਾਹੀ ਦੇ ਕੰਮਾਂ ਤੋਂ ਲੈ ਕੇ ਮੇਲ ਦੀ ਆਉ-ਭਗਤ ਕਰਨਾ ਪਿੰਡ ਦੇ ਪ੍ਰੀਹਿਆਂ ਦੇ ਸਿਰ ਹੁੰਦੀ।ਬਰਾਤ ਦਾ ਸਵਾਗਤ ਤੇ ਸੇਵਾ ਪਹਿਲ ਦੇ ਅਧਾਰ ਤੇ ਹੁੰਦੀ।ਬਰਾਤ ਦਾ ਉਤਾਰਾ ਧਰਮਸ਼ਾਲਾ ‘ਚ ਕੀਤਾ ਜਾਂਦਾ।ਮੰਜੇ,ਬਿਸਤਰੇ ਵਿਛਾਉਣੇ ਤੇ ਗਰਮ ਪਾਣੀ ਦਾ ਕੜਾਹਾ ਤਿਆਰ ਰੱਖਣਾ ਪਿੰਡ ਦੇ ਲਾਗੀਆਂ ਦੀ ਜਿੰਮੇਵਾਰੀ ਹੁੰਦੀ ।ਬਰਾਤੀਆਂ ਦੇ ਘੋੜੇ,ਘੋੜੀਆਂ,ਬੋਤੇ,ਬਲਦਾਂ ਨੂੰ ਵੱਖਰੇ ਨਾਉਰਿਆਂ ‘ਚ ਰੱਖਣ ਦਾ ਪ੍ਰਬੰਧ ਕੀਤਾ ਜਾਂਦਾ।
ਧੀ ਦੇ ਅਨੰਦ ਕਾਰਜ ਅਤੇ ਮੁੰਡੇ ਦੀ ਬਰਾਤ ਚੜਨ ਤੋਂ ਇੱਕ ਦਿਨ ਪਹਿਲਾਂ ਦਾਜ ਦੀ ਦੇਖ ਦਿਖਾਈ ਦੀ ਰਸਮ ਕੀਤੀ ਜਾਂਦੀ।ਲਾਗਣ ਘਰ-ਘਰ ਜਾ ਕੇ ਦਾਜ ਦੇਖਣ ਦਾ ਸੁਨੇਹਾ ਦਿੰਦੀ।ਇਸੇ ਦਿਨ ,ਦਿਨ ਢਲੇ ਪਿੰਡ ਦਾ ਲਾਗੀ ਰਿਸ਼ਤੇਦਾਰਾਂ,ਭਾਈਚਾਰੇ ਅਤੇ ਸ਼ਰੀਕੇ-ਕਬੀਲੇ ਨੂੰ ਨਿਉਂਦਾ ਪੈਣ ਦੀ ਰਸਮ ਦਾ ਸੁਨੇਹਾ ਦਿੰਦਾ।ਵਿਹੜੇ ‘ਚ ਨਿਉਂਦਾ ਪਾਉਣ ਵਾਲਿਆਂ ਦੇ ਬੈਠਣ ਲਈ ਮੰਜੇ ਡਾਹੇ ਜਾਂਦੇ।ਨਿਉਂਦਾ ਲਿਖਣ ਲਈ ਪਿੰਡ ਦੇ ਸੇਠ ਨੂੰ ਸੱਦਿਆ ਜਾਂਦਾ।ਪਰ ਕਈ ਵਾਰ ਇਹ ਕੰਮ ਘਰ ਦਾ ਕੋਈ ਲਿਖਣ-ਪੜ੍ਹਨ ਵਾਲਾ ਵਿਆਕਤੀ ਵੀ ਕਰ ਦਿੰਦਾ।
ਜਦੋਂ ਸਾਰੇ ਹਾਜ਼ਰ ਹੋ ਜਾਂਦੇ ,ਘਰ ਦਾ ਬਜ਼ੁਰਗ ਥਾਲ ਵਿੱਚ ਵਹੀ,ਪੰਜ ਲੱਡੂ,ਮੌਲੀ,ਹਲਦੀ,ਚੌਲ ਤੇ ਸਵਾ ਰੁਪਈਆ ਰੱਖ ਕੇ ਲਿਖਣ ਵਾਲੇ ਦੇ ਹਵਾਲੇ ਕਰਦਾ।ਵਹੀ ਤੇ ਨਿਉਂਦਾ ਲਿਖਣ ਤੋਂ ਪਹਿਲਾਂ ਵਹੀ ਤੇ ਸਵਾਸਤਿਕ ਦਾ ਚਿੰਨ੍ਹ ਜਾਂ ੧ਓ ਲਿਖਣ ਕੇ ਪਹਿਲੀ ਕਲਮ ਸ਼ਗਨ ਵਜੋਂ ਘਰ ਵਾਲਿਆਂ ਦੀ ਲਿਖੀ ਜਾਂਦੀ ਜੋ ਆਮ ਕਰਕੇ ਸਵਾਈ ਦੇ ਰੂਪ ‘ਚ ਹੁੰਦੀ।ਉਸ ਤੋਂ ਬਾਅਦ ਵਾਰੀ-ਵਾਰੀ ਸਾਰੇ ਤਰਤੀਬ ਅਨੁਸਾਰ ਜਿਸ ‘ਚ ਸਭ ਤੋਂ ਪਹਿਲਾਂ ਨਾਨਕੇ,ਦਾਦਕੇ,ਹੋਰ ਰਿਸ਼ਤੇਦਾਰ,ਸ਼ਰੀਕਾ-ਕਬੀਲਾ ਤੇ ਪਿੰਡ ਦੇ ਲੋਕ ਆਪਣਾ ਨਿਉਂਦਾ ਲਿਖਣ ਵਾਲੇ ਨੂੰ ਦਿੰਦੇ ।ਲਿਖਣ ਵਾਲਾ ਰਕਮ ਗਿਣ ਕੇ ਥਾਲ ‘ਚ ਰੱਖਦਾ ਤੇ ਨਿਉਂਦਾ ਦੇਣ ਵਾਲੇ ਦਾ ਨਾਂ,ਪਿਤਾ ਦਾ ਨਾਂ,ਪਿੰਡ ਅਤੇ ਰਿਸ਼ਤੇਦਾਰੀ ਲਿਖ ਕੇ ਰਕਮ ਦਾ ਇੰਦਰਾਜ ਕਰਦਾ।ਰਕਮ ਲਿਖਣ ਸਮੇਂ ਮੋੜੀ ਜਾਣ ਵਾਲੀ ਰਕਮ ਤੇ ਵਾਧੇ ਦਾ ਉਲੇਖ ਜਰੂਰ ਕੀਤਾ ਜਾਂਦਾ ਸੀ।ਕਈ ਪੂਰੀ-ਪੂਰੀ ਰਕਮ ਹੀ ਮੋੜਦੇ।ਉਸ ਤੋਂ ਇਹ ਅਰਥ ਲਿਆ ਜਾਂਦਾ ਕਿ ਇਹ ਅੱਗੇ ਤੋਂ ਵਰਤੋ-ਵਿਹਾਰ ਰੱਖਣ ਦਾ ਇੱਛੁਕ ਨਹੀਂ।ਵਹੀ ਤੇ ਨਕਦ ਨਿਉਂਦੇ ਦੇ ਨਾਲ ਦਿੱਤਾ ਗਿਆ ਗਹਿਣਾ-ਗੱਟਾ ਵੀ ਲਿਖਿਆ ਜਾਂਦਾ ਸੀ।ਅਖੀਰ ਤੇ ਲਿਖਣ ਵਾਲਾ ਰਕਮ ਦਾ ਜੋੜ ਲਿਖਦਾ ਤੇ ਰਕਮ ਗਿਣ ਕੇ ਘਰ ਵਾਲਿਆਂ ਦੇ ਹਵਾਲੇ ਕਰਦਾ।ਥਾਲ ‘ਚ ਰੱਖਿਆ ਸਵਾ ਰੁਪਈਆ ਤੇ ਲੱਡੂ ਲਿਖਣ ਵਾਲੇ ਨੂੰ ਦਿੱਤੇ ਜਾਂਦੇ।
ਉਸ ਵਕਤ ਨਿਉਂਦਾ ਪਾਉਣਾ ਜਾਂ ਦੇਣਾ ਧੀ/ਪੁੱਤਰ ਦੇ ਬਾਪ ਦੀ ਆਰਥਿਕ ਮਦਦ ਕਰਨਾ ਸੀ। ਇਸ ਕਾਰਜ ਵਿੱਚ ਹਰ ਕੋਈ ਆਪਣਾ-ਆਪਣਾ ਯੋਗਦਾਨ ਪਾਉਂਦਾ ਜਿਸ ਨਾਲ ਵਿਆਹ ਜਿਹਾ ਖਰਚੀਲਾ ਕਾਰਜ ਸਾਰੇ ਰਲ-ਮਿਲ ਕੇ ਸਿਰੇ ਚਾੜਦੇ ਸਨ।ਇਹ ਸਿਲਸਿਲਾ ਅੱਗੇ ਦੀ ਅੱਗੇ ਚਲਦਾ ਰਹਿੰਦਾ ਸੀ।ਬੂੰਦ-ਬੂੰਦ ਨਾਲ ਤਲਾਅ ਭਰਨ ਵਾਲੀ ਕਹਾਵਤ ਅਨੁਸਾਰ ਹਰ ਕੋਈ ਵਿੱਤ ਜਾਂ ਬੀੜੀ ਅਨੁਸਾਰ ਤਿੱਲ-ਫੁੱਲ ਇਸ ਪੁੰਨ ਦੇ ਕੰਮ ਲਈ ਦਿੰਦਾ ਸੀ।
ਸਮੇਂ ਦੀ ਮਾਰ ਅਤੇ ਸਮੇਂ ਦੀ ਘਾਟ ਦੋਵਾਂ ਕਰਕੇ ਅੱਜ-ਕੱਲ੍ਹ ਇਸ ਦਾ ਬਦਲਿਆ ਹੋਇਆ ਸਰੂਪ, ਸ਼ਗਨ ਵਾਲੇ ਲਫ਼ਾਫ਼ਿਆਂ ਦੇ ਰੂਪ ਵਿੱਚ ਦੇਖਣ ਨੂੰ ਮਿਲਦਾ ਹੈ।ਵਿਆਹ-ਸ਼ਾਦੀ ਦੇ ਪਵਿੱਤਰ ਕਾਰਜ ਲਈ ਕਿਸੇ ਕੋਲ ਤਿੰਨ-ਚਾਰ ਦਿਨ ਦਾ ਵਕਤ ਕਿੱਥੇ ? ਰਿਸ਼ਤੇਦਾਰ, ਸਕੇ-ਸਬੰਧੀ,ਸ਼ਰੀਕਾ-ਕਬੀਲੇ ਤੇ ਹੋਰ ਮਿਲਣ-ਵਰਤਨ ਵਾਲੇ ਲੋਕ ਸਮੇਂ ਹੀ ਤੇ ਆਉਂਦੇ ਹਨ ਤੇ ਸ਼ਗਨ ਦੇ ਰੂਪ ‘ਚ ਲਿਫ਼ਾਫ਼ੇ ‘ਚ ਬੰਦ ਪਿਆਰ ਵੀ ਬਹੁਤ ਕਾਹਲੀ ਨਾਲ ਨਿਬੇੜ ਕੇ ਖਿਸਕਣ ਦੀ ਤਾਕ ‘ਚ ਰਹਿੰਦੇ ਹਨ। ਇਸ ਲਿਫ਼ਾਫ਼ਾ ਸੱਭਿਆਚਾਰ ‘ਚ ਪਹਿਲਾਂ ਵਾਲਾ ਪਿਆਰ,ਮੁਹੱਬਤ, ਸਨੇਹ,ਲਗਾਉ ਤੇ ਦਿਲੀ ਖੁਸ਼ੀ ਖੰਭ ਲਾ ਕੇ ਕਦੋਂ ਦੀ ਕਿਧਰੇ ਉੱਡ ਗਈ ਹੈ।ਅੱਜ-ਕੱਲ੍ਹ ਦਿੱਤੇ ਜਾਣ ਵਾਲੇ ਲਿਫ਼ਾਫ਼ੇ ਸਿਰਫ ਹਾਜ਼ਰੀ ਦਾ ਪ੍ਰਤੀਕ ਹਨ ਜਦੋਂ ਕਿ ਨਿਉਂਦਾ ਭਾਈਚਾਰਕ ਸਾਂਝ,ਆਰਥਿਕ ਮਦਦ ਅਤੇ ਆਪਸੀ ਪੀਡੀ ਗੰਢ ਦਾ ਪ੍ਰਤੀਕ ਹੁੰਦਾ ਸੀ।
ਫਲੇਲ ਸਿੰਘ ਸਿੱਧੂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj