(ਸਮਾਜ ਵੀਕਲੀ)
ਜਸਪਾਲ ਜੱਸੀ
ਅਸੀਂ ਭੁੱਲ ਜਾਈਏ ਤੈਨੂੰ, ਮੇਰੇ ਪਾਤਸ਼ਾਹ!
ਗੁਨਾਹ ਵੀ ਸਵੀਕਾਰ ਨਾ ਕਰੀਏ,
ਹੋਰ ਸਾਡੇ ਤੋਂ ਵੱਡਾ ਅਕ੍ਰਿਤਘਣ, ਕੌਣ ਹੋ ਸਕਦਾ ਹੈ !
ਅਸੀਂ ਗੁਆਚ ਜਾਈਏ,
ਪੱਛਮ ਦੀ ਬੁਰਜੂਆਜ਼ੀ ਸੋਚ ਦੇ ਨਾਲ,
ਤੇ ਚਕਾਚੌਂਧ ਜੀਵਨ ਵਿਚ।
ਸਾਡੇ ਨਾਲੋਂ ਵੱਡਾ,ਆਪਣੇ ਧਰਮ,ਸੱਭਿਆਚਾਰ ਨਾਲ ਧੱਕਾ ਕਰਨ ਵਾਲਾ,ਗੁਨਾਹਗਾਰ ਕੌਣ ਹੋ ਸਕਦਾ ਹੈ ?
ਉਦਾਸੀ ਦੇ ਪਲਾਂ ਦੀ ਮਹਿਕ ਨਹੀਂ ਹੁੰਦੀ, ਬੱਸ ਸਫ਼ਰ ਹੀ ਹੁੰਦਾ ਹੈ,ਧਰਤੀ ਦਾ ਅਧੂਰਾ ਜਿਹਾ,
ਜਿਸ ਨੂੰ ਅਸੀਂ ਪੂਰਾ ਕਰਨ ਦੀ,ਕੋਸ਼ਿਸ਼ ਕਰਦੇ ਹਾਂ ਪਰ ਇਸ ਤਰ੍ਹਾਂ ਸਾਨੂੰ ਲੱਗਦੈ ਪੂਰਾ ਹੋ ਗਿਆ ਪਰ ਇਹ ਅਧੂਰਾ ਹੀ ਤਾਂ ਹੁੰਦਾ ਹੈ।
ਸਫ਼ਰੀ ਬਹੁਤ ਆਏ ਨੇ ਦੁਨੀਆਂ ‘ਤੇ ਸਾਡੇ ਵਰਗੇ,ਦਿਨ ਕਟੀ ਕਰ ਕੇ,ਪੰਧ ਮੁਕਾਉਣ ਦੇ ਉਪਰਾਲੇ ਕਰਦੇ,ਜਿੰਨ੍ਹਾਂ ਨੇ ਸਫ਼ਰ ‘ਤੇ ਕਦੇ ਸਾਂਹ ਵੀ ਨਹੀਂ ਲਿਆ,ਟਿਕ ਕੇ ਦੋ ਘੜੀਆਂ।
ਹਵਾ ‘ਚ ਉੱਡਦੇ ਰਹੇ ਜਹਾਜ਼ ਦੇ ਖੰਭ ਤੇ ਚੀਘਾਂ ਪਾਉਂਦੇ ਰਹੇ,ਸੜਕ ਦੀ ਹਿੱਕ ‘ਤੇ,ਕਾਰਾਂ ਦੇ ਪਹੀਏ ਪਰ ਫ਼ੇਰ ਵੀ ਸਫ਼ਰ,ਸੰਪੂਰਨ ਨਹੀਂ ਹੋਇਆ।
ਕੌਣ ਕਰਦਾ ਹੈ ਯਾਦ,ਉਹਨਾਂ ਥਾਵਾਂ ਨੂੰ “ਸਕਿੰਦਰ” ਨੇ ਕਿੱਥੇ ਕਿੱਥੇ ਝੰਡੇ ਗੱਡੇ,
ਬੱਸ ਇੱਕ ਹੱਡ ਮਾਸ ਦੇ ਪੁਤਲੇ ਨੂੰ ਯਾਦ ਕਰਦੇ ਹਾਂ, ਜੋ ਖ਼ਾਲੀ ਹੱਥ ਜਾਣ ਵਾਲਾ ਮੁਸਾਫ਼ਿਰ,
ਤਸਦੀਕ ਕੀਤਾ ਜਾਂਦਾ ਹੈ।
ਸਫ਼ਰ ‘ਤੇ ਜੇ ਪੈਰਾਂ ਦੇ ਨਿਸ਼ਾਨ ਲੱਭਣੇ ਹਨ ਤਾਂ ਇੱਕ ਵਾਰ ਆਪਣੇ ਗੁਰੂਆਂ ਦੇ ਕੀਤੇ,
ਪੈੜਾਂ ਦੇ ਨਿਸ਼ਾਨ ‘ਤੇ,
ਚੱਕਰ ਮਾਰ ਆਇਓ !
ਇੱਕ ਵਾਰ ਮਿੱਟੀ ਚੁੱਕ ਕੇ,
ਮੱਥੇ ਨਾਲ ਲਾ ਆਈਓ !
ਤੇ ਲੈ ਆਈਓ!
ਇੱਕ ਚੁਟਕੀ ਮਿੱਟੀ ਦੀ,
ਜਿਸ ਨੂੰ ਸਰਹੰਦ ਕਹਿੰਦੇ ਨੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly