ਮੁੰਬਈ (ਸਮਾਜ ਵੀਕਲੀ): ਮੁੰਬਈ ਦੇ ਨਾਲ ਲੱਗਦੇ ਉਪ-ਨਗਰ ਗੋਰੇਗਾਓਂ ਵਿਚ ਦਰਜ ਜਬਰੀ ਵਸੂਲੀ ਦੇ ਇਕ ਕੇਸ ਦੇ ਸਬੰਧ ਵਿਚ ਸ਼ਹਿਰ ਦੇ ਸਾਬਕਾ ਪੁਲੀਸ ਕਮਿਸ਼ਨਰ ਪਰਮਬੀਰ ਸਿੰਘ ਅਤੇ ਤਿੰਨ ਹੋਰਨਾਂ ਖ਼ਿਲਾਫ਼ ਮੁੰਬਈ ਪੁਲੀਸ ਦੀ ਅਪਰਾਧ ਸ਼ਾਖਾ ਵੱਲੋਂ ਅੱਜ ਇਕ ਦੋਸ਼ ਪੱਤਰ ਦਾਖ਼ਲ ਕੀਤਾ ਗਿਆ ਹੈ। ਪਰਮਬੀਰ ਸਿੰਘ ਖ਼ਿਲਾਫ਼ ਇਹ ਪਹਿਲਾ ਦੋਸ਼ ਪੱਤਰ ਹੈ ਜਦਕਿ ਉਨ੍ਹਾਂ ਖ਼ਿਲਾਫ਼ ਜਬਰੀ ਵਸੂਲੀ ਦੇ ਵੱਖ-ਵੱਖ ਕੇਸ ਦਰਜ ਹਨ।
ਜਬਰੀ ਵਸੂਲੀ ਦੇ ਦੋਸ਼ਾਂ ਦੇ ਸਬੰਧ ਵਿਚ ਮਹਾਰਾਸ਼ਟਰ ਸਰਕਾਰ ਨੇ ਦੋ ਦਿਨ ਪਹਿਲਾਂ ਪਰਮਬੀਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਸੀ। ਪਰਮਬੀਰ ਸਿੰਘ ਤੋਂ ਇਲਾਵਾ ਬਰਖ਼ਾਸਤ ਕੀਤੇ ਗਏ ਪੁਲੀਸ ਅਧਿਕਾਰੀ ਸਚਿਨ ਵਜ਼ੇ, ਸੁਮਿਤ ਸਿੰਘ ਅਤੇ ਅਲਪੇਸ਼ ਪਟੇਲ ਦੇ ਨਾਂ ਵੀ ਇਸ ਦੋਸ਼ ਪੱਤਰ ਵਿਚ ਦਰਜ ਹਨ। ਇਹ ਦੋਸ਼ ਪੱਤਰ ਚੀਫ਼ ਮੈਟਰੋਪੌਲੀਟਨ ਮੈਜਿਸਟਰੇਟ ਐੱਸ.ਬੀ. ਭਜੀਪਲੇ ਦੀ ਅਦਾਲਤ ਵਿਚ ਦਾਖ਼ਲ ਕੀਤਾ ਗਿਆ। ਬਿਮਲ ਅਗਰਵਾਲ ਨਾਂ ਦੇ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਭਾਈਵਾਲੀ ਵਿਚ ਦੋ ਬਾਰ ਅਤੇ ਰੈਸਟੋਰੈਂਟ ਚਲਾਉਂਦਾ ਹੈ, ਜਿਨ੍ਹਾਂ ’ਤੇ ਛਾਪੇ ਨਾ ਮਾਰਨ ਲਈ ਉਸ ਕੋਲੋਂ ਨੌਂ ਲੱਖ ਰੁਪਏ ਜਬਰੀ ਵਸੂਲੇ ਗਏ। ਇਸ ਤੋਂ ਇਲਾਵਾ ਉਸ ’ਤੇ 2.92 ਲੱਖ ਰੁਪਏ ਕੀਮਤ ਦੇ ਦੋ ਮੋਬਾਈਲ ਫੋਨ ਖਰੀਦ ਕੇ ਦੇਣ ਦਾ ਦਬਾਅ ਵੀ ਬਣਾਇਆ ਗਿਆ। ਪੁਲੀਸ ਨੇ ਪਹਿਲਾਂ ਕਿਹਾ ਸੀ ਕਿ ਇਹ ਅਪਰਾਧ ਜਨਵਰੀ 2020 ਅਤੇ ਮਾਰਚ 2021 ਵਿਚਾਲੇ ਹੋਇਆ ਸੀ।
ਇਸ ਮਾਮਲੇ ਵਿਚ ਛੇ ਮੁਲਜ਼ਮਾਂ ਖ਼ਿਲਾਫ਼ ਐੱਫਆਈਆਰ ਆਈਪੀਸੀ ਦੀਆਂ ਧਾਰਾਵਾਂ 384 ਤੇ 385 (ਦੋਵੇਂ ਜਬਰੀ ਵਸੂਲੀ ਨਾਲ ਸਬੰਧਤ) ਅਤੇ 34 (ਆਮ ਇਰਾਦਾ) ਤਹਿਤ ਦਰਜ ਹੋਈ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly