ਐੱਲਐੱਚਵੀਜ਼ ਅਤੇ ਏਐੱਨਐੱਮਜ਼ ਦੀ ਇੱਕ ਦਿਨਾ ਬਲਾਕ ਪੱਧਰੀ ਟ੍ਰੇਨਿੰਗ ਆਯੋਜਿਤ
ਬਲਾਚੌਰ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਸਿਵਲ ਸਰਜਨ ਦਫ਼ਤਰ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੈਫ. ਜਨਰਲ ਬਿਕਰਮ ਸਿੰਘ ਸਬ ਡਵੀਜ਼ਨਲ ਹਸਪਤਾਲ ਬਲਾਚੌਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਸਤਿੰਦਰਜੀਤ ਕੌਰ ਦੀ ਰਹਿਨੁਮਾਈ ਹੇਠ ਲੈਫ. ਜਨਰਲ ਬਿਕਰਮ ਸਿੰਘ ਸਬ ਡਵੀਜ਼ਨਲ ਹਸਪਤਾਲ ਬਲਾਚੌਰ ਵਿਖੇ ਹਿਊਮਨ ਪੈਪੀਲੋਮਾ ਵਾਇਰਸ (ਐੱਚ.ਪੀ.ਵੀ.) ਵੈਕਸੀਨੇਸ਼ਨ ਸਬੰਧੀ ਐੱਲਐੱਚਵੀਜ਼ ਅਤੇ ਏਐੱਨਐੱਮਜ਼ ਦੀ ਬਲਾਕ ਪੱਧਰ ‘ਤੇ ਇੱਕ ਦਿਨਾ ਵਿਸ਼ੇਸ਼ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਬੱਚਿਆਂ ਨੂੰ ਸਰਵਾਈਕਲ ਕੈਂਸਰ, ਜਿਸਨੂੰ ‘ਬੱਚੇਦਾਨੀ ਦੇ ਮੂੰਹ’ ਦਾ ਕੈਂਸਰ ਵੀ ਕਿਹਾ ਜਾਂਦਾ ਹੈ, ਤੋਂ ਬਚਾਉਣਾ ਹੈ।
ਇਸ ਮੌਕੇ ਐੱਸਐੱਮਓ ਡਾ. ਸਤਿੰਦਰਜੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ‘ਬੱਚੇਦਾਨੀ ਦੇ ਮੂੰਹ’ ਦੇ ਕੈਂਸਰ ਦੀ ਰੋਕਥਾਮ ਲਈ ਐੱਚ.ਪੀ.ਵੀ. ਟੀਕਾਕਰਣ ਬਹੁਤ ਅਹਿਮ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਟੀਕਾਕਰਣ ਦੌਰਾਨ ਮਾਪਿਆਂ ਨੂੰ ਵੈਕਸੀਨ ਦੀ ਮਹੱਤਤਾ, ਸੁਰੱਖਿਆ ਅਤੇ ਇਸਦੇ ਲਾਭਾਂ ਬਾਰੇ ਸਪੱਸ਼ਟ ਅਤੇ ਵਿਗਿਆਨਕ ਜਾਣਕਾਰੀ ਦੇਣੀ ਯਕੀਨੀ ਬਣਾਈ ਜਾਵੇ, ਤਾਂ ਜੋ ਟੀਕਾਕਰਣ ਮੁਹਿੰਮ ਨੂੰ ਸਫਲ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਅਨੁਸਾਰ ਸਰਵਾਈਕਲ ਕੈਂਸਰ ਔਰਤਾਂ ਵਿੱਚ ਹੋਣ ਵਾਲਾ ਚੌਥਾ ਸਭ ਤੋਂ ਆਮ ਕੈਂਸਰ ਹੈ, ਜਦਕਿ ਭਾਰਤ ਵਿੱਚ ਇਹ ਦੂਜਾ ਸਭ ਤੋਂ ਆਮ ਕੈਂਸਰ ਹੈ। ਭਾਵੇਂ ਕਿ ਇਹ ਕੈਂਸਰ ਟੀਕਾਕਰਣ ਰਾਹੀਂ ਰੋਕਿਆ ਜਾ ਸਕਦਾ ਹੈ, ਪਰ ਫਿਰ ਵੀ ਇਹ ਭਾਰਤ ਵਿੱਚ ਔਰਤਾਂ ਦੀ ਮੌਤ ਦਾ ਇੱਕ ਵੱਡਾ ਕਾਰਨ ਬਣਿਆ ਹੋਇਆ ਹੈ। ਅੰਕੜਿਆਂ ਮੁਤਾਬਕ ਹਰ ਅੱਠ ਮਿੰਟਾਂ ਵਿੱਚ ਇੱਕ ਔਰਤ ਦੀ ਮੌਤ ਸਰਵਾਈਕਲ ਕੈਂਸਰ ਕਾਰਨ ਹੋ ਜਾਂਦੀ ਹੈ।
ਇਸ ਮੌਕੇ ਬੱਚਿਆਂ ਦੇ ਮਾਹਿਰ ਡਾ. ਸਕੰਧਾ ਰਾਣਾ ਨੇ ਕਿਹਾ ਕਿ ਐੱਚ.ਪੀ.ਵੀ. ਇੱਕ ਆਮ ਜਿਨਸੀ ਤੌਰ ’ਤੇ ਸੰਚਾਰਿਤ ਲਾਗ ਹੈ ਜੋ ਚਮੜੀ ਦੇ ਸੰਪਰਕ ਰਾਹੀਂ ਫੈਲਦੀ ਹੈ। ਕੁਝ ਐੱਚ.ਪੀ.ਵੀ. ਲਾਗਾਂ ਸਮੇਂ ਦੇ ਨਾਲ ਆਪਣੇ ਆਪ ਠੀਕ ਨਹੀਂ ਹੁੰਦੀਆਂ ਅਤੇ ਅੱਗੇ ਚੱਲ ਕੇ ਕੈਂਸਰ ਦਾ ਰੂਪ ਧਾਰ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਨਿਯਮਤ ਸਕ੍ਰੀਨਿੰਗ ਜਿਵੇਂ ਪੈਪ ਟੈਸਟ ਅਤੇ ਐੱਚ.ਪੀ.ਵੀ. ਟੈਸਟ ਰਾਹੀਂ ਬਿਮਾਰੀ ਦੀ ਸ਼ੁਰੂਆਤੀ ਪਛਾਣ ਸੰਭਵ ਹੈ। ਟੀਕਾਕਰਣ, ਸਕ੍ਰੀਨਿੰਗ ਅਤੇ ਸਿਹਤਮੰਦ ਜੀਵਨ-ਸ਼ੈਲੀ ਅਪਣਾ ਕੇ ਸਰਵਾਈਕਲ ਕੈਂਸਰ ਤੋਂ ਪ੍ਰਭਾਵਸ਼ਾਲੀ ਬਚਾਅ ਕੀਤਾ ਜਾ ਸਕਦਾ ਹੈ।
ਡਾ. ਸਕੰਧਾ ਰਾਣਾ ਨੇ ਦੱਸਿਆ ਕਿ ਐੱਚ.ਪੀ.ਵੀ. ਵੈਕਸੀਨ 9 ਤੋਂ 14 ਸਾਲ ਉਮਰ ਵਰਗ ਦੀਆਂ ਲੜਕੀਆਂ ਲਈ ਖ਼ਾਸ ਤੌਰ ’ਤੇ ਲਾਭਕਾਰੀ ਹੈ ਅਤੇ ਸਮੇਂ ਸਿਰ ਟੀਕਾਕਰਣ ਨਾਲ ਭਵਿੱਖ ਵਿੱਚ ਕੈਂਸਰ ਦੇ ਖਤਰੇ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਇਹ ਪਹਿਲ ਲੋਕ-ਹਿੱਤ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਇਸ ਮੌਕੇ ਡਾ. ਸੰਜਨਾ ਨੇ ਕਿਹਾ ਕਿ ਸਿਹਤ ਕਰਮਚਾਰੀਆਂ ਦੀ ਢੁੱਕਵੀ ਟ੍ਰੇਨਿੰਗ ਨਾਲ ਟੀਕਾਕਰਣ ਪ੍ਰਕਿਰਿਆ ਨੂੰ ਸੁਚਾਰੂ, ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਅਮਲ ਵਿੱਚ ਲਿਆਂਦਾ ਜਾ ਸਕੇਗਾ। ਉਨ੍ਹਾਂ ਜ਼ੋਰ ਦਿੱਤਾ ਕਿ ਟੀਕਾਕਰਣ ਦੌਰਾਨ ਮਾਪਿਆਂ ਨੂੰ ਵੈਕਸੀਨ ਸਬੰਧੀ ਸਹੀ ਜਾਣਕਾਰੀ ਦਿੱਤੀ ਜਾਵੇ, ਤਾਂ ਜੋ ਕਿਸੇ ਵੀ ਕਿਸਮ ਦੀ ਭਰਮ ਜਾਂ ਗਲਤ ਫਹਿਮੀ ਨੂੰ ਦੂਰ ਕੀਤਾ ਜਾ ਸਕੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



