- ਸਕੂਲਾਂ ਵਿੱਚ ਵਿਦਿਆਰਥੀਆਂ ਲਈ ਭਾਈਚਾਰਕ ਸੇਵਾ ਲਾਜ਼ਮੀ ਬਣਾਉਣ ’ਤੇ ਜ਼ੋਰ
ਕੋਟਾਯਮ (ਕੇਰਲਾ) (ਸਮਾਜ ਵੀਕਲੀ): ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਅੱਜ ਹੋਰ ਧਰਮਾਂ ਦਾ ਮਖੌਲ ਉਡਾਉਣ ਅਤੇ ਸਮਾਜ ਵਿੱਚ ਮਤਭੇਦ ਪੈਦਾ ਕਰਨ ਨਾਲ ਅਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ਦੇਸ਼ ਅੰਦਰ ਹਰ ਵਿਅਕਤੀ ਨੂੰ ਆਪਣੇ ਧਰਮ ਦੀ ਪਾਲਣਾ ਅਤੇ ਉਸ ਦਾ ਪ੍ਰਚਾਰ ਕਰਨ ਦਾ ਹੱਕ ਹੈ। ਉਪ ਰਾਸ਼ਟਰਪਤੀ ਇੱਥੋਂ ਨੇੜੇ ਮੰਨਾਨਮ ਵਿੱਚ ਕੇਰਲਾ ਕੈਥੋਲਿਕ ਭਾਈਚਾਰੇ ਦੇ ਨੇਤਾ ਅਤੇ ਸਮਾਜ ਸੁਧਾਰਕ ਸੰਤ ਕੁਰੀਆਕੋਸ ਇਲੀਅਸ ਚਾਵਰਾ ਦੀ 50ਵੀਂ ਬਰਸੀ ਮੌਕੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਸਮਾਗਮ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘‘ਆਪਣੇ ਧਰਮ ਦੀ ਪਾਲਣਾ ਕਰੋ ਪਰ ਨਫ਼ਰਤੀ ਭਾਸ਼ਣਾਂ ਅਤੇ ਲਿਖਤਾਂ ਵਿੱਚ ਨਾ ਉਲਝੋ।’’ ਸ੍ਰੀ ਨਾਇਡੂ ਨੇ ਕਿਹਾ ਕਿ ਨਫ਼ਰਤੀ ਭਾਸ਼ਣ ਅਤੇ ਲਿਖਤਾਂ ਦੇਸ਼ ਦੇ ਸੱੱਭਿਆਚਾਰ, ਵਿਰਾਸਤ, ਰਵਾਇਤਾਂ, ਸੰਵਿਧਾਨਕ ਅਧਿਕਾਰਾਂ ਅਤੇ ਨੈਤਿਕਤਾ ਦੇ ਖ਼ਿਲਾਫ਼ ਹਨ।
ਉਨ੍ਹਾਂ ਕਿਹਾ ਕਿ ਧਰਮ ਨਿਰਪੱਖਤਾ ਹਰ ਭਾਰਤੀ ਦੇ ਖੂਨ ਵਿੱਚ ਹੈ ਅਤੇ ਪੂਰੀ ਦੁਨੀਆਂ ਵਿੱਚ ਦੇਸ਼ ਨੂੰ ਇਸ ਦੇ ਸੱਭਿਆਚਾਰ ਅਤੇ ਵਿਰਾਸਤ ਸਦਕਾ ਮਾਣ ਮਿਲਦਾ ਹੈ। ਇਸ ਸਬੰਧੀ ਇੱਕ ਅਧਿਕਾਰਤ ਬਿਆਨ ’ਚ ਕਿਹਾ ਗਿਆ ਕਿ ਉਪ ਰਾਸ਼ਟਰਪਤੀ ਵੱਲੋਂ ਭਾਰਤੀ ਕਦਰਾਂ ਕੀਮਤਾਂ ਦੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਦਾ ਸੱਦਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ ਭਾਈਚਾਰਕ ਸੇਵਾ ਜ਼ਰੂਰੀ ਬਣਾਈ ਜਾਣੀ ਚਾਹੀਦੀ ਹੈ, ਕਿਉਂਕਿ ਇਸ ਨਾਲ ਉਨ੍ਹਾਂ ਵਿੱਚ ਇੱਕ-ਦੂਜੇ ਨਾਲ ਚੀਜ਼ਾਂ ਸਾਂਝੀਆਂ ਕਰਨ ਅਤੇ ਦੂਜਿਆਂ ਦੀ ਦੇਖਭਾਲ ਕਰਨ ਦੀ ਭਾਵਨਾ ਪੈਦਾ ਹੋਵੇਗੀ। ਰਾਸ਼ਟਰਪਤੀ ਨੇ ਸ੍ਰੀ ਨਾਰਾਇਣ ਗੁਰੂ ਅਤੇ ਸੰਤ ਚਾਵਰਾ ਵਰਗੇ ਦੂਰਅੰਦੇਸ਼ੀ ਅਧਿਆਤਕਮ ਆਗੂਆਂ ਦੇ ਵੱਖ-ਵੱਖ ਖੇਤਰਾਂ ਵਿੱਚ ਯੋਗਦਾਨ ਨੂੰ ਉਭਾਰਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly