ਖੂਨੀ ਸੜਕ ਹਾਦਸੇ ਨੇ ਖੋਹ ਲਈ ਏ ਸੁਰੀਲੀ ਆਵਾਜ਼
ਕਨੇਡਾ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)-ਦੁਆਬੇ ਦਾ ਪ੍ਰਸਿੱਧ ਲੋਕ ਗਾਇਕ ਦਲਬੀਰ ਸ਼ੌਂਕੀ ਜੋ ਕਿ ਇੱਕ ਸੜਕ ਹਾਦਸੇ ਵਿੱਚ ਬੀਤੇ ਦਿਨੀ ਸਾਥੋਂ ਹਮੇਸ਼ਾ ਲਈ ਵਿਛੜ ਗਿਆ ਸੀ ,ਦੀ ਅੰਤਿਮ ਅਰਦਾਸ ਤੇ ਨਮਿੱਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਬਾਣੀ ਦੇ ਜਾਪ 15 ਜੁਲਾਈ ਨੂੰ (ਦਿਨ ਸੋਮਵਾਰ) ਦਾਣਾ ਮੰਡੀ ਪਿੰਡ ਨੌਗੱਜਾ ਕਲੋਨੀ ਜ਼ਿਲ੍ਹਾ ਜਲੰਧਰ ਵਿਖੇ ਸਵੇਰੇ 11 ਵਜੇ ਕੀਤੇ ਜਾਣਗੇ ,ਉਪਰੰਤ ਵੱਖ-ਵੱਖ ਧਾਰਮਿਕ, ਸਮਾਜਿਕ ,ਰਾਜਨੀਤਿਕ ਅਤੇ ਸੱਭਿਆਚਾਰਕ ਖੇਤਰਾਂ ਨਾਲ ਜੁੜੀਆਂ ਸ਼ਖਸ਼ੀਅਤਾਂ ਵਿਛੜੀ ਰੂਹ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਨਗੀਆਂ। ਇਸ ਸਬੰਧੀ ਜੋਗਿੰਦਰ ਪਾਲ ਸਿੰਘ ਅਤੇ ਸਮੂਹ ਪਰਿਵਾਰ ਨੇ ਸ਼ੋਕ ਸਮਾਚਾਰ ਦਾ ਕਾਰਡ ਸਮੂਹ ਪਰਿਵਾਰਿਕ ਰਿਸ਼ਤੇਦਾਰਾਂ ਅਤੇ ਮਿੱਤਰ ਸਨੇਹੀਆਂ ਨੂੰ ਸੋਸ਼ਲ ਮੀਡੀਏ ਰਾਹੀਂ ਭੇਜ ਦਿੱਤਾ ਹੈ। ਜਿਕਰਯੋਗ ਹੈ ਕਿ ਲੋਕ ਗਾਇਕ ਦਲਬੀਰ ਸ਼ੌਂਕੀ ਆਪਣੇ ਇਲਾਕੇ ਵਿੱਚ ਇੱਕ ਚਰਚਿਤ ਲੋਕ ਗਾਇਕ ਸੀ, ਜੋ ਕਿ ਵੱਖ-ਵੱਖ ਸੱਭਿਆਚਾਰਕ ਮੇਲਿਆਂ, ਧਾਰਮਿਕ ਸਟੇਜਾਂ ਤੇ ਅਕਸਰ ਹੀ ਦੇਖਣ ਸੁਣਨ ਨੂੰ ਸਮੂਹ ਸਰੋਤਿਆਂ ਨੂੰ ਮਿਲਦਾ ਰਹਿੰਦਾ ਸੀ। ਉਸ ਦਾ ਫਰੈਂਡ ਸਰਕਲ ਐਨਾ ਜਿਆਦਾ ਸੀ, ਕਿ ਉਸ ਦੀ ਬੇਵਕਤੀ ਮੌਤ ਦੀ ਖਬਰ ਸੁਣਦਿਆਂ ਸਾਰ ਹੀ ਸਮੁੱਚੇ ਕਲਾਕਾਰ ਜਗਤ ਦਾ ਤਰਾਹ ਨਿਕਲ ਗਿਆ। ਉਸਦੇ ਉਸਤਾਦ ਸਤਿਕਾਰਯੋਗ ਨਿਰਮਲ ਸਿੱਧੂ ਜੀ ਨੇ ਵੀ ਆਪਣੇ ਪੇਜ ਤੇ ਉਸ ਦੀ ਬੇਵਕਤੀ ਮੌਤ ਦਾ ਗਹਿਰਾ ਦੁੱਖ ਪਰਿਵਾਰ ਨਾਲ ਸਾਂਝਾ ਕੀਤਾ। ਇਸ ਤੋਂ ਇਲਾਵਾ ਵੱਖ-ਵੱਖ ਇਲਾਕੇ ਦੇ ਗਾਇਕਾਂ ਨੇ ਉਸ ਵਿਛੜੀ ਰੂਹ ਨੂੰ ਯਾਦ ਕਰਦਿਆਂ ਉਸਦੇ ਤੁਰ ਜਾਣ ਦਾ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ । ਲੋਕ ਗਾਇਕ ਕੁਲਵਿੰਦਰ ਕਿੰਦਾ, ਤਾਜ ਨਗੀਨਾ, ਸੁਖਜੀਤ ਝਾਂਸਾ ਵਾਲਾ, ਸੁੱਖ ਨੰਦਾਚੌਰੀਆ, ਮਨੋਹਰ ਧਾਰੀਵਾਲ, ਕੁਲਦੀਪ ਚੁੰਬਰ, ਐਂਕਰ ਦਿਨੇਸ਼ ਦੀਪ ਸ਼ਾਮ ਚੁਰਾਸੀ , ਲੋਕ ਗਾਇਕ ਸੁਰਿੰਦਰਜੀਤ ਮਕਸੂਦਪੁਰੀ ਕਨੇਡਾ, ਐਸ ਰਿਸ਼ੀ , ਸੁਰਿੰਦਰ ਲਾਡੀ, ਰਿੱਕ ਨੂਰ, ਐਂਕਰ ਬਲਦੇਵ ਰਾਹੀ ਸਮੇਤ ਕਈ ਹੋਰ ਸੱਭਿਆਚਾਰਕ ਸ਼ਖਸ਼ੀਅਤਾਂ ਨੇ ਇਸ ਕਲਾਕਾਰ ਦੀ ਬੇਵਕਤੀ ਮੌਤ ਨੂੰ ਸੱਭਿਆਚਾਰਕ ਖੇਤਰ ਵਿੱਚ ਨਾ ਪੂਰਾ ਹੋਣ ਵਾਲਾ ਘਾਟਾ ਕਿਹਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly