(ਸਮਾਜ ਵੀਕਲੀ) ਲੋਕ ਕਵੀ ਤੇ ਦਰਬਾਰੀ ਕਵੀ ਵਿੱਚ ਬਹੁਤ ਵੱਡਾ ਅੰਤਰ ਹੁੰਦਾ ਹੈ, ਲੋਕ ਕਵੀ ਲੋਕਾਂ ਵਿੱਚ ਵਿਚਰਦਾ ਹੈ ਤੇ ਉਹਨਾਂ ਦੇ ਦੁੱਖਾਂ ਦਰਦਾਂ ਨੂੰ ਆਪਣੇ ਸ਼ਬਦਾਂ ਵਿੱਚ ਢਾਲ ਕੇ ਉਹਨਾਂ ਦੀ ਅਗਵਾਈ ਕਰਦਾ ਹੈ ਪਰ ਦਰਬਾਰੀ ਕਵੀ ਹਮੇਸ਼ਾ ਦਰਬਾਰ ਦੀਆਂ ਹੀ ਸਿਫਤ ਸਲਾਹ ਕਰਦਾ ਹੈ । ਦਰਬਾਰੀ ਕਵੀ ਨੂੰ ਇਹਨਾਂ ਸਿਫਤਾਂ ਦਾ ਪੂਰਾ ਮੁੱਲ ਮਿਲਦਾ ਹੈ । ਦਰਬਾਰੀ ਕਵੀ ਨੂੰ ਇਨਾਮ, ਸਨਮਾਨ, ਪੁਰਸਕਾਰ ਅਤੇ ਰੁਤਬੇ ਬਖਸ਼ੇ ਜਾਂਦੇ ਹਨ। ਜਦਕਿ ਲੋਕ ਕਵੀ ਨੂੰ ਹਮੇਸ਼ਾ ਜੇਲ ਦੀਆਂ ਚਾਰ ਦੁਵਾਰੀ ਵਿੱਚ ਡੱਕਿਆ ਜਾਂਦਾ ਹੈ। ਜੁਝਾਰਵਾਦੀ ਕਵਿਤਾ ਦਾ ਸ਼ਾਇਰ ਲਾਲ ਸਿੰਘ ਦਿਲ ਆਰਥਿਕ ਗਰੀਬੀ ਨੂੰ ਚੱਲਦਿਆਂ ਜਦੋਂ ਉਹ ਅੰਤਿਮ ਸਮੇਂ ਬਿਮਾਰ ਹੋਇਆ ਤਾਂ ਉਸ ਨੂੰ ਡੀਐਮਸੀ ਲੁਧਿਆਣਾ ਵਿੱਚ ਦਾਖਲ ਕਰਵਾਇਆ । ਭਾਵੇਂ ਬਾਹਰ ਬਹੁਤ ਸਾਰੇ ਲੇਖਕ ਅਤੇ ਉਸਦੇ ਪਾਠਕਾਂ ਦਾ ਇਕੱਠ ਸੀ । ਜਦੋਂ ਜੁਝਾਰੂ ਲਾਲ ਸਿੰਘ ਦਿਲ ਨੇ ਡੀ ਐੱਮ ਸੀ ਵਿੱਚ ਆਖ਼ਰੀ ਸਾਹ ਲਏ, ਉਸ ਤੋਂ ਦੂਸਰੇ ਦਿਨ ਅਜ਼ਾਦੀ ਦਿਵਸ ਸੀ। ਲਾਲ ਸਿੰਘ ਦਿਲ ਦੀ ਅਰਥੀ ਨੂੰ ਫੁੱਲ ਅਰਪਿਤ ਕਰਨ ਲਈ ਲੁਧਿਆਣੇ ਸ਼ਹਿਰ ਵਿੱਚੋਂ ਕਿਤਿਉਂ ਵੀ ਫੁੱਲ ਨਹੀਂ ਸਨ ਮਿਲੇ। ਫਿਰ ਕਟਾਣੀ ਕਲਾਂ ਦੇ ਸਕੂਲ ਵਿੱਚੋਂ ਫੁੱਲ ਤੋੜ ਕੇ ਲਿਆਂਦੇ ਗਏ ਸਨ। ਉਹ ਸਾਰੀ ਜ਼ਿੰਦਗੀ ਆਰਥਿਕ ਮੱਦਦ ਲਈ ਤਰਸਦਾ ਰਿਹਾ। ਉਸ ਦੀ ਕਿਸੇ ਇਨਕਲਾਬੀ ਧਿਰ ਨੇ ਬਾਂਹ ਫੜਨ ਦੀ ਕੋਸ਼ਿਸ਼ ਨਹੀਂ ਕੀਤੀ। ਕਹਾਵਤ ਹੈ ਕਿ ਜਿਹੜਾ ਮਨੁੱਖ ਸਮਾਜ ਦੀ ਬਿਹਤਰੀ ਲਈ ਕੋਈ ਭੂਮਿਕਾ ਨਿਭਾਉਂਦਾ ਹੈ, ਉਹ ਸਰੀਰਕ ਤੌਰ ਤੇ ਵਿੱਛੜ ਜਾਵੇ ਪਰ ਮਰਦਾ ਨਹੀਂ ਉਹਦੀ ਰੂਹ, ਵਿਸ਼ੇਸ਼ ਕਰਕੇ ਜੋ ਉਹਦੇ ਸ਼ਬਦਾਂ ਬੋਲਾਂ ਤੇ ਲਿਖਤਾਂ ਵਿੱਚ ਪਈ ਹੁੰਦੀ ਹੈ, ਲਗਾਤਾਰ ਝੰਜੋੜਦੀ ਰਹਿੰਦੀ ਹੈ। ਉਹ ਸਦਾ ਜੀਵੰਤ ਰਹਿੰਦੀ ਹੈ ਤੇ ਸਭ ਲਈ ਮਾਰਗ ਦਰਸ਼ਕ ਬਣੀ ਰਹਿੰਦੀ ਹੈ। ਭਾ ਜੀ ਗੁਰਸ਼ਰਨ ਸਿੰਘ ਉਰਫ ਮੰਨਾਂ ਸਿੰਘ ਸਾਰੀ ਜ਼ਿੰਦਗੀ ਦੱਬੇ ਕੁੱਚਲੇ ਲੋਕਾਂ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਦੇ ਰਹੇ। ਉਹਨਾਂ ਨੇ ਲੋਕਾਂ ਨੂੰ ਜਾਗ੍ਰਿਤ ਕਰਨ ਲਈ ਕਲਾ ਦੇ ਜਿਸ ਖੇਤਰ ਨੂੰ ਚੁਣਿਆ,ਉਹ ਨਾਟਕ ਸੀ।ਉਨ੍ਹਾਂ ਨੇ ਨਾਟਕਾਂ ਰਾਹੀਂ1958 ਤੋਂ ਲੈ ਕੇ ਅੰਤਲੇ ਸਮੇਂ ਤੱਕ ਇਹ ਭੂਮਿਕਾ ਨਿਭਾਈ। ਸੈਂਕੜੇ ਨਾਟਕਾਂ ਨੂੰ ਨਾ ਸਿਰਫ ਲਿਖਿਆ ਸਗੋਂ ਪਿੰਡਾਂ ਦੀਆਂ ਸੱਥਾਂ ਵਿੱਚ ਲੈ ਕੇ ਗਏ। ਉਹਨਾਂ ਨੇ ਨਾਟਕਕਾਰ ਦੇ ਤੌਰ ਤੇ ਨਹੀਂ, ਇੱਕ ਸੁਲਝੇ ਰਾਜਨੀਤਕ ਕਾਰਕੁੰਨ ਦੇ ਤੌਰ ਤੇ ਭੂਮਿਕਾ ਨਿਭਾਈ। ਉਹਨਾਂ ਦੇ ਲਿਖੇ ਦਰਜਨਾਂ ਨਾਟਕ ,ਨਾਟਕ ਟੀਮਾਂ ਨੇ ਨਾ ਸਿਰਫ ਖੇਡੇ ਸਗੋਂ ਉਨ੍ਹਾਂ ਵਾਂਗੂੰ ਹੀ ਪਿੰਡਾਂ ਦੇ ਮਜ਼ਦੂਰਾਂ ਦੇ ਵਿਹੜਿਆਂ ਵਿੱਚ ਲੈ ਕੇ ਗਏ। ਭਾਈ ਮੰਨਾ ਸਿੰਘ ਕਿਰਤੀ ਵਰਗ ਦੇ ਨਾਟਕਕਾਰ ਸਨ ਉਹ ਜੋ ਬੋਲਦੇ ਸਨ ਤਾਂ ਧੁਰ ਅੰਦਰੋਂ ਲੋਕਾਂ ਪੀੜਾ ਨੂੰ ਬਿਆਨ ਕਰਦੇ ਸਨ। ਨਾਟਕ ਇੱਕ ਮਾਧਿਅਮ ਸੀ, ਜਿਸ ਰਾਹੀਂ ਰਾਜਸੀ ਚੇਤਨਾ ਦੇਣੀ ਉਹਨਾਂ ਦੀ ਪਹਿਲੀ ਨੈਤਿਕ ਜਿੰਮੇਵਾਰੀ ਸੀ। ਜਿਸ ਦੌਰ ਵਿੱਚ ਭਾ ਜੀ ਗੁਰਸ਼ਰਨ ਸਿੰਘ ਆਏ ਉਹ ਦੌਰ ਰਾਜਸੀ ਪ੍ਰਤੀਨਿਧਤਾ ਦਾ ਦੌਰ ਸੀ। ਵਿਸ਼ੇਸ਼ ਕਰਕੇ ਸਮਰਪਣ ਦੀ ਭਾਵਨਾ ਦਾ ਦੌਰ ਸੀ। ਭਾ ਜੀ ਦੀ ਸਮੁੱਚੀ ਜ਼ਿੰਦਗੀ ਇੱਕ ਪ੍ਰਤੀਬੱਧ ਕਮਿਊਨਿਸਟ ਕਾਰਕੁੰਨ ਦੇ ਤੌਰ ਤੇ ਗੁਜ਼ਰੀ। ਉਹਨਾਂ ਆਪਣੇ ਨਾਟਕਾਂ ਰਾਹੀਂ ਜੋ ਵੀ ਸਹਿਯੋਗ ਰਾਸ਼ੀ ਹਾਸਲ ਕੀਤੀ, ਉਹ ਲੋਕਾਂ ਨੂੰ ਜਾਗ੍ਰਿਤ ਕਰਨ ਲਈ ਵਰਤੀਂ। ਖ਼ਰਚੇ ਰਾਹੀਂ ਸਸਤੀਆਂ ਕਿਤਾਬਾਂ ਛਾਪ ਕੇ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕੀਤਾ ਤੇ ਆਰਥਿਕ ਮੱਦਦ ਕਰਕੇ ਉਹ ਕਈ ਰੂਪਾਂ ਵਿੱਚ ਉਹਨਾਂ ਦੇ ਵਿੱਚ ਲੋਕਾਂ ਨੂੰ ਸਮਰਪਿਤ ਰਹੇ। ਉਹਨਾਂ ਵੱਲੋਂ ਨਿਭਾਈ ਬਹੁ ਪੱਖੀ ਭੂਮਿਕਾ ਨੂੰ ਨਾ ਪਛਾਣਿਆ ਗਿਆ ਤੇ ਨਾ ਹੀ ਉਹਦਾ ਸਹੀ ਮੁੱਲਾਂਕਣ ਕੀਤਾ ਗਿਆ। ਗੁਰਸ਼ਰਨ ਸਿੰਘ ਦੇ ਨਾਮ ਉੱਤੇ ਜੋ ਕੁੱਝ ਚੱਲ ਰਿਹਾ ਹੈ, ਇਹ ਉਹਨਾਂ ਦੀ ਸ਼ਖਸ਼ੀਅਤ ਦੇ ਨਾ ਹੀ ਹਾਣ ਦਾ ਐ ਅਤੇ ਨਾ ਹੀ ਉਹਨਾਂ ਦੇ ਵਿਚਾਰਾਂ ਦੇ ਅਨੁਕੂਲ ਹੈ। ਗੁਰਸ਼ਰਨ ਸਿੰਘ ਕਹਿੰਦੇ ਹਨ, ਦੋ ਰਾਹ ਹਨ ਇੱਕ ਇਕੱਲੇ ਨਾਇਕ ਬਣਕੇ ਚੱਲਣ ਵਾਲਾ ਤੇ ਦੂਸਰਾ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲਾ। ਇੱਕ ਵਿਸ਼ੇਸ਼ ਧਿਰ ਨੇ ਪੈਸੇ ਅਤੇ ਤਾਕਤ ਦੇ ਜ਼ੋਰ ਤੇ ਆਪਣੀ ਸਵੈ ਸੰਤੁਸ਼ਟੀ ਤੇ ਸੌੜੇ ਮੰਨਦਿਆਂ ਹਿੱਤ ਉਹਨਾਂ ਨੇ ਕਿਸੇ ਸਮੇਂ ਸਲਾਮ ਕਰਨ ਲਈ ਬੁਲਾ ਕੇ ਗੁਰਸ਼ਰਨ ਸਿੰਘ ਦਾ ਸਨਮਾਨ ਕੀਤਾ ਸੀ, ਇੱਕ ਚੰਗੀ ਪਿਰਤ ਸੀ ਪਰ ਨੀਅਤ ਸਾਫ ਨਹੀਂ ਰਹੀ। ਹਾਲਾਂਕਿ ਉਹ ਧਿਰ ਜਿਉਂਦੇ ਜੀਅ ਗੁਰਸ਼ਰਨ ਸਿੰਘ ਦੀ ਸਦਾ ਆਲੋਚਨਾ ਕਰਦੇ ਰਹੇ। ਇਹ ਹਕੀਕਤ ਉਸ ਦੌਰ ਦੇ ਪਰਚਿਆਂ/ਚਿੱਠੀਆਂ ਵਿੱਚ ਵੀ ਦਰਜ ਹੈ। ਪਰ ਗੁਰਸ਼ਰਨ ਸਿੰਘ ਜੀ ਦਾ ਵਿਛੋੜੇ ਪਿੱਛੋਂ ਇੱਕ ਇੱਕ ਵਾਰਿਸ ਬਣਨ ਦਾ ਹੋਕਾ ਦੇਣ ਲੱਗੇ। ਜਦੋਂ ਕਿ ਪੰਜਾਬ ਦੇ ਇਨਕਲਾਬੀ ਕਾਫ਼ਲਿਆਂ ਨੇ ਇੰਨ੍ਹਾਂ ਦਾ ਜਵਾਬ ਮੋਗਾ ਸ਼ਰਧਾਂਜਲੀ ਸਮਾਗਮ ਕਰਕੇ ਦਿੱਤਾ ਕਿ ਭਾ ਜੀ ਇੱਕ ਧਿਰ ਦੇ ਨਹੀਂ ਪੰਜਾਬ ਦੀ ਸਾਂਝੀ ਵਿਰਾਸਤ ਹਨ।ਪਰ ਆਪਣੀ ਮੱਧ ਵਰਗੀ ਹਉਮੈਂ ਦਾ ਸ਼ਿਕਾਰ ਤੇ ਸਭ ਤੋਂ ਵੱਡੀ ਧਿਰ ਦੇ ਹੰਕਾਰ, ਡਰਾਮੇਬਾਜ਼ੀ ਕਾਰਨ ਇਹਨਾਂ ਛੋਹਦਿਆਂ ਵੱਲੋਂ ਸਲਾਮ ਕਾਫ਼ਲੇ ਦੇ ਨਾਮ ਅੱਗੇ ਗੁਰਸ਼ਰਨ ਸਿੰਘ ਜੋੜ ਲਿਆ । ਸਲਾਮ ਕਾਫਲਾ ਨੂੰ ਗੁਰਸ਼ਰਨ ਸਿੰਘ ਦੇ ਵਾਰਸ ਦੀ ਗੁਰਜ ਆਪਣੇ ਹੱਥ ਲੈ ਲਈ। ਪੰਜਾਬ ਦੀਆਂ ਇਨਕਲਾਬੀ ਰਾਜਸੀ ਚੇਤਨ ਲੋਕ ਧਿਰਾਂ ਜਾਣਦੀਆਂ ਹਨ ਕਿ ਇਹਨਾਂ ਦੇ ਮਨ ਵਿੱਚ ਕੀ ਹੈ? ਹੁਣ ਇੰਨ੍ਹਾਂ ਵਿਛੜੇ ਕਵੀ ਨੂੰ ਸੁਰਜੀਤ ਕਰਨ ਲਈ ਸ਼ਰਧਾਂਜਲੀ ਸਮਾਗਮ ਕਰਨ ਦਾ ਐਲਾਨ ਕਰ ਦਿੱਤਾ। ਠੀਕ ਹੈ ਸੁਰਜੀਤ ਪਾਤਰ ਨੇ ਕਵਿਤਾ ਨਾਲ ਇੱਕ ਭੂਮਿਕਾ ਨਿਭਾਈ ਹੈ, ਇਸ ਕਵਿਤਾ ਦੇ ਨਾਲ ਉਹ ਗੁਰਸ਼ਰਨ ਸਿੰਘ ਦੇ ਹਾਣ ਦਾ ਨਹੀਂ ਬਣਦਾ। ਕਿਉਂਕਿ ਸੁਰਜੀਤ ਪਾਤਰ, ਲੋਕ ਨਾਟਕਕਾਰ ਗੁਰਸ਼ਰਨ ਸਿੰਘ ਵਾਂਗ ਪ੍ਰਤੀਬੱਧ ਇਨਕਲਾਬੀ ਕਮਿਊਨਿਸਟ ਕਦਾਚਿਤ ਨਹੀਂ ਸੀ। ਅਸੀਂ ਇਸ ਵਿੱਚ ਆਪਣੀ ਭਾਈਵਾਲੀ ਨਹੀਂ ਚਾਹੁੰਦੇ ਪਰ ਜਿੰਨਾਂ ਕੁ ਬਰਨਾਲੇ ਇਹ ਸਮਾਗਮ ਕਰ ਰਹੇ ਹਨ ਇੰਨਾਂ ਕੁ ਸਮਾਗਮ ਤਾਂ ਕਰਾਉਣ ਦੀ ਸਮਰੱਥਾ ਤਾਂ ਇਹਨਾਂ ਦੀ ਆਪਣੇ ਆਪ ਵਿੱਚ ਹੈ ਹੀ। ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਹਰ ਸ਼ਹਿਰ ਹਰ ਕਸਬੇ ਦੀ ਸਾਹਿਤ ਸਭਾ ਦੇ ਰਹੀ ਹੈ ਫਿਰ ਇਹ ਕੀ ਨਿਵੇਕਲਾ ਕਰ ਰਹੇ ਹਨ ? ਸਿਰਫ ਭੀੜ ਤੇ ਵਿਧਾਵਾ ਹੀ ਹੈ। ਇਸ ਲਈ ਦੇਸ਼ਾਂ ਵਿਦੇਸ਼ਾਂ ਤੋਂ ਫੰਡ ਇਕੱਠਾ ਕਰਨ ਦੀ ਕੀ ਤੁਕ ਐ ? ਜਦਕਿ ਸੁਰਜੀਤ ਪਾਤਰ ਆਰਥਿਕ ਤੌਰ ਤੇ ਸੰਪੰਨ ਸੀ ਤੇ ਪਰਿਵਾਰ ਵੀ ਸੰਪੰਨ ਹੈ। ਜਦੋਂਕਿ ਦਰਜਨਾਂ ਤੋਂ ਵੱਧ ਇਨਕਲਾਬੀ ਲਹਿਰ ਦੇ ਕਾਮਿਆਂ ਦੇ ਪਰਿਵਾਰ ਤੰਗੀਆਂ ਤੁਰਸ਼ੀਆਂ ਨਾਲ ਜੂਝ ਰਹੇ ਹਨ। ਮਾਨਸਾ ਵਿੱਚ ਨਾਟਕਕਾਰ ਸੁਰਜੀਤ ਗਾਮੀ ਦਾ ਪਰਿਵਾਰ ਤੇ ਹੋਰ ਵੀ ਬਹੁਤ ਹਨ। ਇਹ ਡਰਾਮੇਬਾਜੀ ਤੇ ਫੰਡ ਇਕੱਠਾ ਕਰਨ ਦੀ ਮੁਹਿੰਮ ਤੱਕ ਸਿਮਟ ਜਾਣਾ। ਆਪਣੀਆਂ ਜਿੰਮੇਵਾਰੀਆਂ ਤੋਂ ਪਾਸਾ ਵੱਟਣਾ ਵੀ ਹੈ ਇਸ ਧਿਰ ਦੀ ਪਿਛਲੇ 40 ਸਾਲ ਦੀ ਇਹ ਹੀ ਕਾਰ ਗੁਜ਼ਾਰੀ ਹੈ। ਇਹਨਾਂ ਨੂੰ ਸਭ ਤੋਂ ਵੱਡੇ ਇਨਕਲਾਬੀ ਹੋਣ ਦਾ ਭਰਮ ਹੈ। ਗੰਭੀਰ ਚੁਣੌਤੀ ਵਾਲੇ ਹਾਲਾਤਾਂ ਵਿੱਚ ਗੰਭੀਰ ਤੇ ਦਰਪੇਸ਼ ਸਵਾਲਾਂ ਤੋਂ ਟਾਲਾ ਵੱਟਣਾ ਗੁਰਸ਼ਰਨ ਸਿੰਘ ਦੀ ਵਿਰਾਸਤ ਨਹੀਂ। ਗੁਰਸ਼ਰਨ ਸਿੰਘ ਤਾਂ ਹਰ ਸਮੇਂ ਆਪਣੇ ਵਿਚਾਰਾਂ ਨੂੰ ਲੈ ਕੇ ਹਰ ਹਾਲਤ ਵਿੱਚ ਵੀ ਹਿੱਕ ਚ ਵੱਜਦਾ ਰਿਹਾ। ਉਹਨੇ ਜ਼ਿੰਦਗੀ ਚ ਦਿਖਾਵੇਬਾਜ਼ੀ ਨਹੀਂ ਕੀਤੀ। ਉਹ ਜੋ ਕਹਿੰਦੇ ਸਨ ਉਹ ਕਰਦੇ ਸਨ ਤੇ ਜਿਉਂਦੇ ਸਨ।ਇੰਞ ਲੱਗਦਾ ਹੈ ਜਿਵੇਂ ਨਕਸਲਵਾੜੀ ਧਿਰਾਂ ਚ ਵੀ ਜਮਾਤੀ ਕਤਾਰਬੰਦੀ ਹੋ ਗਈ ਹੈ।ਇੱਕ ਧਿਰ ਜੋ ਸਾਧਨ ਸੰਪੰਨ ਹੈ ਤੇ ਦਿਖਾਵੇ ਬਾਜ਼ੀ। ਨਾਲ ਉੱਚ ਮੱਧ ਵਰਗ ਤੋਂ ਮੋਟਾ ਫੰਡ ਉਗਰਾਹੁਣ ਦੀ ਮੁਹਾਰਤ ਰੱਖਦੀ ਹੈ, ਜਿਸ ਨੂੰ ਬਜ਼ਾਰ ਚ ਮਾਲ ਵੇਚਣ ਦਾ ਤਜਰਬਾ ਹੈ। ਦੂਜੀਆਂ ਧਿਰਾਂ ਜੋ ਪ੍ਰਤੀਬੱਧਤਾ ਤਾਂ ਰੱਖਦੇ ਹਨ ਦਿਖਾਵੇ ਤੋਂ ਵੀ ਦੂਰ ਹਨ। ਸਾਧਨ ਵਿਹੂਣੇ ਓਹਨਾਂ ਦੇ ਫੰਡਾਂ ਤੇ ਸਰੋਤ ਵੀ ਸੀਮਤ ਹਨ। ਉਹ ਫੰਡ ਇਕੱਠੇ ਕਰਨ ਦੀ ਵੀ ਮੁਹਾਰਤ ਨਹੀਂ ਰੱਖਦੇ। ਸਲਾਮ ਕਾਫਲਾ ਬਜ਼ਾਰ ਦੀ ਨਬਜ਼ ਪਛਾਣਦਾ ਹੈ। ਪਤਾ ਹੈ ਕਿੱਥੇ ਕੀ ਵੇਚਣਾ ਹੈ, ਕਿਵੇਂ ਵੇਚਣਾ ਹੈ, ਕਦੋਂ ਵੇਚਣਾ ਹੈ ਤੇ ਕੀ ਨਫ਼ਾ ਹੋ ਸਕਦਾ ਹੈ। ਇਨਕਲਾਬੀ ਧਿਰਾਂ ਵਿੱਚ ਅਜੇ ਵੀ ਮੱਧਵਰਗੀ ਪਰਵਿਰਤੀ ਨਾ ਸਿਰਫ ਬੌਧਿਕਤਾ ਦੇ ਵਿਕਾਸ ਲਈ ਰੁਕਾਵਟ ਹਨ, ਸਗੋਂ ਖਤਰਨਾਕ ਵਿਚਾਰਧਾਰਾ ਦੀ ਸੋਚ ਵਿੱਚੋਂ ਨਿਕਲਦੀ ਪ੍ਰਵਿਰਤੀ ਚਿੰਤਾ ਦਾ ਵਿਸ਼ਾ ਹੈ! ਜਿਸ ਤਰ੍ਹਾਂ ਪਿਛਲੇ ਸਮਿਆਂ ਵਿੱਚ ਸੰਤ ਰਾਮ ਉਦਾਸੀ ਨੂੰ ਇਕ ਧਿਰ ਵਲੋਂ ਸਿੱਖ ਧਰਮ ਦਾ ਕਵੀ ਬਣਾਉਂਣ ਦੀ ਅਸਫ਼ਲ ਕੋਸ਼ਿਸ਼ ਕੀਤੀ ਗਈ ਸੀ, ਹੁਣ ਸਰਕਾਰੀ ਤੇ ਦਰਬਾਰੀ ਕਵੀ ਨੂੰ ਧੱਕੇ ਦੇ ਨਾਲ ਲੋਕ ਕਵੀ ਬਣਾਇਆ ਜਾ ਰਿਹਾ ਹੈ। ਇਨਕਲਾਬੀ ਲਹਿਰ ਦੇ ਵਾਰਸ ਕਿਹੜਾ ਨਵਾਂ ਇਤਿਹਾਸ ਸਿਰਜਣ ਲੱਗੇ ਹਨ? ਇਹ ਸਮਝੋਂ ਬਾਹਰ ਹੈ, ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੀਆਂ ਸੰਸਥਾਵਾਂ ਵੀ ਸੋਗ ਵਿੱਚ ਹਨ। ਉਹਨਾਂ ਨੂੰ ਵੀ ਦਰਬਾਰੀ ਕਵੀ ਤੋਂ ਅੱਗੇ ਕੁੱਝ ਦਿਖਾਈ ਨਹੀਂ ਦਿੰਦਾ। ਮੈਨੂੰ ਪ੍ਰੋ. ਕਿਸ਼ਨ ਸਿੰਘ ਦੀ ਕਿਤਾਬ ਇਨਕਲਾਬ ਕੁਰਾਹੇ ਚੇਤੇ ਆਉਂਦੀ ਹੈ। ਹੁਣ ਇਨਕਲਾਬ ਕੁਰਾਹੇ ਪੈ ਗਿਆ ਹੈ। ਉਦੋਂ ਉਹਨਾਂ ਨੇ ਸਿਰਫ ਨਿਸ਼ਾਨਦੇਹੀ ਕੀਤੀ ਸੀ ਪਰ ਹੁਣ ਉਹ ਭਵਿੱਖਬਾਣੀ ਸੱਚ ਨਜ਼ਰ ਆ ਰਹੀ ਹੈ।
ਰਮੇਸ਼ਵਰ ਸਿੰਘ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly