ਚਾਰਾ ਘੁਟਾਲਾ: ਲਾਲੂ ਨੂੰ ਪੰਜ ਸਾਲ ਦੀ ਸਜ਼ਾ

ਰਾਂਚੀ (ਸਮਾਜ ਵੀਕਲੀ):  ਚਾਰਾ ਘੁਟਾਲਾ ਤਹਿਤ ਡੋਰੰਡਾ ਖਜ਼ਾਨੇ ’ਚ ਹੋਏ 139.35 ਕਰੋੜ ਦੇ ਘਪਲੇ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੰਦੇ ਹੋਏ ਸੀਬੀਆਈ ਦੀ ਇਕ ਵਿਸ਼ੇਸ਼ ਅਦਾਲਤ ਨੇ ਅੱਜ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਪੰਜ ਸਾਲ ਕੈਦ ਅਤੇ 60 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਇਹ ਸਜ਼ਾ ਵਰਚੁਅਲ ਸੁਣਵਾਈ ਦੌਰਾਨ ਸਜ਼ਾ ਤੈਅ ਕਰਨ ਸਬੰਧੀ ਹੋਈ ਬਹਿਸ ਤੋਂ ਬਾਅਦ ਸੁਣਾਈ। ਭਾਜਪਾ ਨੇ ਅਦਾਲਤ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ।

ਸੀਬੀਆਈ ਦੇ ਵਕੀਲ ਬੀਐੱਮਪੀ ਸਿੰਘ ਨੇ  ਗੱਲਬਾਤ ਦੌਰਾਨ ਦੱਸਿਆ, ‘‘ਲਾਲੂ ਪ੍ਰਸਾਦ ਨੂੰ ਪੰਜ ਸਾਲ ਕੈਦ ਅਤੇ 60 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਸਾਬਕਾ ਮੁੱਖ ਮੰਤਰੀ ਤੋਂ ਇਲਾਵਾ ਅਦਾਲਤ ਵੱਲੋਂ ਪੰਜ ਦੋਸ਼ੀਆਂ ਨੂੰ ਪੰਜ-ਪੰਜ ਸਾਲ ਕੈਦ, 32 ਦੋਸ਼ੀਆਂ ਨੂੰ ਚਾਰ-ਚਾਰ ਸਾਲ ਦੀ ਕੈਦ ਅਤੇ ਤਿੰਨ ਦੋਸ਼ੀਆਂ ਨੂੰ ਤਿੰਨ-ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।’’ ਦੋਸ਼ੀਆਂ ਨੂੰ ਇਕ ਲੱਖ ਰੁਪਏ ਤੋਂ ਲੈ ਕੇ 2 ਕਰੋੜ ਰੁਪਏ ਤੱਕ ਜੁਰਮਾਨਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਵੱਧ 2 ਕਰੋੜ ਰੁਪਏ ਜੁਰਮਾਨਾ ਸਲਪਾਇਰ ਤ੍ਰਿਪੁਰਾਰੀ ਮੋਹਨ ਪ੍ਰਸਾਦ ਨੂੰ ਕੀਤਾ ਗਿਆ ਹੈ।

15 ਫਰਵਰੀ ਨੂੰ ਬਹੁ-ਕਰੋੜੀ ਚਾਰਾ ਘੁਟਾਲੇ ਨਾਲ ਸਬੰਧਤ ਡੋਰੰਡਾ ਖਜ਼ਾਨੇ ਵਿਚ 139.35 ਕਰੋੜ ਰੁਪਏ ਦੇ ਹੋਏ ਘਪਲੇ ਸਬੰਧੀ ਕੇਸ ’ਚ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਬਿਹਾਰ ਦੇ ਸਾਬਕਾ ਮੁੱਖ ਮੰਤਰੀ 73 ਸਾਲਾ ਲਾਲੂ ਪ੍ਰਸਾਦ ਯਾਦਵ ਦੀ ਸਿਹਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਬਿਰਸਾ ਮੁੰਡਾ ਕੇਂਦਰੀ ਜੇਲ੍ਹ ਤੋਂ ਰਾਂਚੀ ਸਥਿਤ ਸਰਕਾਰੀ ਰਾਜਿੰਦਰਾ ਸਿਹਤ ਵਿਗਿਆਨ ਸੰਸਥਾ (ਆਰਆਈਐੱਮਐੱਸ) ਵਿਚ ਤਬਦੀਲ ਕੀਤਾ ਗਿਆ ਸੀ। ਉਨ੍ਹਾਂ ਦਾ ਗੁਰਦਿਆਂ ਦੀ ਤਕਲੀਫ ਸਣੇ ਕਈ ਬਿਮਾਰੀਆਂ ਦਾ ਇਲਾਜ ਚੱਲ ਰਿਹਾ ਹੈ। ਦਸੰਬਰ 2017 ਤੋਂ ਲਾਲ ਪ੍ਰਸਾਦ ਯਾਦਵ ਦੀ ਸਜ਼ਾ ਦਾ ਜ਼ਿਆਦਾਤਰ ਸਮਾਂ ਆਰਆਈਐੱਮਐੱਸ ਵਿਚ ਹੀ ਲੰਘਿਆ। ਪਿਛਲੇ ਸਾਲ ਜਨਵਰੀ ਵਿਚ ਉਨ੍ਹਾਂ ਦੀ ਹਾਲਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਨਵੀਂ ਦਿੱਲੀ ਸਥਿਤ ਏਮਸ ਲਿਜਾਂਦਾ ਗਿਆ ਸੀ। ਸਾਬਕਾ ਮੁੱਖ ਮੰਤਰੀ ਦੇ ਵਕੀਲ ਨੇ ਕਿਹਾ ਕਿ ਉਹ ਸਜ਼ਾ ਦੇ ਇਨ੍ਹਾਂ ਹੁਕਮਾਂ ਨੂੰ ਹਾਈ ਕੋਰਟ ਵਿਚ ਚੁਣੌਤੀ ਦੇਣਗੇ। ਉਨ੍ਹਾਂ ਕਿਹਾ ਕਿ ਲਾਲੂ ਪ੍ਰਸਾਦ ਯਾਦਵ 36 ਮਹੀਨੇ ਦੀ ਸਜ਼ਾ ਪਹਿਲਾਂ ਹੀ ਪੂਰੀ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਚਾਰਾ ਘੁਟਾਲਾ ਸਬੰਧੀ ਚਾਰ ਹੋਰ ਕੇਸਾਂ ਵਿਚ 14 ਸਾਲ ਕੈਦ ਦੀ ਸਜ਼ਾ ਹੋ ਚੁੱਕੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articlePutin orders troops to eastern Ukraine after recognising rebel regions
Next article‘N.Korea massacred over 1,100 Christians, Catholics during Korean War’