ਸ਼ਬਦਾਂ ਦੀ ਪਰਵਾਜ਼ ‘ਬਹਿਕ/ਬਹਿਕਾਉਣਾ’ ਸ਼ਬਦ ਕਿਵੇਂ ਬਣੇ?

ਜਸਵੀਰ ਸਿੰਘ ਪਾਬਲਾ
 (ਸਮਾਜ ਵੀਕਲੀ)-ਕਹਿੰਦੇ ਹਨ ਕਿ ਸ਼ਬਦ ਵੀ ਵੱਟਿਆਂ ਵਾਂਗੂੰ ਰਿੜ੍ਹ-ਰਿੜ੍ਹ ਕੇ ਹੀ ਗੋਲ਼ ਹੋਏ ਹਨ। ਪੰਜਾਬੀ ਦੇ ਬਹੁਤੇ ਸ਼ਬਦ ਜਿਸ ਰੂਪ ਵਿੱਚ ਸਾਨੂੰ ਅੱਜ ਦਿਖਾਈ ਦਿੰਦੇ ਹਨ, ਇਹਨਾਂ ਵਿੱਚੋਂ ਬਹੁਤੇ ਸ਼ੁਰੂ-ਸ਼ੁਰੂ ਵਿੱਚ ਅਜਿਹੇ ਨਹੀਂ ਸਨ। ਇਹ ਸਮੇਂ-ਸਮੇਂ ‘ਤੇ ਕਈ-ਕਈ ਰੂਪ ਵਟਾਉਂਦੇ ਹੋਏ ਸਾਡੇ ਤੱਕ ਪਹੁੰਚੇ ਹਨ। ਅਜਿਹੇ ਸ਼ਬਦਾਂ ਨੂੰ ਕਿਸੇ ਬੋਲੀ ਦੇ ਤਦਭਵ ਸ਼ਬਦ ਵੀ ਆਖਿਆ ਜਾਂਦਾ ਹੈ। ਪੰਜਾਬੀ ਦੇ ਅਜਿਹੇ ਹੀ ਇੱਕ ਤਦਭਵ ਸ਼ਬਦ ਬਹਿਕ (ਬਹਿਕਣਾ/ਬਹਿਕਾਉਣਾ) ਬਾਰੇ ਕੀ ਕੋਈ ਸੋਚ ਸਕਦਾ ਹੈ ਕਿ ਮੂਲ ਰੂਪ ਵਿੱਚ ਇਹ ਸ਼ਬਦ ਬ ਅੱਖਰ ਨਾਲ਼ ਨਹੀਂ ਸਗੋਂ ਵ ਅੱਖਰ ਨਾਲ਼ ਸ਼ੁਰੂ ਹੁੰਦਾ ਹੈ। ਇਸ ਦਾ ਕਾਰਨ ਇਹ ਹੈ ਕਿ ਇਹਨਾਂ ਸ਼ਬਦਾਂ ਨੂੰ ਜਨਮ ਦੇਣ ਵਾਲ਼ਾ ਸ਼ਬਦ ‘ਬਹਿ’ ਸੰਸਕ੍ਰਿਤ ਮੂਲ ਦੇ ਧਾਤੂ ‘ਵਹਿ’ (वह) ਤੋਂ ਬਣਿਆ ਹੈ ਭਾਵ ਸਮੇਂ ਦੇ ਗੇੜ ਅਤੇ ਲੋਕ-ਉਚਾਰਨ ਕਾਰਨ ਵਹਿ ਸ਼ਬਦ ਵਿਚਲੀ ਵ ਧੁਨੀ ਬ ਵਿੱਚ ਬਦਲ ਗਈ ਹੈ। ਵਹਿ ਸ਼ਬਦ ਤੋਂ ਸੰਸਕ੍ਰਿਤ ਵਾਲ਼ਿਆਂ ਨੇ ਤਾਂ ਬਹਿ, ਬਹਿਕ/ਬਹਿਕਾਉਣਾ ਜਿਹਾ ਸ਼ਾਇਦ ਕੋਈ ਸ਼ਬਦ ਨਹੀਂ ਘੜਿਆ ਪਰ ਪੰਜਾਬੀ/ਹਿੰਦੀ ਵਾਲ਼ਿਆਂ ਨੇ ਕਿਸੇ ਵਿਅਕਤੀ ਦੇ ਮਨੋਭਾਵਾਂ ਉੱਤੇ ਪਏ ਕਿਸੇ ਹੋਰ ਵਿਅਕਤੀ ਦੇ ਪ੍ਰਭਾਵ ਨੂੰ ਪ੍ਰਗਟਾਉਣ/ਦਰਸਾਉਣ ਲਈ ‘ਵਹਿ’ ਸ਼ਬਦ ਵਿਚਲੀ ਵ ਧੁਨੀ ਨੂੰ ਆਪਣੀਆਂ ਬੋਲੀਆਂ ਦੇ ਉਚਾਰਨ ਅਤੇ ਮੁਹਾਂਦਰੇ ਅਨੁਸਾਰ ਬ ਵਿੱਚ ਬਦਲ ਕੇ ‘ਬਹਿ’ ਸ਼ਬਦ ਵਿੱਚ ਢਾਲ਼ ਲਿਆ ਹੈ। ਫਿਰ ‘ਵਹਿ’ (ਬਹਿ) ਸ਼ਬਦ ਦਾ ਅਰਥ-ਵਿਸਤਾਰ ਕਰਦਿਆਂ ਹੋਇਆਂ ਇਸ ਸ਼ਬਦ ਵਿੱਚ ਕ ਅੱਖਰ ਜੋੜ ਕੇ ਇੱਕ ਨਵਾਂ ਸ਼ਬਦ ਬਹਿਕ (ਬਹਿ+ਕ=ਬਹਿਕ ਜਾਣਾ) ਬਣਾ ਲਿਆ ਹੈ। ਇਸ ਵਿਚਲੀਆਂ ਧੁਨੀਆਂ ਦੇ ਅਰਥਾਂ ਅਤੇ ਸ਼ਬਦ-ਕੋਸ਼ਾਂ ਅਨੁਸਾਰ ‘ਬਹਿਕ’ ਸ਼ਬਦ ਦੇ ਅਰਥ ਹਨ: “ਕਿਸੇ ਨੂੰ ਬਹਿਲਾ/ਫੁਸਲਾ ਕੇ ਆਪਣੀ ਮਰਜ਼ੀ ਅਨੁਸਾਰ ਕੋਈ ਕੰਮ ਕਰਵਾ ਲੈਣਾ/ਭੁਚਲਾ ਲੈਣਾ ਜਾਂ ਆਪ ਕਿਸੇ ਦੀਆਂ ਗੱਲਾਂ ਵਿੱਚ ਆ ਜਾਣਾ।” ਬਹਿਕਣਾ, ਬਹਿਕਾਉਣਾ ਜਾਂ ਬਹਿਕਾਵਾ ਆਦਿ ਸ਼ਬਦ ਵੀ ਇਸੇ ‘ਬਹਿਕ’ ਸ਼ਬਦ ਤੋਂ ਹੀ ਬਣੇ ਹੋਏ ਹਨ।
        ‘ਬਹਿਕ’ ਤੇ ਇਸ ਤੋਂ ਬਣੇ ਹੋਰ ਸ਼ਬਦਾਂ ਨੂੰ ਜੇਕਰ ਉਸ ਸਮੇਂ ਦੇ ਸੰਦਰਭ ਵਿੱਚ ਰੱਖ ਕੇ ਦੇਖਿਆ ਜਾਵੇ ਜਦੋਂਕਿ ਨਵੇਂ ਸ਼ਬਦਾਂ ਦੀ ਸਿਰਜਣਾ ਕੀਤੀ ਜਾ ਰਹੀ ਸੀ ਤਾਂ ਪਤਾ ਲੱਗਦਾ ਹੈ ਕਿ ਪੰਜਾਬੀ ਭਾਸ਼ਾ ਦਾ ਪਿਛੋਕੜ ਸੰਸਕ੍ਰਿਤ ਭਾਸ਼ਾ ਤੋਂ ਰਤਾ ਕੁ ਹੀ ਉਰ੍ਹਾਂ ਦਾ  ਹੈ। ਇਹੋ ਹੀ ਕਾਰਨ ਹੈ ਕਿ ਅੱਜ ਤੱਕ ਦੇ ਸਾਰੇ ਭਾਸ਼ਾ-ਵਿਗਿਆਨੀ ਜਾਂ ਵਿਦਵਾਨ ਪੰਜਾਬੀ ਬੋਲੀ ਨੂੰ ਸਾਰੀਆਂ ਉੱਤਰ-ਭਾਰਤੀ ਬੋਲੀਆਂ ਦੀ ‘ਪਟਰਾਣੀ ਬੋਲੀ’ ਮੰਨਦੇ ਹਨ। ਪੰਜਾਬੀ ਦੇ ਅਜਿਹੇ ਹੋਰ ਵੀ ਬਹੁਤ ਸਾਰੇ ਸ਼ਬਦ ਹਨ ਜਿਨ੍ਹਾਂ ਦਾ ਮੂਲ ਤਾਂ ਬੇਸ਼ੱਕ ਸੰਸਕ੍ਰਿਤ ਭਾਸ਼ਾ ਹੀ ਹੈ ਪਰ ਉਸ ਉੱਤੇ ਕੀਤੀ ਗਈ ਬਾਕੀ ਦੀ ਉਸਾਰੀ ਹਿੰਦੀ/ਪੰਜਾਬੀ ਮੁਹਾਂਦਰੇ/ਮੁਹਾਵਰੇ ਵਾਲ਼ੀ ਹੀ ਹੈ।
            ਉਪਰੋਕਤ ਸਾਰੇ ਪ੍ਰਕਰਨ ਤੋਂ ਇੱਕ ਗੱਲ ਇਹ ਵੀ ਸਪਸ਼ਟ ਹੋ ਜਾਂਦੀ ਹੈ ਕਿ ਸਾਡੀਆਂ ਹਿੰਦੀ/ਪੰਜਾਬੀ ਭਾਸ਼ਾਵਾਂ ਦੇ ਸੰਸਕ੍ਰਿਤ ਮੂਲ ਵਾਲ਼ੇ ਸ਼ਬਦਾਂ ਦੀ ਹਰ ਧੁਨੀ ਦੇ ਆਪਣੇ ਵੱਖਰੇ ਅਰਥ ਹਨ, ਜਿਵੇਂ ਵਹਿ ਸ਼ਬਦ ਤੋਂ ਬਣੇ ਬਹਿਕ (ਵਹਿ+ਕ) ਸ਼ਬਦ ਵਿੱਚ ਵ/ਬ, ਹ, ਿ ਅਤੇ ਕ ਦੇ ਆਪਣੇ ਅਰਥ ਹਨ। ਵਾਹਨ ਅਤੇ ਪ੍ਰਵਾਹ ਸ਼ਬਦਾਂ ਵਿੱਚ ਇਸੇ ‘ਵਹਿ’ ਸ਼ਬਦ ਵਿੱਚ ਕੰਨਾ ਜੋੜ ਕੇ ‘ਵਹਿ’ ਦੇ ਅਰਥਾਂ ਨੂੰ ਅੱਗੇ ਵੱਲ ਵਧਾਇਆ ਗਿਆ ਹੈ ਅਤੇ ਸਿਹਾਰੀ ਲਾ ਕੇ ਉਸ (ਵਹਿ) ਦੇ ਅਰਥਾਂ ਨੂੰ ਉੱਥੋਂ ਤੱਕ ਹੀ ਸੀਮਿਤ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹਰ ਅੱਖਰ ਅਤੇ ਇੱਥੋਂ ਤੱਕ ਕਿ ਹਰ ਲਗਾਖਰ ਦੇ ਵੀ ਆਪਣੇ ਅਰਥ ਹਨ। ਹਰ ਸ਼ਬਦ ਵਿੱਚ ਸੰਬੰਧਿਤ ਸ਼ਬਦ ਦੇ ਅਰਥਾਂ ਨੂੰ ਅੰਜਾਮ ਦੇਣ ਲਈ,  ਉਸ ਸ਼ਬਦ ਨੂੰ ਲੁੜੀਂਦੇ ਅਰਥ ਪ੍ਰਦਾਨ ਕਰਨ ਵਾਲ਼ੀਆਂ ਧੁਨੀਆਂ ਦੀ ਹੀ ਵਰਤੋਂ ਕੀਤੀ ਗਈ ਹੈ। ਕਿਸੇ ਵੀ ਸ਼ਬਦ ਵਿੱਚ ਇੱਕ ਵੀ ਧੁਨੀ ਬਿਨਾਂ ਲੋੜ ਤੋਂ ਨਹੀਂ ਵਰਤੀ ਗਈ।
            ਇਸ ਪ੍ਰਕਾਰ ਧੁਨੀਆਂ ਦੇ ਅਰਥਾਂ ਅਨੁਸਾਰ ਵਹਿ ਸ਼ਬਦ ਦੇ ਅਰਥ ਹਨ- ਵਹਿ ਜਾਣਾ (ਪਾਣੀ ਦਾ ਵਗਣਾ ਜਾਂ ਪਾਣੀ ਦੀਆਂ ਲਹਿਰਾਂ ਜਾਂ ਖ਼ਿਆਲਾਂ ਦੀ ਲੜੀ ਆਦਿ ਵਿੱਚ ਵਹਿ ਜਾਣਾ); ਇੱਕ ਸਥਿਤੀ ‘ਚੋਂ ਨਿਕਲ਼ ਕੇ ਦੂਜੀ ਸਥਿਤੀ ਵਿੱਚ ਚਲੇ ਜਾਣਾ। ‘ਵਹਿ’ ਤੋਂ ਹੀ ਹਿੰਦੀ/ਪੰਜਾਬੀ ਭਾਸ਼ਾਵਾਂ ਦੇ ਕਈ ਹੋਰ ਸ਼ਬਦ ਵੀ ਬਣੇ ਹਨ, ਜਿਵੇਂ: ਪ੍ਰਵਾਹ= ਪ੍ਰ+ਵਹਿ/ प्र+वह (ਵਹਿਣ, ਵਹਾਅ, ਵੇਗ; ਜਲ ਵਿੱਚ ਵਹਾਉਣ ਦੀ ਕਿਰਿਆ: ਇੱਥੇ ਵੀ ਕੰਨਾ ਵਧੇਤਰ ਲਾ ਕੇ ਵਹਿ (वह) ਤੋਂ ਵਾਹ (ਪ੍ਰਵਾਹ/प्रवाह ਵਿਚਲਾ वाह)  ਸ਼ਬਦ ਬਣਾਇਆ ਗਿਆ ਹੈ), ਵਹਿਣ= ਵਹਿ+ਣ (ਵਹਾਅ, ਰੋੜ੍ਹ); ਵਹਾਅ= ਵਹਿ+ਆ/बहाव= बह+आ+व (ਰੋੜ੍ਹ, ਰਵਾਨੀ), ਵਹੀਣ= ਵਹਿ+ਈ+ਣ (ਨਾਲ਼ੀ, ਮੋਰੀ), ਅਤੇ ਵਾਹਨ/वाहन= ਗੱਡੀ/ ਕੋਈ ਸਵਾਰੀ (ਅੱਗੇ ਵੱਲ/ਦੂਜੀ ਥਾਂ ਵੱਲ ਜਾਣ ਵਾਲ਼ੀ) ਆਦਿ।
           ਬਹਿਕ/ਬਹਿਕਾਉਣਾ ਆਦਿ ਸ਼ਬਦਾਂ ਵਿੱਚ ਵੀ ਵਹਿ ਸ਼ਬਦ ਦੇ ਇਹੋ ਹੀ ਅਰਥ ਕੰਮ ਕਰ ਰਹੇ  ਹਨ। ਸਪਸ਼ਟ ਹੈ ਕਿ ਕਿਸੇ ਦੁਆਰਾ ਬਹਿਕਾਇਆ/ਫੁਸਲਾਇਆ/ਭੁਚਲਾਇਆ/ਭਰਮਾਇਆ ਗਿਆ ਵਿਅਕਤੀ ਉਸ ਵਿਅਕਤੀ ਦੀਆਂ ਗੱਲਾਂ ਵਿੱਚ ਆ ਕੇ ਅਗਲੇ ਦੀ ਮਰਜ਼ੀ ਅਨੁਸਾਰ ਹੀ ਕੰਮ ਕਰੇਗਾ। ਵਹਿ/ਬਹਿ ਸ਼ਬਦ ਦੇ ਇਹਨਾਂ ਅਰਥਾਂ ਕਾਰਨ ਹੀ ਬਹਿਕ ਸ਼ਬਦ ਦੇ ਅਰਥ ਹਨ- ਬਹਿਕ ਜਾਣਾ ਅਰਥਾਤ ਕਿਸੇ ਦੀਆਂ ਗੱਲਾਂ ਵਿੱਚ ਆ ਕੇ (ਆਪਣੇ ਪਹਿਲੇ ਸਥਾਨ/ਪਹਿਲੀ ਵਿਚਾਰਧਾਰਾ ਨੂੰ ਤਿਆਗ ਕੇ) ਉਸ ਦੇ ਮਗਰ ਲੱਗ ਤੁਰਨਾ (ਵਹਿ/वह ਸ਼ਬਦ ਦੇ ਅਰਥ)।
             ਇਸ ਪ੍ਰਕਾਰ ‘ਬਹਿ’ ਸ਼ਬਦ ਵਿੱਚ ਕ ਧੁਨੀ ਦੇ ਜੁੜ ਜਾਣ ਨਾਲ਼ ਇਹ ਸ਼ਬਦ ਬਹਿ ਤੋਂ ਬਦਲ ਕੇ ਬਹਿਕ ਹੋ ਗਿਆ ਹੈ। ਸ਼ਬਦ-ਰਚਨਾ ਵਿੱਚ ਆਮ ਤੌਰ ‘ਤੇ ਕ ਧੁਨੀ ਦੇ ਅਰਥ ਹੁੰਦੇ ਹਨ- ਕੰਮ ਦਾ ਹੋਣਾ/ਕੀਤੇ ਜਾਣਾ ਜਾਂ ਕੰਮ ਨੂੰ ਕਰਨ ਵਾਲ਼ਾ ਅਰਥਾਤ ਕਰਤਾ।
       ਜੇਕਰ ਧੁਨੀ-ਪਰਿਵਰਤਨ ਪੱਖੋਂ ਹਿੰਦੀ ਭਾਸ਼ਾ ਦੇ ਇੱਕ ਵਿਸ਼ੇਸ਼ ਪੱਖ ਵੱਲ ਧਿਆਨ ਦਿੱਤਾ ਜਾਵੇ ਤਾਂ ਇਸ ਵਿੱਚ ਵਹਿ/ ਬਹਿ ਸ਼ਬਦਾਂ ਵਾਂਗ ਵ ਅੱਖਰ ਅਕਸਰ ਬ ਅੱਖਰ ਵਿੱਚ ਬਦਲ ਜਾਂਦਾ ਹੈ, ਜਿਵੇਂ: ਵਾਲ਼ (ਪੰਜਾਬੀ)= ਬਾਲ/बाल (ਹਿੰਦੀ); ਵੇਲ (ਪੰਜਾਬੀ)= ਬੇਲ/बेल (ਹਿੰਦੀ); ਵੇਲ਼ਾ (ਪੰਜਾਬੀ)= ਬੇਲਾ/बेला (ਹਿੰਦੀ); ਵਿੱਚ (ਪੰਜਾਬੀ)= ਬੀਚ/बीच (ਹਿੰਦੀ); ਵਿਕ (ਪੰਜਾਬੀ)= ਬਿਕ/बिक (ਹਿੰਦੀ) ਆਦਿ। ਪਰ ਕਦੇ-ਕਦੇ ਇਹ ਕਿਰਿਆ ਇਸ ਤੋਂ ਉਲਟ ਵੀ ਵਾਪਰ ਜਾਂਦੀ ਹੈ, ਜਿਵੇਂ: ਹਿੰਦੀ/ਸੰਸਕ੍ਰਿਤ ਭਾਸ਼ਾਵਾਂ ਦਾ ਸ਼ਬਦ ‘ਵਿਵੇਕ’, ਪੰਜਾਬੀ ਵਿੱਚ ਆ ਕੇ  ‘ਬਿਬੇਕ’ ਹੋ ਗਿਆ ਹੈ ਅਤੇ ਵਾਣੀ (ਸੰਸਕ੍ਰਿਤ) ਸ਼ਬਦ ਪੰਜਾਬੀ ਵਿੱਚ ‘ਬਾਣੀ’ ਬਣ ਗਿਆ ਹੈ, ਆਦਿ।
        ਉਪਰੋਕਤ ਸ਼ਬਦਾਂ ਵਿੱਚੋਂ ਸੰਸਕ੍ਰਿਤ ਭਾਸ਼ਾ ਦਾ ਵੇਲਾ (वेला) ਇੱਕ ਅਜਿਹਾ ਸ਼ਬਦ ਹੈ ਜਿਸ ਦੀ ਵਰਤੋਂ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਭਾਰਤ ਦੇ ਪ੍ਰਾਚੀਨ ਗ੍ਰੰਥਾਂ ਵਿੱਚ ਵੀ ਇਸੇ ਹੀ ਰੂਪ ਅਤੇ ਅਰਥਾਂ ਵਿੱਚ ਹੋਈ ਦੱਸੀ ਜਾਂਦੀ ਹੈ। ‘ਪੰਜਾਬੀ ਸ਼ਬਦ-ਰੂਪ ਤੇ ਸ਼ਬਦ-ਜੋੜ ਕੋਸ਼’ ਅਨੁਸਾਰ ਇਸ ਦਾ ਮਿਆਰੀ ਰੂਪ ‘ਵੇਲ਼ਾ’ (ਲ ਪੈਰ ਬਿੰਦੀ) ਹੈ। ਸ਼ਾਇਦ ਮਾਝੇ ਅਤੇ ਮਾਲਵੇ ਵਿੱਚ ਤਾਂ ਇਸ ਸ਼ਬਦ ਦਾ ਉਚਾਰਨ ‘ਵੇਲ਼ਾ’ ਹੀ ਹੈ ਪਰ ਦੁਆਬੇ ਵਿੱਚ ਇਹ ਲ ਅੱਖਰ ਨਾਲ਼ ‘ਵੇਲਾ’ ਹੀ ਉਚਾਰਿਆ ਜਾਂਦਾ ਹੈ। ਸੰਸਕ੍ਰਿਤ- ਵਿਦਵਾਨਾਂ ਅਨੁਸਾਰ ਪੰਜਾਬੀ ਦੀ ਇਸ ਉਲਟ-ਜੀਭੀ ਧੁਨੀ ਲ਼ ਦੀ ਬੋਲ-ਚਾਲ ਵਾਲ਼ੀ ਬੋਲੀ ਵਿੱਚ ਵਰਤੋਂ ਵੀ ਬਹੁਤ ਪ੍ਰਾਚੀਨ ਸਮਿਆਂ ਤੋਂ ਹੀ ਚੱਲੀ ਆ ਰਹੀ ਹੈ। ‘ਪੰਜਾਬੀ ਸ਼ਬਦ-ਰੂਪ ਤੇ ਸ਼ਬਦ-ਜੋੜ ਕੋਸ਼’ ਵਾਲ਼ਿਆਂ ਵੱਲੋਂ ਇਸ ਨੂੰ ਗੁਰਮੁਖੀ ਲਿਪੀ ਵਿੱਚ ਪਿਛਲੀ ਸਦੀ ਦੇ ਦੂਜੇ ਅੱਧ ਵਿੱਚ 41 ਵੇਂ ਅੱਖਰ ਵਜੋਂ ਮਾਨਤਾ ਦੇ ਕੇ ਸਦਾ ਲਈ ਲੁਪਤ ਹੋਣ ਤੋਂ ਬਚਾ ਲਿਆ ਗਿਆ ਹੈ। ਰਾਜਸਥਾਨ, ਹਰਿਆਣਾ ਅਤੇ ਪੱਛਮੀ ਯੂ.ਪੀ. ਆਦਿ ਦੀਆਂ ਬੋਲ-ਚਾਲ ਦੀਆਂ ਬੋਲੀਆਂ ਵਿੱਚ ਵੀ ਇਸ ਧੁਨੀ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਸ਼ਾਇਦ ਹੀ ਹੈ ਜੇਕਰ ਪੰਜਾਬੀ ਦੀ ਲਿਪੀ ਗੁਰਮੁਖੀ ਤੋਂ ਬਿਨਾਂ ਕਿਸੇ ਹੋਰ ਬੋਲੀ ਦੀ ਲਿਪੀ ਵਿੱਚ ਵੀ ਇਸ ਧੁਨੀ ਨੂੰ ਲਿਖਤੀ ਰੂਪ ਦੇਣ ਲਈ ਲ਼ ਵਾਂਗ ਬਾਕਾਇਦਾ ਇੱਕ ਅੱਖਰ ਦੇ ਤੌਰ ‘ਤੇ ਸ਼ਾਮਲ ਕੀਤਾ ਗਿਆ ਹੋਵੇ।
            ਸੋ, ‘ਵਹਿ’ ਸ਼ਬਦ ਦੇ ਧੁਨੀ-ਪਰਿਵਰਤਨ (ਵ ਤੋਂ ਬ) ਉਪਰੰਤ ਪਹਿਲਾਂ ਇਸ ਤੋਂ ‘ਬਹਿ’ ਸ਼ਬਦ ਬਣਿਆ ਅਤੇ ਫਿਰ ਇਸ ਤੋਂ ਬਹਿਕ, ਬਹਿਕਣਾ, ਬਹਿਕਾਵਾ ਅਤੇ ਬਹਿਕਾਉਣਾ ਆਦਿ ਸ਼ਬਦ ਬਣੇ ਹਨ।
ਜਸਵੀਰ ਸਿੰਘ ਪਾਬਲਾ, 
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ. 9888403052.
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article*ਅਧਿਆਪਕ ਦਿਵਸ ਮੌਕੇ ਸੰਗਰੂਰ ਵਿੱਚ ਬੇਰੁਜਗਾਰ ਈ ਟੀ ਟੀ ਅਧਿਆਪਕਾਂ ਤੇ ਲਾਠੀਚਾਰਜ ਦੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਸਖਤ ਨਿਖੇਧੀ
Next article‘ਸਰਬੱਤ ਦਾ ਭਲਾ ਟਰੱਸਟ’ ਵੱਲੋਂ ਹੜ੍ਹਾਂ ਕਾਰਨ ਨੁਕਸਾਨੇ ਘਰਾਂ ਦੀ ਮੁੜ ਉਸਾਰੀ ਦੀ ਸੇਵਾ ਸ਼ੁਰੂ