ਫ਼ਲੈਟ ਤੋਂ ਫ਼ਲੈਟ ਤੱਕ

(ਸਮਾਜ ਵੀਕਲੀ) ਮੈਂ ਜਦੋਂ ਸੀ੍ਰ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਬਾਅਦ ਗੁਰਦੁਆਰੇ ਤੋਂ ਆਪਣੇ ਫ਼ਲੈਟ ਵਿਚ ਆਇਆ ਤਾਂ ਮੇਰੇ ਮਿੱਤਰ ਨਾਹਰ ਸਿੰਘ ਦੇ ਫ਼ਲੈਟ ਦੇ ਅੱਗੇ ਪੁਲਿਸ ਦੀ ਕਾਰ ਅਤੇ ਐਂਬੂਲੈਂਸ ਤੱਕ ਕੇ ਸਹਿਮ ਗਿਆ।ਆਲੇ- ਦੁਆਲੇ ਦੇ ਫ਼ਲੈਟਾਂ ਵਾਲਿਆਂ ਤੋਂ ਪੁੱਛਣ ਤੋਂ ਬਾਅਦ ਪਤਾ ਲੱਗਿਆ ਕਿ ਨਾਹਰ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।ਮੈਂ ਸੋਚਿਆ ਕਿੰਨੇ ਦੁੱਖ ਦੀ ਗੱਲ ਏ,ਮਰਨ ਲiੱਗਆਂ ਉਸਦੇ ਘਰਦਿਆਂ ਦਾ ਕੋਈ ਭੀ ਬੰਦਾ ਉਸਦੇ ਕੋਲ ਨਹੀਂ ਸੀ।ਉਂਜ ਤਾਂ ਉਸਨੇ ਮੈਨੂੰ ਰਾਤ ਹੀ ਕਹਿ ਦਿੱਤਾ ਸੀ ”ਪ੍ਰੇਮ ਸਿਹਾਂ ਮੇਰੀ ਤਬੀਅਤ ਕੁਝ ਢਿੱਲੀ ਜਿਹੀ ਏ,ਕੱਲ੍ਹ ਮੈਥੋਂ ਗੁਰਦੁਆਰੇ ਨਹੀਂ ਜਾ ਹੋਣਾ,ਤੂੰ ਕੱਲਾ ਹੀ ਚਲਾ ਜਾਈਂ।”
ਮੈਂ ਉਸਨੂੰ ਕਿਹਾ,”ਜੇ ਤੂੰ ਠੀਕ ਨਹੀਂ ਤਾਂ ਮੈਂ ਗੁਰਦੁਆਰੇ ਨਹੀਂ ਜਾਂਦਾ,ਮੈਂ ਤੇਰੇ ਕੋਲ ਰਹਿ ਪੈਨਾ ਹਾਂ,ਕੋਈ ਤਾਂ ਤੇਰੀ ਦੇਖਭਾਲ ਕਰਨ ਵਾਲਾ ਤੇਰੇ ਕੋਲ ਹੋਣਾ ਚਾਹੀਦਾ ਹੈ ।”
ਕਹਿਣ ਲiੱਗਆ,”ਪ੍ਰੇਮ ਸਿਹਾਂ ਲੈ ਮੇਰੀ ਤਬੀਅਤ ਨੂੰ ਕੀ ਹੋਇਆ ਏ,ਇਕ ਅੱਧੀ ਗੋਲੀ ਲੈਕੇ ਪੈਜੂੰ ,ਤਬੀਅਤ ਸਵੇਰ ਤੱਕ ਆਪੇ ਠੀਕ ਹੋ ਜਾਵੇਗੀ। ਇਸ ਉਮਰ ਵਿਚ ਆਕੇ ਕੂਝ ਨਾ ਕੂਝ ਦੁਖਦਾ ਹੀ ਰਹਿਣੈ,ਮਾੜੀ ਜਿਹੀ ਗੱਲ ਪਿੱਛੇ ਆਪਣੇ ਕੰਮ ਥੋਹੜੀ ਛੱਡ ਦੇਈਦੇ ਹਨ,ਤੂੰ ਗੁਰਦੁਆਰੇ ਜਰੂਰ ਜਾਈਂ,ਤਬੀਅਤ ਤਾਂ ਹੁਣ ਅੱਗੇ (ਮਰਨ ਤੋਂ ਬਾਅਦ )ਜਾਕੇ ਹੀ ਠੀਕ ਹੋਵੇਗੀ।”
ਹੁਣ ਮੈਂ ਪਛਤਾ ਰਿਹਾ ਸੀ ਕਿ ਕਿਉਂ ਨਾ ਰਾਤ ਮੈਂ ਉਸਦੇ (ਨਾਹਰ ਸਿੰਘ ) ਕੋਲ ਰਿਹਾ।ਜੇ ਰਾਤ ਉਸ ਕੋਲ ਰਹਿ ਪੈਂਦਾ ਤਾਂ ਕਮ-ਅਜ-ਕਮ ਹੋਰ ਨਹੀਂ ਤਾਂ ਐਂਬੂਲੈਂਸ ਤਾਂ ਬੁਲਾ ਹੀ ਲੈਂਦਾ, ਉਸਨੂੰ ਘਾਲੋਂ ਨਹੀਂ ਸੀ ਕਰਨ ਦੇਣੀ ,ਖੋਰੇ ਹਸਪਤਾਲ ਜਾਕੇ ਠੀਕ ਹੋ ਜਾਂਦਾ ,ਪਰ ਨਹੀਂ ਇਹ ਤਾਂ ਇਵੇਂ ਹੀ ਹੋਣਾ ਸੀ,ਹੋਣੀ ਵੀ ਕਦੇ ਟਲੀ ਏ,ਜੇ ਉਸਦੀ ਇੰਨੀ ਹੀ ਲਿਖੀ ਸੀ ਤਾਂ ਮੈਂ ਕੀ ਕਰ ਲੈਣਾ ਸੀ,ਨਾਲੇ ਵਧੀ ਦੇ ਤਾਂ ਸੌ ਇਲਾਜ ਹਨ ਘਟੀ ਦਾ ਕੋਈ ਇਲਾਜ ਨਹੀਂ। ਇਹ ਤਾਂ ਮਨ ਨੂੰ ਤੱਸਲੀਦੇਣ ਦੀਆਂ ਗੱਲਾਂ ਹਨ ਜੇ ਮੈਂ ਆਹ ਕਰ ਲੈਂਦਾ, ਤਾਂ ਆਹ ਹੋ ਜਾਂਦਾ,ਜੇ ਮੈਂ ਹੁੰਦਾ ਤਾਂ ਇਹ ਕਰ ਲੈਂਦਾ।ਉਸਦੀ ਕਹੀ ਹੋਈ ਗੱਲ ਸੱਚੀ ਹੋਗਈ ।ਉਸਨੇ ਇਕ ਵਾਰੀ ਕਿਹਾ ਸੀ,”ਪ੍ਰੇਮ ਸਿਹਾਂ ,ਇਸ ਦੁਨਿਆਂ ਵਿਚ ਕੱਲੇ ਆਏ ਸੀ ਤੇ ਕiੱਲਆਂ ਹੀ ਚਲੇ ਜਾਣਾ ਐਂ,ਨਾ ਕਿਸੇ ਦਾ ਕੋਈ ਪੁੱਤ,ਨਾ ਕਿਸੇ ਦੀ ਕੋਈ ਧੀ ,ਸਭ ਆਪਣੀ ਆਪਣੀ ਗਰਜ ਨੂੰ ਬੱਝੇ ਹੋਏ ਹਨ ,ਲੋੜ ਪੁਰੀ ਹੋਈ ਤਾਂ ਫੇਰ ਮੈਂ ਕੌਣ ਤੇ ਤੂੰ ਕੌਣ।”
ਉਸਦੀ ਤੈ ਮੇਰੀ ਜਾਣ ਪਛਾਣ ਪੰਜ ਸਾਲ ਪਹਿਲ਼ਾਂ ਹੀ ਹੋਈ ਸੀ ,ਜਦੋਂ ਉਹ ਨਵਾਂ ਨਵਾਂ ਮੇਰੇ ਨਾਲ ਦੇ ਫ਼ਲੈਟ ਵਿਚ ਰਹਿਣ ਵਾਸਤੇ ਆਇਆ ਸੀ।ਇਹ ਸਟੂਡੀਉ ਫ਼ਲੈਟਸ ਖਾਸ ਕਰਕੇ ਮੇਰੇ ਵਰਗੇ ਬੁੜ੍ਹਿਆਂ ਵਾਸਤੇ ਕੌਂਸਲ ਨੇ ਬਣਾਏ ਸਨ,ਇਨ੍ਹਾਂ ਫ਼ਲੈਟਾਂ ਵਿਚ ਹਰ ਤਰ੍ਹਾਂ ਦੀ ਸਹੂਲੀਅਤ ਹੁੰਦੀ ਹੈ, ਅਤੇ ਸਕਿਉਰਿਟੀ ਦਾ ਪੂਰਾ ਇੰਤਜ਼ਾਮ ਹੁੰਦਾ ਹੈ। ਇਜਾਜਤ ਤੋਂ ਬਗੈਰ ਕੋਈ ਵੀ ਇਨ੍ਹਾਂ ਫ਼ਲੈਟਾ ਵਿਚ ਨਹੀਂ ਆ ਸਕਦਾ ।ਸਾਡੀ ਥੋਹੜੀ ਬਹੂਤ ਜਾਣ -ਪਛਾਣ ਗੁੜੀ੍ਹ ਦੋਸਤੀ ਵਿਚ ਬਦਲ ਗਈ ।ਮੈਂ ਜਦੋਂ ਵੀ ਉਸਨੂੰ ਉਸਦੇ ਘਰਦਿਆਂ ਬਾਰੇ ਪੁiੱਛਆਂ ਤਾਂ ਉਹ ਹੌਂਕਾ ਲੈਕੇ ਹਮੇਸ਼ਾਂ ਕਹਿੰਦਾ ਹੁੰਦਾ ਸੀ। “ ਪੈ੍ਰਮ ਸਿਹਾਂ ‘ਈਸਬਗੋਲ ਤੇ ਨਾ ਫ਼ਰੋਲ’, ਢਕੀ ਰਿੱਝੇ ਤੇ ਕੋਈ ਨਾ ਬੁਝੇ ਕਿਹੜੀਆਂ ਧੀਆਂ ਤੇ ਕਿਹੜੇ ਪੁੱਤ ਸਭ ਖਾਣਸੂਰੇ ਹਨ,ਪੈਸੇ ਦੇ ਭੁੱਖੇ ਹਨ ਸਾਰੇ।ਜਿੰਨਾ ਚਿਰ ਤੁਹਾਡੇ ਕੋਲ ਪੈਸਾ ਹੁੰਦਾ ਹੈ ਤੁਹਾਡੇ ਮਗਰ-ਮਗਰ ਫਿਰਦੇ ਰਹਿਣਗੇ,ਇਕ ਵਾਰੀ ਪੈਸਾ ਦੇ ਦਿਉ ਫੇਰ ਤਾਂ ਪਛਾਣਦੇ ਵੀ ਨਹੀਂ,ੲੈਦੁੰਤਾਂ ਬੰਦਾ ਔਂਤਰਾ ਹੀ ਚੰਗਾ ਏ।” ਉਸਦੀਆਂ ਗੱਲਾਂ ਸੁਣਕੇ ਮੇਰੀਆਂ ਅੱਖਾਂ ‘ਚ ਆਏ ਹੰਜੂਆਂ ਨੂੰ ਤੱਕ ਕੇ ਉਸਨੇ ਕਿਹਾ,”ਜੇ ਮੈਂ ਕੋਈ ਗਲਤ ਗੱਲ ਕਹਿ ਦਿੱਤੀ ਹੋਵੇ ਤਾਂ ਮੈਨੰ ਮਾਫ਼ ਕਰ ਦੇਈਂ,ਸ਼ਾਇਦ ਮੈਂ ਕੁਝ ਜਿਆਦਾ ਹੀ ਬੋਲ ਗਿਆ।”
ਮੈਂ ਉਸਨੂੰ ਕਿਹਾ, “ ਨਾਹਰ ਸਿਹਾਂ,ਐਂਵੇ ਹੀ ਦਿਲ ਭਰ ਆਇਆ ਮੇਰੀ ਕੋਈ ਅੋਲਾਦ ਨਹੀਂ ਨਾ ਹੇਗੀ ।ਮੈਂ ਤਾਂ ਕਹਿਨਾ ਹਾਂ ਕੋਈ ਔਂਤਰਾ ਨਾ ਮਰੇ,ਜੇ ਕਿਸੇ ਦਾ ਧੀ -ਪੁੱਤ ਹੋਉ ਤਾਂ ਬੰਦਾ ਕਹਿਣ ਜੋਗਾ ਤਾਂ ਹੁੰਦਾ ਹੈਕਿ ਮੇਰੇ ਵੀ ਬੱਚੇ ਹਨ।ਘਰਵਾਲੀ ਦਾ ਸਾਥ ਵੀ ਛੁੱਟ ਗਿਆ ਹੁਣ ਤਾਂ ਕੱਲੇ ਹੀ ਰਹਿਗੇ ਸਵਾ ਲੱਖ।ਅਖੇ ਲੰਡਾ ਚਿੜਾ ਪਹਾੜਾਂ ਦਾ ਸਾਥੀ,ਮੈਂ ਕਿਸਨੂੰ ਆਵਦਾ ਕਹਾਂ।ਡਾਕਟਰੀ ਇਲਾਜ ਵੀ ਬਥੇਰੇ ਕਰਵਾਕੇ ਦੇਖ ਲਏ,ਪਰ ਨਾਹਰ ਸਿਹਾਂ ਜਦੋਂ ਬiੱਚਆਂ ਵਾਲੀ ਲਕੀਰ ਹੀ, ਹੈ ਨਹੀਂ ਤਾਂ ਵਿਚਾਰੇ ਡਾਕਟਰ ਵੀਕੀ ਕਰਨਗੇ।ਫੇਰ ਸੋਚਿਆ ਮਨਾ ਪੈਸੇ ਜੋੜਕੇ ਕੀ ਕਰਨੇ ਹਨ,ਪਿੱਛੇ ਸੰਭਾਲਣ ਵਾਲਾ ਤਾਂ ਕੋਈ ਹੈ ਨਹੀਂ,ਇਸੇ ਕਰਕੇ ਨਾਲ ਦੀ ਨਾਲ ਹੀ ਖਰਚੀ ਜਾਈਦੇ ਹਨ।”
ਅੰਦਰੋਂ ਅਸੀਂ ਦਵੇਂ ਦੁਖੀ ਸੀ।ਕਈ ਵਾਰੀ ਮੈਂ ਸੋਚਦਾ ਹੁੰਦਾ ਸੀ ਜਿਸਦੇ ਬੱਚੇ ਨਹੀਂ ਹਨ ਉਸਨੇ ਤਾਂ ਦੁਖੀ ਹੋਣਾ ਹੀ ਸੀ,ਇੱਥੇ ਤਾਂ ਬੱਚਿਆਂ ਵਾਲੇ ਵੀ ਦੁਖੀ ਹਨ
ਇਕ ਦਿਨ ਉਹ ਆਪਣੀ ਜ਼ਿੰਦਗੀ ਬਾਰੇ ਦੱਸਣ ਲੱਗਿਆ ਤਾਂ ਹਟਿਆ ਹੀ ਨਾ,ਸ਼ਾਇਦ ਉਹ ਆਪਣਾ ਦੁਖ ਕਿਸੇ ਨਾਲ ਸਾਂਝਾ ਕਰਨਾ ਚਾਹੂੰਦਾ ਸੀ।ਕਹਿਣ ਲiੱਗਆ,”ਪੇ੍ਰਮ ਸਿਹਾਂ ਪੰਜਾਹ ਵਰੇ੍ਹ ਹੋ ਗਏ ਘਰੋਂ ਨਿਕਲਿਆਂ ਨੂੰ ਸੱਤਰ ਸਾਲ ਦੀ ਉਮਰ ਹੋ ਗਈ ਹੈ ਮੇਰੀ।ਸਾਰੀ ਉਮਰ ਹੀ ਜੱਦੋ-ਜਹਿਦ ਵਿਚ ਨਿਕਲ ਗਈ।ਵਲੈਤ ਆਉਣ ਲੱਗਿਆਂ ਬਾਪੂ ਨੇ ਚੰਗੀ ਤਰ੍ਹਾਂ ਪੱਕਾ ਕਰਕੇ ਘੱਲਿਆ ਸੀਕਿ ਪਿੱਛਾ ਸਵਾਰੀਂ ,ਸਾਨੂੰ ਭੁੱਲ ਨਾ ਜਾਈਂ ,ਤੇ ਪ੍ਰੇਮ ਸਿਹਾਂ ਮੈਂ ਅੱਗਾ ਭੁੱਲਕੇ ਪਿੱਛਾ ਸਵਾਰਦਾ ਰਿਹਾ।ਫੌਂਡਰੀ (ਫ਼ਾਉਂਡਰੀ) ਤੋਂ ਲੈਕੇ ਲੌਂਡਰੀ ਤੱਕ,ਕਾਰਾਂ ਦੀ ਫ਼ਕਟਰੀ ਤੋਂ ਲੈਕੇ ਕੱਪੜੇ ਸੀਣ ਵਾਲੀ ਫੈਕਟਰੀ ਤੱਕ ਕਿਹੜਾ ਕੰਮ ਸੀ ਜਿਹੜਾ ਨਹੀਂ ਸੀ ਕੀਤਾ।ਫੇਰ ਕਈ ਵਰੇ੍ਹ ਦੁਕਾਨ ਵਿਚ ਹੱਡ ਭੰਨਵੀਂ ਮਿਹਨਤ ਕੀਤੀ।ਪੰਜ ਵਜੇ ਸਵੇਰੇ ਦੁਕਾਨ ਖੋਲ੍ਹਣੀ ਅਤੇ ਰਾਤ ਦੇ ਗਿਅਰਾਂ ਵੱਜ ਜਾਣੇ ਦੁਕਾਨ ਬੰਦ ਕਰਦਿਆਂ ਨੂੰ,ਨਾ ਚੱਜ ਨਾਲ ਸੁੱਤੇ ਨਾ ਚੱਜ ਨਾਲ ਖਾਧਾ,ਸੋਚਿਆ ਚਾਰ ਪੈਸੇ ਹੀ ਬਣਨਗੇ।ਮੇਰੀ ਮਾਂ ਬਚਪਨ ਵਿਚ ਹੀ ਮਰ ਗਈ ਸੀਤੇ ਫੇਰ ਬਾਪੂ ਨੇ ਦੂਜਾ ਵਿਆਹ ਕਰਵਾ ਲਿਆ।ਮੇਰੀਆਂ ਦੋ ਚਚੇਰੀਆਂ ਭੈਣਾਂ ਅਤੇ ਇਕ ਚਚੇਰਾ ਭਰਾ ਹੈ।ਘਰ ਪੰਡਾ ਦੀਆਂ ਪੰਡਾਂ ਪੈਸਾ ਭੇਜਿਆ।ਬਾਪੂ ਨੇ ਅੱਖਾਂ ਮੀਚੀਆਂ ਤਾਂ ਘਰਦਿਆਂ ਨੇ ਵੀ ਅੱਖਾਂ ਫੇਰ ਲਈਆਂ।ਜਿੰਨਾ ਮੈਂ ਪੈਸਾ ਘੱਲਿਆਂ ਸੀ ਉਹ ਤਾਂ ਨੱਪ ਹੀ ਗਏ ਸਾਡੀ ਜੱਦੀ ਜਮੀਨ ਅਤੇ ਘਰ ਵੀ ਆਵਦੇ ਨਾਂ ਲੂਆ ਲਿਆ।ਇਕ ਵਾਰੀ ਭਾਰਤ ਜਾਕੇ ਜਦੋਂ ਭਰਾ ਨੂੰ ਪੈਸੇ ਦਾ ਹਿਸਾਬ ਕਿਤਾਬ ਕਰਨ ਵਾਸਤੇ ਕਿਹਾ ਤਾਂ ਉਸਨੇ ਬੰਦੂਕ ਕੱਢ ਲਈ ਅਤੇ ਕਹਿਣ ਲiੱਗਆ “ਵੀਰਜੀ ਕਾਹਦਾ ਹਿਸਾਬ ਕਿਤਾਬ, ਕੋਈ ਹਿਸਾਬ ਕਿਤਾਬ ਨਹੀਂ ,ਜੇ ਭਲੀ ਚਾਹੂੰਦੇ ਹੋ ਤਾਂ ਇੱਥੋਂ ਚਲੇ ਜਾਉ। ਘਰਵਾਲੀ ਕਹਿਣ ਲੱਗੀ ਜੀ ਜਾਨ ਹੈ ਤਾਂ ਜਹਾਨ ਹੈ ਜੇ ਇਨ੍ਹਾਂ ਨੇ ਤੁਹਾਨੂ ਕੁਝ ਕਰ ਦਿੱਤਾ ਤਾਂ ਕੀ ਕਰਾਂਗੇ, ਪੈਸਾ ਤਾਂ ਫੇਰ ਬਣ ਜਾਵੇਗਾ । ਉਸੇ ਦਿਨ ਹੀ ਬੋਰੀਆ ਬਿਸਤਰਾ ਚੁੱਕ ਕੇ ਅਤੇ ਟਿਕਟ ਬਦਲਾਕੇ ਅਸੀਂ ਵਲੈਤ ਆ ਗਏ। ਪ੍ਰੇਮ ਸਿਹਾਂ ਸੁਣ ਰਿਹਾ ਹੈਂ ਨਾ।”
ਮੈਂ ਉਸਨੂੰ ਕਿਹਾ ,” ਮੈਂ ਸੁਣ ਰਿਹਾ ਹਾਂ ,ਤੁੰ ਸੁਣਾਈ ਚੱਲ,ਤੂੰ ਮੇਰਾ ਫ਼ਿਕਰ ਨਾ ਕਰ।”
“ਤਾਂ ਫੇਰ ਠੀਕ ਹੈ,ਇਹ ਕਹਿਕੇ ਉਸਨੇ ਆਪਣੀ ਹੱਡਬੀਤੀ ਨੂੰ ਅੱਗੇ ਤੋਰਦੇ ਹੋਏ ਕਿਹਾ,ਪਹਿਲ਼ਾਂ ਪਹਿਲਾਂ ਤਾਂ ਇੱਕੋ ਘਰ ਵਿਚ ਦਸ-ਬਾਰਾਂ ਜਣੇ ਰਹਿੰਦੇ ਸੀ ਤੇ ਟੁਆਇਲਟ ਵੀ ਇੱਕੋ ਹੁੰਦੀ ਸੀ ਉਹ ਵੀ ਘਰ ਦੇ ਬਾਹਰ ਹੁੰਦੀ ਸੀ ਅੱਜਕਲ੍ਹ ਵਾਂਗ ਸੈਂਟਰਲ ਹੀਟਿੰਗ ਵੀ ਨਹੀਂ ਸੀ ਹੁੰਦੀ ਠੰਡ ਵੀ ਇੰਨੀ ਪੈਂਦੀ ਸੀ ਕਿ ਰਹੇ ਰੱਬ ਦਾ ਨਾਂ।ਇਕ ਹੀਟਰ ਹੂੰਦਾ ਸੀ ਜਿਸ ਕਮਰੇ ਵਿਚ ਬਹਿਣਾ ਹੁੰਦਾ ਸੀ ਗਰਮ ਕਰ ਲਈਦਾ ਸੀ,ਬਾਕੀ ਸਾਰਾ ਘਰ ਗੜਾ ਬਣਿਆਂ ਰਹਿੰਦਾ ਸੀ,ਉਨ੍ਹਾਂ ਦਿਨਾਂ ਵਿਚ ਸਨੋ ਵੀ ਗੋਡੇ-ਗੋਡੇ ਪੈਦੀ ਸੀ। ਕਿਰਾਏ ਦੇ ਘਰ ਵਿਚ ਇਸ ਕਰਕੇ ਰਹਿ ਰਿਹਾ ਸੀ,ਸੋਚਿਆਂ ਸੀ ਕਿਹੜਾ ਸਾਰੀ ਉਮਰ ਇੱਥੇ ਰਹਿਣਾ ਹੈ,ਹੱਦੋਂ ਵੱਧ ਚਾਰ ਜਾਂ ਪੰਜ ਸਾਲ ਹੱਡ ਭੰਨਵੀਂ ਮਿਹਨਤ ਕਰਕੇ ਘਰ ਪੈਸੇ ਘੱਲਾਂਗੇ,ਅਤੇ ਫੇਰ ਭਾਰਤ ਜਾਕੇ ਠਾਠ ਨਾਲ ਰਹਾਂਗੇ।।ਭਾਰਤ ਗਿਆ ਤਾਂ ਠਾਠ ਤਾਂ ਛੋਟੇ ਭਰਾ ਨੇ ਬੰਦੂਕ ਦਿਖਾਕੇ ਕਰਾ ਦਿੱਤੀ।” ਇਹ ਗੱਲ ਕਹਿਕੇ ਨਾਹਰ ਸਿੰਘ ਆਪੇ ਹੀ ਹੱਸ ਪਿਆ । ਅਤੇ ਫੇਰ ਗੱਲ ਨੂੰ ਅੱਗੇ ਤੋਰਦੇ ਹੋਏ ਉਸਨੇ ਕਿਹਾ, “ ਪ੍ਰੇਮ ਸਿਹਾਂ ਪਹਿਲਾਂ ਤਾਂ ਮੈਂ ਬੜਾ ਦੁਖੀ ਹੋਇਆ ,ਸੋਚਿਆ ਵਰਿ੍ਹਆਂ ਦੀ ਕੀਤੀ ਹੋਈ ਕਮਾਈ ਪਿੰਡ ਵਾਲਿਆਂ ਦੇ ਢਿੱਡ ਵਿਚ ਪਾ ਦਿੱਤੀ ਪਰ ਘਰਵਾਲੀ ਨੇ ਹੋਸਲਾ ਦਿੰਦੇ ਹੋਏ ਕਿਹਾ ਇਉਂ ਢੇਰੀ ਢਾਇਆਂ ਤਾਂ ਕੁਝ ਨਹੀਂ ਬਣਨਾ,ਸੁੱਖ ਨਾਲ ਆਪਣੇ ਵੀ ਤਿੰਨ ਬੱਚੇ ਹਨ,ਪ੍ਰੇਮ ਸਿਹਾਂ ਮੇਰੇ ਦੋ ਮੁੰਡੇ ਅਤੇ ਇਕ ਕੁੜੀ ਹੈ,ਹੁਣ ਤਾਂ ਉਹ ਨਾ ਹੋਇਆਂ ਵਰਗੇ ਹੀ ਹਨ।” ਤੇ ਇਹ ਕਹਿਕੇ ਉਸਨੇ ਇਕ ਲੰਮਾ ਸਾਰਾ ਹੌਕਾ ਲਿਆ
ਮੈਂ ਉਸਨੂੰ ਕਿਹਾ ਨਾਹਰ ਸਿਹਾਂ , “ਇਸ ਤਰ੍ਹਾਂ ਨਹੀਂ ਕਹੀਦਾ ਹੁੰਦਾ ਤੇਰੇ ਤਾਂ ਤੇਰੇ ਹੀ ਰਹਿਣੇ ਹਨਾ ।”
ਫੇਰ ਉਸਨੇ ਗੱਲ ਨੂੰ ਅੱਗੇ ਤੋਰਦੇ ਹੋਏ ਕਿਹਾ,”ਫੇਰ ਹੋਲੀ ਹੋਲੀ ਪੈਸੇ ਜੋੜਕੇ ਫ਼ਲੈਟ ਲਿਆ।ਬੱਚੇ ਵੱਡੇ ਹੋ ਗਏ ਸਨ,ਫ਼ਲੈਟ ਵੇਚਕੇ ਘਰ ਖ਼ਰੀਦ ਲਿਆ।ਟੁੱਟੇ-ਫੁੱਟੇ ਘਰ ਬਣਾਕੇ ਵੇਚੇ,ਕਾਰਾਂ ਬਣਾ ਬਣਾ ਵੇਚੀਆਂ।ਘਰਵਾਲੀ ਨੇ ਸਿਲਾਈ ਦਾ ਕੰਮ ਕੀਤਾ।ਪ੍ਰੇਮ ਸਿਹਾਂ ਜਿੱਥੇ ਚਾਰ ਪੈਸੇ ਬਣਦੇ ਦਿਸੇ ਉਹੀ ਕੰਮ ਕਰ ਲੈਣਾ, ਕੰਮ ਤੋਂ ਕਦੇ ਮੂੰਹ ਨਹੀਂ ਸੀ ਮੋੜਿਆ, ਦੇਹ ਤੋੜਕੇ ਕੰਮ ਕੀਤਾ,ਤੇ ਖੱਟਿਆਂ ਕੁਝ ਵੀਨਾ।ਉਨ੍ਹਾਂ ਦਿਨਾ ਵਿਚ ਤਾਂ ਮੈਨੂੰ ਅੰਗਰੇਜੀ ਵੀ ਨਹੀਂ ਸੀ ਬੋਲਣੀ ਆਉਂਦੀ, ਫੇਰ ਵੀ ਮੈਂ ਯੂ ਗੋ,ਮੀ ਗੋ ਅਤੇ ਅੋਰੈਟ ਐ (ਆਲ ਰਾਈਟ) ਕਹਿਕੇ ਕਿਵੇਂ ਨਾ ਕਿਵੇਂ ਕੰਮ ਚਲਾ ਹੀ ਲੈਂਦਾ ਸੀ। ਮੈਂ ਸੋਚਿਆਂ ਮੈਂ ਤਾਂ ਬਹੁਤਾ ਪੜ੍ਹਿਆ ਨਹੀਂ,ਬੱਚਿਆਂ ਨੂੰ ਉੱਚੀ ਪੜ੍ਹਾਈ ਕਰਾਉਂਗਾ ਤੇ ਫੇਰ ਪੜ੍ਹ ਲਿਖਕੇ ਚੰਗੀਆਂ ਨੌਕਰੀਆਂ ਤੇ ਲੱਗ ਜਾਣਗੇ, ਮੇਰੇ ਵਾਂਗ ਫੈਕਟਰੀਆਂ ਵਿਚ ਤਾਂ ਹੱਡ ਨਹੀਂ ਤੁੜਵਾਉਣੇ ਪੈਣਗੇ।ਪਰ ਬੰਦਾ ਭਾਵੇਂ ਕੁਝ ਵੀ ਸੋਚੀ ਜਾਵੇ ਮਿਲਦਾ ਉਹੀ ਹੈ ਜੋ ਕਿਸਮਤ ਵਿਚ ਲਿਖਿਆ ਹੁੰਦਾ ਹੈ।ਵੱਡੇ ਮੁੰਡੇ ਨੂੰ ਪਤਾ ਨਹੀਂਕੀ ਹੋ ਗਿਆ ਪੜ੍ਹਦਾ-ਪੜ੍ਹਦਾ ਵਿੱਚੋਂ ਹੀ ਹਟ ਗਿਆ,ਕਹਿੰਦਾ ਡੈਡ ਹੁਣ ਅੱਗੇ ਪੜ੍ਹਣ ਨੂੰ ਦਿਲ ਨਹੀਂ ਕਰਦਾ ।ਹਾਰ ਕੇ ਸਵੀਟਾਂ ਦੀ ਦੁਕਾਨ ਖੋਲ੍ਹਕੇ ਦਿੱਤੀ,ਦੁਕਾਨ ਖ਼ਰੀਦਣ ‘ਚ ਪੈਸਾ ਵੀ ਬਹੁਤ ਲੱਗ ਗਿਆ ਸੀ ।ਪਹਿਲਾਂ ਪਹਿਲਾ ਤਾਂ ਦੁਕਾਨ ਬਹੂਤ ਚੱਲੀ ਪਰ ਫੇਰ ਪਤਾ ਨਹੀਂ ਕੀ ਹੋਇਆ ਦੁਕਾਨ ਚਲਣੋਂ ਹੀ ਹਟ ਗਈ ਇਕ ਦੋ ਵਾਰੀ ਤਾਂ ਦੁਕਾਨ ਵਿਚ ਚੋਰ ਵੀ ਆ ਗਏ ਸਨ ਚੋਰ ਬਹੁਤ ਸਾਰਾ ਸਮਾਨ ਚੁੱਕ ਕੇ ਲੈਗਏ ਸਨ ਇਸ ਕਰਕੇ ਸਕਿਉਰਿਟੀ ਇਕ ਬੰਦਾ ਦੁਕਾਨ ਵਿਚ ਰੱਖ ਲਿਆ। ਫੇਰ ਪੈਸੇ ਬਣਨੇ ਤਾਂ ਕੀ ਸੀ ਉਲਟਾ ਕਰਜਾ ਸਿਰ ਤੇ ਚੜ੍ਹ ਗਿਆ, ਬਆਦ ਵਿਚ ਪਤਾ ਲੱਗਿਆ ਮੁਡਾ ਸਕਿਉਰਿਟੀ ਵਾਲੇ ਬੰਦੇ ਤੇ ਦੁਕਾਨ ਛੱਡਕੇ ਆਪ ਅਵਾਰਗਰਦੀ ਕਰਦਾ ਰਹਿੰਦਾ ਸੀ ਤੇ ਉਹ ਬੰਦਾ ਪੈਸੇ ਖਾਈ ਜਾਂਦਾ ਸੀ ਹਾਰਕੇ ਦੁਕਾਨ ਬੰਦ ਕਰਨੀ ਪਈ।ਮੁੰਡਾ ਫੇਰ ਵੇਹਲਾ ਹੋਗਿਆ ਪਹਿਲਾਂ ਜੇ ਦਿਲ ਲਗਾਕੇ ਕੰਮ ਕਰਦਾ ਹੁੰਦਾ ਤਾਂ ਫੇਰ ਦੁਕਾਨ ਵਿਚ ਘਾਟਾ ਨਾ ਪੈਂਦਾ ਮੁੰਡਾ ਸੋਸ਼ਲ ਸਕਿਉਰਿਟੀ ਵਾਲਿਆਂ ਤੋਂ ਪੈਸੇ ਲੈਕੇ ਖਾ ਛੱਡਦਾ, ਸਾਰਾ ਦਿਨ ਅਵਾਰਾਗਰਦੀ ਕਰਦਾ ਰਹਿੰਦਾ, ਬੁਰੀ ਸੰਗਤ ਵਿਚ ਪੈਕੇ ਪ੍ਰੇਮ ਸਿਹਾਂ ਡਰਗ,ਸਿਗਰਟਾਂ ਸ਼ਰਾਬ ਜੂਆ ,ਘੋੜਿਆਂ ਦੀ ਰੇਸ ਕਿਹੜਾ ਐਬ ਨਹੀਂ ਸੀ ਜਿਹੜਾ ਨਹੀਂ ਸੀ ਕਰਦਾ ।ਉਸਦਾ ਸੁਭਾਅ ਵੀ ਚਿੜਚਿੜਾ ਹੋ ਗਿਆ ਸੀ।ਕੋਈ ਗੱਲ ਪੁੱਛਦੇ ਸੀ ਤਾਂ ਅੱਵਲ ਤਾਂ ਉਹ ਭੁੱਖੇ ਸ਼ੇਰ ਵਾਂਗ ਪੈਂਦਾ ਸੀ, ਜਾਂ ਵੱਡੀ ਸਾਰੀ ਗੱਲ ਦਾ ਜਵਾਬਹਾਂ-ਹੂੰ ਵਿਚ ਦੇਕੇ ਗੱਲ ਨੂੰ ਖਤਮ ਕਰ ਦਿੰਦਾ ਸੀ।। ਪ੍ਰੇਮ ਸਿਹਾਂ ਸ਼ਰਾਬ ਦੀ ਤਾਂ ਸੁਖ ਨਾਲ ਆਪਣੇ ਘਰਾਂ ਵਿਚ ਘਾਟ ਹੁੰਦੀ ਹੀ ਨਹੀਂ,ਜਦੋਂ ਆਉਣਾ ਬੋਤਲ ਚੱਕਣੀਤੇ ਖਾਲੀ ਕਰਕੇ ਸੁੱਟ ਦੇਣੀ।ਮੈਂ ਤੇ ਮੇਰੀ ਘਰਵਾਲੀ ਨੇ ਬਥੇਰਾਂ ਸਮਝਾਇਆ, ਪਰ ਉਹ ਨਾ ਸਮਝਿਆ।ਕੁੜੀਆਂ ਦੇ ਫੋਨ ਘਰ ਆਉਣ ਲੱਗ ਗਏ,ਅਖੀਰ ਇਕ ਦਿਨ ਘਰੋਂ ਐਸਾ ਗਿਆ ਮੁੜਕੇ ਘਰ ਨਹੀਂ ਆਇਆ ।ਲੋਕ ਹੀ ਦਸਦੇ ਹਨ ਮੁੰਡਾ ਗੋਰੀ ਨਾਲ ਇਕ ਫ਼ਲੈਟ ਵਿਚ ਰਹਿੰਦਾ ਹੈ, ਗੋਰੀ ਦੇ ਪਹਿਲਾਂ ਵੀ ਦੋ ਬੱਚੇ ਹਨ।ਮੁੰਡੇ ਤੋਂ ਛੋਟੀ ਕੂੜੀ ਨੇ ਤਾਂ ਚੰਦ ਹੀ ਚਾੜ੍ਹ ਦਿੱਤਾ,ਪੜ੍ਹਾਈ ਵਿੱਚੇ ਹੀ ਛੱਡਕੇ ਇਕ ਜਮੀਕਨ ਨਾਲ ਵਿਆਹ ਕਰਵਾ ਲਿਆ।ਖਬਰੇ ਵਿਆਹ ਕਰਵਾਇਆ ਵੀ ਹੈ ਕਿ ਇਵੇਂ ਤੁਰੀ ਫਿਰਦੀ ਹੈ, ਰੱਬ ਹੀ ਜਾਣਦਾ ਹੈ।ਇਸੇ ਦੁਖੋਂ ਘਰਵਾਲੀ ਚੱਲ ਬਸੀ ਵਾਹੇਗੁਰੂ ਉਸਨੂੰ ਆਪਣੇ ਚਰਣਾ ਵਿਚ ਨਿਵਾਸ ਬਕਸ਼ੇ, ਵਚਿੰਤ ਕੌਰ ਚੱੰਗੀ ਬਹੂਤ ਸੀ। ਮੇਰਾ ਤਾਂ ਉਸਨੇ ਹਰ ਵਕਤ ਸਾਥ ਦਿੱਤਾ ਸੀ । ਬੜੀ ਹੋਸਲੇ ਵਾਲੀ ਸੀ ਵਚਿੰਤ ਕੌਰ ਉਸਨੇ ਹਰ ਮੁਸੀਬਤ ਵਿਚ ਮੈਨੂੰ ਹੌਸਲਾ ਦਿੱਤਾ ਸੀ ਸੋਚਿਆ ਸੀ ਚਲੋ ਬੱਚੇ ਸਾਥ ਨਹੀਂ ਦਿੰਦੇ ਘਰਵਾਲੀ ਦਾ ਤਾਂ ਸਾਥ ਰਹੇਗਾ, ਪਰ ਰੱਬ ਨੂੰ ਉਹ ਵੀ ਮੰਜੂਰ ਨਹੀ ਸੀ।ਕੁੜੀ ਤੋਂ ਛੋਟੇ ਮੁੰਡੇ ਨੇ ਡਿਗਰੀ ਕਰ ਲਈ ਸੀ ਸੋਚਿਆ ਘਰ ਵਿਚ ਇਕ ਬੱਚਾ ਤਾਂ ਸਿਆਣਾ ਨਿਕਲਿਆ ਇਹ ਕਰੇਗਾ ਮੇਰੀਆਂ ਸਧਰਾਂ ਪੂਰੀਆਂ।”
ਤੇ ਫੇਰ ਗੱਲ ਵਿੱਚੇ ਛੱਡਕੇ ਰਸੋਈ ਵਿਚ ਜਾਕੇ ਚਾਹ ਬਣਾ ਲਿਆਇਆ ਤੇ ਬਿਸਕੁਟਾਂ ਦਾ ਪੈਕਟ ਖੋਲ੍ਹਦੇ ਹੋਏ ਉਸਨੇ ਫੇਰ ਕਿਹਾ ,” ਪ੍ਰੇਮ ਸਿਹਾਂ ਗੱਲਾਂ ਗੱਲਾਂ ਵਿਚ ਪਤਾ ਹੀ ਨਹੀਂ ਲiੱਗਆ ਦੋ ਘੱੰਟੇ ਕਿਸ ਤਰ੍ਹਾਂ ਲੰਘ ਗਏ ।”
ਤੇ ਮੈਂ ਉਸਦੇ ਹੱਥੋਂ ਚਾਹ ਦਾ ਕੱਪ ਪਕੜਦੇ ਹੋਏ ਕਿਹਾ,” ਆਹ ਤਾਂ ਨਾਹਰ ਸਿਹਾਂ ਬੜਾ ਚੰਗਾ ਕੰਮ ਕੀਤਾ ਹੈ ਚਾਹ ਦਾ ਟਾਈਮ ਵੀ ਹੈ ।”
ਉਹ ਚਾਹ ਦਾ ਘੁੱਟ ਭਰਨ ਤੋਂ ਬਾਅਦ ਫੇਰ ਕਹਿਣ ਲiੱਗਆ, ਪ੍ਰੇਮ ਸਿਹਾਂ ਮੁੰਡਾ ਨੌਕਰੀ ਤੇ ਲੱਗ ਗਿਆਤੇ ਫੇਰ ਉਸਦਾ ਵਿਆਹ ਕਰ ਦਿੱਤਾ।ਮੈਂ ਬਹੁਤ ਖੁਸ਼ ਸੀ ਕਿ ਮੁੰਡੇ ਦਾ ਵਿਆਹ ਸਿੱਖਾਂ ਦੀ ਕੁੜੀ ਨਾਲ ਆਪਣੀ ਰਹੁ-ਰੀਤ ਨਾਲ ਹੋਇਆ ਹੈ।ਨਾਲੇ ਪਹਿਲਾਂ ਪਿਉ ਪੁੱਤ ਕੁੱਕਰ ਤੇ ਆਪ ਹੱਥ ਫ਼ੂਕਦੇ ਸੀ ,ਹੁਣ ਘਰ ਵਿਚ ਰੋਟੀਆਂ ਪਕਾਉਣ ਵਾਲੀ ਨੁੰਹ ਰਾਣੀ ਆ ਗਈ ਸੀ । ਕੁਝ ਚਿਰ ਬਆਦ ਮੁੰਡਾ ਜ਼ਿਦ ਕਰਨ ਲੱਗ ਗਿਆ,ਕਹਿਣ ਲੱਗਿਆ ,” ਡੈਡੀ ਆਪਾਂ ਆਹ ਘਰ ਵੇਚਕੇ ਪੰਜ ਬੈਡਰੂਮ ਦਾ ਘਰ ਲੈ ਲਈਏਆਪਾਂ ਨੂੰ ਆਪਣਾ ਮਿਆਰ ਵੀ ੳੁੱਚਾ ਚੁੱਕਣਾ ਚਾਹੀਦਾ ਹੈ।ਮੈਨੂੰ ਵਿਚਲੀ ਗੱਲ ਦਾ ਪਤਾ ਹੀ ਨਹੀਂ ਸੀ ਕਿ ਨੂੰਹ ਪੁੱਤ ਦੀ ਕੀ ਚਾਲ ਹੈ।ਮੁੰਡੇ ਦੀਆਂ ਗੱਲਾਂ ਵਿਚ ਆਕੇ ਮੈਂ ਘਰ ਵੇਚ ਦਿੱਤਾ ਅਤੇ ਜਿਹੜੇ ਚਾਰ ਪੈਸੇ ਕੋਲ ਸੀਗੇ ਉਹ ਵੀ ਉਸਨੂੰ ਦੇ ਦਿੱਤੇ।ਮੁੰਡੇ ਨੇ ਆਵਦੇ ਨਾਂ ਤੇ ਇਕ ਵੱਡਾ ਘਰ ਖਰੀਦ ਲਿਆ, ਅਤੇ ਨਾਲ ਹੀ ਇਕ ਮਹਿੰਗੀ ਕਾਰ ਵੀ ਖਰੀਦ ਲਈ।ਪਤਾ ਨਹੀਂ ਮੈਂ ਮੁੰਡੇ ਦੀਆਂ ਗੱਲਾਂ ਵਿਚ ਕਿਵੇਂ ਆ ਗਿਆ।ਪ੍ਰੇਮ ਸਿਹਾਂ ਬੰਦਾ ਇਕ ਗੱਲ ਪੱਲੇ ਬੰਨ੍ਹ ਲਵੇ ਆਪਣਾ ਘਰ ਨਾ ਵੇਚੇਭਾਵੇਂ ਕੋਈ ਤੁਹਾਡਾ ਆਪਣਾ ਪੁੱਤ ਹੀ ਕਿਉਂ ਨਾ ਕਹੇ, ਜਿੰਨਾ ਚਿਰ ਤਹਾਡੇ ਕੋਲ ਆਪਣਾ ਘਰ ਹੁੰਦਾ ਹੈ ਔਲਾਦ ਦਾ ਵਰਤਾਵ ਵੀ ਵਧਿਆ ਹੁੰਦਾ ਹੈ, ਮਗਰੋਂ ਤਾਂ ਕੋਈ ਆਕੇ ਪੁੱਛਦਾ ਵੀ ਨਹੀਂ। ਇਹੀ ਗੱਲ ਮੇਰੇ ਮੁੰਡੇ ਨੇ ਕੀਤੀ,ਨੂੰਹ ਪੁੱਤ ਦੋਨੋਂ ਹੀ ਕੁਝ ਮਹੀਨਿਆਂ ਵਿਚ ਅੱਖਾਂ ਫੇਰ ਗਏ,ਨੂੰਹ ਰਾਣੀ ਨੇ ਆਪਣਾ ਅਸਲੀ ਰੰਗ ਦਿਖਾਉਣਾ ਅਰੰਭ ਦਿੱਤਾ। ਘਰ ਵਿਚ ਕਲੇਸ਼ ਹੋਣ ਲੱਗ ਗਿਆ ਨਿੱਕੀ- ਨਿਕੀ ਗੱਲ ਤੇ ਮੇਰੇ ਨਾਲ ਲੜਣ ਲੱਗ ਜਾਂਦੀ ਹਰ ਵਕਤ ਦੀ ਟੋਕਾ-ਟਾਕੀ ਮੈਨੂੰ ਪਸੰਦ ਨਹੀਂ ਸੀ ।ਨੂੰਹ ਰਾਣੀ ਦੇ ਕਹਿਣ ਤੇ ਇਕ ਦਿਨ ਮੁੰੰਡੇ ਨੇ ਕਹਿ ਹੀ ਦਿੱਤਾ,”ਡੈਡੀ ਕੌਂਸਲ ਦੇ ਫ਼ਲੈਟ ਵਿਚ ਚਲਾ ਜਾਹ ਆਪਣੀ ਦੋਨਾਂ ਦੀ ਇੱਥੇ ਬਣਨੀ ਨਹੀਂ,ਨਾਲੇ ਸਰਕਾਰ ਬੁੜ੍ਹਿਆਂ ਦੀ ਤਾਂ ਦੇਖਭਾਲ ਹੀ ਬਹੁਤ ਕਰਦੀ ਹੈ।ਪ੍ਰੇਮ ਸਿਹਾਂ ਘਰ ਵਿਚ ਸ਼ਾਂਤੀ ਰੱਖਣ ਵਾਸਤੇ ਮੈਂ ਹਾਰ ਕੇ ਫਲੈਟ ਵਿਚ ਆ ਗਿਆ ਫ਼ਲੈਟ ਤੋਂ ਸਾਰੀ ਉਮਰ ਦਾ ਪੈਂਡਾ ਕੱਟਕੇ ਫੇਰ ਫ਼ਲੈਟ ਵਿਚ ਆ ਗਿਆ ਹਾਂ।ਹੁਣ ਤਾਂ ਸ਼ਰੀਰ ਵਿਚ ਸੱਤਿਆ ਹੀ ਨਹੀਂ ਰਹੀ।ਸ਼ੁਗਰ ਅਤੇ ਦਿਲ ਦੀ ਬਿਮਾਰੀ ਤੋਂ ਇਲਾਵਾ ਬਲੱਡ ਪ੍ਰੈਸ਼ਰ ਵੀ ਰਹਿੰਦਾ ਹੈ,ਕੰਨਾਂ ਤੋਂ ਘੱਟ ਸੁਣਨ ਲੱਗ ਗਿਆ ਹੈ, ਅੱਖਾਂ ਦੀ ਨਿਗਾਹ ਵੀ ਕਮਜੋਰ ਹੋ ਗਈ ਹੈ ,ਗੋਡਿਆਂ ਚ’ ਅੱਡ ਦਰਦ ਰਹਿੰਦਾ ਹੈ ਤੈਨੂੰ ਕਿਹੜੀ ਕਿਹੜੀ ਬਿਮਾਰੀ ਗਿਣਾਵਾਂ, ਥੱਬਾ ਸਾਰਾ ਗੋਲੀਆਂ ਖਾਕੇ ਤੁਰੇ ੇ ਫਿਰੀਦਾ ਹੈ।ਪੈਸੇ ਦੇ ਪਿੱਛੇ ਸ਼ਰੀਰ ਤਾਂ ਗਾਲਿਆ ਹੀ ਹੈ ਬੱਚੇ ਵੀ ਗੁਆ ਲਏ ।ਬਸ ਹੁਣ ਤਾਂ ਦਿਨ ਕਟੀ ਹੈ।”
“ ਨਾਹਰ ਸਿਹਾਂ ਤੇਰੀ ਤਾਂ ਹੱਡਬੀਤੀ ਬੜੀ ਦਿਲ ਕੰਬਾਉ ਹੈ ।ਕੋਈ ਨਹੀਂ ਹੌਸਲਾ ਰੱਖ।ਜੋ ਵਾਹਿਗੁਰੂ ਨੂੰ ਮੰਜੂਰ ਹੂਦਾ ਹੈ, ਹੁੰਦਾ ਉਹੀ ਹੈ,ਬੰਦਾ ਇਸ ਵਿਚ ਕੂਝ ਨਹੀਂ ਕਰ ਸਕਦਾ ਹਾਂ ਸੱਚ ਕਦੇ ਬੱਚੇ ਤੈਨੂੰ ਮਿਲਣ ਨਹੀਂ ਆਏ ।”
ਕਹਿਣ ਲਗਿਆ ਹੋਰ ਚਾਰਾ ਵੀ ਕੀ ਹੈ,ਸਭ ਕੁਝ ਉਸੇ ਤੇ ਹੀ ਛੱਡ ਦਿੱਤਾ ਹੈ ਨਾਲੇ ਬiੱਚਆਂ ਨੇ ਮੈਨੂੰ ਸ਼ੁਰੂ ਤੋਂ ਹੀ ਆਪਣਾ ਨਹੀਂ ਸਮਝਿਆ ਤੇ ਫੇਰ ਉਨ੍ਹਾਂ ਨੇ ਕੀ ਮਿਲਣ ਆਉਣਾ ਸੀ ਮੇਰੀ ਤਾਂ ਵਾਹੇਗੁਰੂ ਅਗੇ ਅਰਦਾਸ ਹੈ ਜਿੱਥੇ ਵੀ ਰਹਿਣ ਰਾਜੀ ਰਹਿਣ।”
ਤੇ ਅੱਜ ਮੈਂ ਪੁਲਿਸ ਤੇ ਐਂਬੂਲੈਂਸ ਵੱਲ ਤੱਕ ਕੇ ਨਾਹਰ ਸਿੰਘ ਬਾਰੇ ਸੋਚ ਰਿਹਾ ਸੀ ਉਸਨੇ ਹੱਡ ਭੰਨਵੀਂ ਮਿਹਨਤ ਕੀਤੀ ਫ਼ਲੈਟ ਤੋਂ ਫ਼ਲੇਟ ਤੱਕ ਦਾ ਸਫ਼ਰ ਕਰਦੇ ਹੋਏੇ ਸਾਰੀ ਉਮਰ ਕੱਢ ਦਿੇੱਤੀ। ਨਾ ਪੈਸਾ ਰਿਹਾ, ਨਾ ਔਲਾਦ ਕਹਿਣੇ ਵਿਚ ਰਹੀ, ਸਭ ਕੁਝ ਗੁਆ ਲਿਆ।ਸ਼ਾਇਦ ਇਹੀ ਕੁਝ ਨਾਹਰ ਸਿੰਘ ਦੀ ਕਿਸਮਤ ਵਿਚ ਲਿਖਿਆ ਸੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚਿੜੀਆਂ ਦੀ ਡਾਰ
Next articleਟੀ ਟੀ-20 ਵਿਸ਼ਵ ਜਿੱਤ ਸਿਰਫ਼ ਕ੍ਰਿਕਟ ਦੀ ਸਫ਼ਲਤਾ ਨਹੀਂ ਹੈ, ਸਗੋਂ ਰਾਸ਼ਟਰੀ ਮਾਣ ਦਾ ਪਲ ਹੈ -ਸ਼ਾਬਾਸ਼ ਟੀਮ ਇੰਡੀਆ। ਲੱਗੇ ਰਹੋ!