ਹਾਦਸੇ ਦੇ ਪੰਜ ਹੋਰ ਮ੍ਰਿਤਕਾਂ ਦੀ ਸ਼ਨਾਖਤ ਹੋਈ

ਨਵੀਂ ਦਿੱਲੀ(ਸਮਾਜ ਵੀਕਲੀ): ਬੀਤੇ ਦਿਨੀਂ ਕੁਨੂਰ ਨੇੜੇ ਵਾਪਰੇ ਹੈਲੀਕਾਪਟਰ ਹਾਦਸੇ ਵਿੱਚ ਮਾਰੇ ਗਏ ਸੁਰੱਖਿਆ ਬਲਾਂ ਦੇ ਪੰਜ ਹੋਰ ਮੁਲਾਜ਼ਮਾਂ ਦੀ ਸ਼ਨਾਖਤ ਹੋ ਗਈ ਹੈ ਤੇ ਇਨ੍ਹਾਂ ਦੀਆਂ ਲਾਸ਼ਾਂ ਨੂੰ ਸਬੰਧਤ ਪਿੱਤਰੀ ਕਸਬਿਆਂ ਵਿੱਚ ਭੇਜਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਫ਼ੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਚਾਰ ਲਾਸ਼ਾਂ ਦੀ ਸਹੀ ਢੰਗ ਨਾਲ ਪਛਾਣ ਕਰਨ ਲਈ ਯਤਨ ਜਾਰੀ ਹਨ। ਪਿਛਲੇ ਕੁਝ ਘੰਟਿਆਂ ਵਿੱਚ ਜਿਨ੍ਹਾਂ ਮੁਲਾਜ਼ਮਾਂ ਦੀਆਂ ਲਾਸ਼ਾਂ ਦੀ ਪਛਾਣ ਹੋ ਸਕੀ ਹੈ, ਉਨ੍ਹਾਂ ’ਚ ਜੂਨੀਅਰ ਵਾਰੰਟ ਅਫ਼ਸਰ ਪ੍ਰਦੀਪ, ਵਿੰਗ ਕਮਾਂਡਰ ਪੀ ਐੱਸ ਚੌਹਾਨ, ਸਕੁਐਡਰਨ ਲੀਡਰ ਕੇ ਸਿੰਘ, ਜੂਨੀਅਰ ਵਾਰੰਟ ਅਫ਼ਸਰ ਰਾਣਾ ਪ੍ਰਤਾਪ ਦਾਸ, ਲਾਂਸ ਨਾਇਕ ਬੀ ਸਾਈ ਤੇਜਾ ਅਤੇ ਲਾਂਸ ਨਾਇਕ ਵਿਵੇਕ ਕੁਮਾਰ ਦੇ ਨਾਂ ਸ਼ਾਮਲ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਪੰਜਾਂ ਮੁਲਾਜ਼ਮਾਂ ਦੀਆਂ ਲਾਸ਼ਾਂ ਪੂਰੇ ਫ਼ੌਜੀ ਸਨਮਾਨਾਂ ਨਾਲ ਹਵਾਈ ਮਾਰਗ ਰਾਹੀਂ ਉਨ੍ਹਾਂ ਦੇ ਸਬੰਧਤ ਪਿੱਤਰੀ ਕਸਬਿਆਂ ’ਚ ਲਿਜਾਈਆਂ ਜਾ ਰਹੀਆਂ ਹਨ। ਵੱਖਰੀ ਜਾਣਕਾਰੀ ਮੁਤਾਬਕ ਸਕੁਐਡਰਨ ਲੀਡਰ ਕੁਲਦੀਪ ਸਿੰਘ ਦੀ ਦੇਹ ਇੱਕ ਜਹਾਜ਼ ਰਾਹੀਂ ਝੁਨਝੁਨੂ ਹਵਾਈ ਪੱਟੀ ਪੁੱਜੀ ਜਿਸ ਦੌਰਾਨ ਐੱਮਪੀ ਨਰੇਂਦਰ ਕੁਮਾਰ, ਵਿਧਾਇਕ ਰੀਟਾ ਚੌਧਰੀ, ਜ਼ਿਲ੍ਹਾ ਕੁਲੈਕਟਰ ਯੂ ਡੀ ਖਾਨ, ਐੱਸਪੀ ਪ੍ਰਦੀਪ ਮੋਹਨ ਸ਼ਰਮਾ ਤੇ ਹੋਰਾਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮਗਰੋਂ ਆਈਏਐੱਫ ਦਾ ਇੱਕ ਸ਼ਿੰਗਾਰਿਆ ਗਿਆ ਟਰੱਕ ਉਨ੍ਹਾਂ ਦੀ ਦੇਹ ਲੈ ਕੇ ਉਨ੍ਹਾਂ ਦੇ ਪਿੰਡ ਘਰਦਾਨਾ ਖੁਰਦ ਲਈ ਰਵਾਨਾ ਹੋਇਆ।

ਇਸ ਦੌਰਾਨ ਜੂਨੀਅਰ ਵਾਰੰਟ ਅਫ਼ਸਰ ਰਾਣਾ ਪ੍ਰਤਾਪ ਦਾਸ ਦੀ ਦੇਹ ਭੁਵਨੇਸ਼ਵਰ ਏਅਰਪੋਰਟ ’ਤੇ ਪੁੱਜਣ ’ਤੇ ਮੁੱਖ ਮੰਤਰੀ ਨਵੀਨ ਪਟਨਾਇਕ ਤੇ ਹੋਰ ਸ਼ਖ਼ਸੀਅਤਾਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ। ਸ੍ਰੀ ਦਾਸ ਓੜੀਸਾ ਦੇ ਅੰਗੁਲ ਜ਼ਿਲ੍ਹੇ ਦੇ ਤਲਚਰ ਦੇ ਵਸਨੀਕ ਸਨ। ਇਸ ਮੌਕੇ 120 ਇਨਫੈਂਟਰੀ ਬਟਾਲੀਅਨ ਦੇ ਸੁਰੱਖਿਆ ਬਲਾਂ ਨੇ ਆਪਣੇ ਅਧਿਕਾਰੀ ਦੀ ਦੇਹ ਨੂੰ ‘ਗਾਰਡ ਆਫ਼ ਆਨਰ’ ਦਿੱਤਾ। ਇਸ ਮਗਰੋਂ ਉਨ੍ਹਾਂ ਦੀ ਦੇਹ ਉਨ੍ਹਾਂ ਦੇ ਪਿੰਡ ਕ੍ਰਿਸ਼ਨਚੰਦਰਪੁਰ ਲਿਆਂਦੀ ਗਈ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿੱਚ ਪੈਂਦੇ ਲਾਂਸ ਨਾਇਕ ਵਿਵੇਕ ਕੁਮਾਰ ਦੇ ਜੱਦੀ ਪਿੰਡ ਥਹੇੜੂ ਵਿੱਚ ਉਨ੍ਹਾਂ ਦੀ ਦੇਹ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਗੱਗਲ ਏਅਰਪੋਰਟ ’ਤੇ ਪੁੱਜੀ ਉਨ੍ਹਾਂ ਦੀ ਦੇਹ ’ਤੇ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੇ ਪਿਤਾ ਰਮੇਸ਼ ਚੰਦ ਨੂੰ ਹੌਸਲਾ ਵੀ ਦਿੱਤਾ ਸੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਨਰਲ ਬਿਪਿਨ ਰਾਵਤ ਤੇ ਪਤਨੀ ਦੀਆਂ ਅਸਥੀਆਂ ਜਲ ਪ੍ਰਵਾਹ
Next articleਲਾਂਸ ਨਾਇਕ ਤੇਜਾ ਦੇ ਵਾਰਿਸਾਂ ਨੂੰ 50 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਦਾ ਐਲਾਨ