ਰਾਤ ਸਮੇਂ ਮਨਮੋਹਕ ਅਲੌਕਿਕ ਦ੍ਰਿਸ਼ ਦੇਖਣ ਲਈ ਸੰਗਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ

ਰੂਪਨਗਰ /ਸ੍ਰੀ ਅਨੰਦਪੁਰ ਸਾਹਿਬ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਖਾਲਸਾਈ ਵਿਰਾਸਤ ਅਤੇ ਆਧੁਨਿਕ ਵਿਕਾਸ ਦਾ ਸੁੰਦਰ ਮੇਲ ਬਣ ਚੁੱਕਾ ਪੰਜ ਪਿਆਰਾ ਪਾਰਕ ਅੱਜ ਕੱਲ੍ਹ ਹੋਲਾ ਮਹੱਲਾ ਮੌਕੇ ਸ਼ਰਧਾਲੂਆਂ ਅਤੇ ਸੈਲਾਨੀਆਂ ਲਈ ਖਾਸ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ। ਪੰਜਾਬ ਸਰਕਾਰ ਵੱਲੋਂ ਨਵੀਨੀਕਰਨ ਉਪਰੰਤ ਜਨਤਾ ਲਈ ਖੋਲ੍ਹੇ ਗਏ ਇਸ ਪਾਰਕ ਵਿੱਚ ਸਥਾਪਿਤ ਰੁਸ਼ਨਾਇਆ ਖੰਡਾ ਦਿਨ ਦਿਹਾੜੇ ਵੀ ਲੋਕਾਂ ਦੀ ਧਿਆਨ ਕੇਂਦ੍ਰਿਤ ਕਰ ਰਿਹਾ ਹੈ। ਦੇਸ਼-ਵਿਦੇਸ਼ ਤੋਂ ਆ ਰਹੀ ਸੰਗਤ ਪਾਰਕ ਵਿੱਚ ਪਹੁੰਚ ਕੇ ਖੰਡੇ ਦੇ ਦਰਸ਼ਨ ਕਰ ਰਹੀ ਹੈ ਅਤੇ ਇਸ ਨੂੰ ਖਾਲਸਾਈ ਸ਼ਾਨੋ-ਸ਼ੌਕਤ ਦਾ ਪ੍ਰਤੀਕ ਮੰਨਦੀ ਹੋਈ ਤਸਵੀਰਾਂ ਤੇ ਵੀਡੀਓਜ਼ ਕੈਮਰੇ ਵਿੱਚ ਕੈਦ ਕਰ ਰਹੀ ਹੈ। ਰਾਤ ਦੇ ਸਮੇਂ ਪਾਰਕ ਵਿੱਚ ਸਥਾਪਿਤ 81 ਫੁੱਟ ਉੱਚਾ ਸਟੇਨਲੈੱਸ ਸਟੀਲ ਨਾਲ ਬਣਿਆ ਰੁਸ਼ਨਾਇਆ ਖੰਡਾ ਇਕ ਅਲੌਕਿਕ ਦ੍ਰਿਸ਼ ਪੇਸ਼ ਕਰਦਾ ਹੈ। ਖਾਸ ਲਾਈਟਿੰਗ ਪ੍ਰਬੰਧਾਂ ਨਾਲ ਜਦੋਂ ਖੰਡਾ ਚਮਕਦਾ ਹੈ ਤਾਂ ਸਾਰਾ ਇਲਾਕਾ ਰੌਸ਼ਨੀ ਨਾਲ ਨਿਹਾਲ ਹੋ ਜਾਂਦਾ ਹੈ। ਇਸ ਮਨਮੋਹਕ ਦ੍ਰਿਸ਼ ਨੂੰ ਦੇਖਣ ਲਈ ਸ਼ਾਮ ਤੋਂ ਦੇਰ ਰਾਤ ਤੱਕ ਸੰਗਤਾਂ ਦੀ ਆਵਾਜਾਈ ਜਾਰੀ ਰਹਿੰਦੀ ਹੈ, ਜਿਸ ਕਾਰਨ ਪਾਰਕ ਵਿੱਚ ਰੋਜ਼ਾਨਾ ਦਰਸ਼ਨ ਕਰਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਸੈਰ-ਸਪਾਟਾ ਵਿਭਾਗ ਵੱਲੋਂ ਪਾਰਕ ਦੇ ਰੱਖ-ਰਖਾਓ ਲਈ ਸ਼ਾਨਦਾਰ ਪ੍ਰਬੰਧ ਕੀਤੇ ਗਏ ਹਨ। ਸਫਾਈ, ਸੁਰੱਖਿਆ, ਹਰੇ-ਭਰੇ ਲਾਨ ਅਤੇ ਬੈਠਣ ਲਈ ਸੁਵਿਧਾਜਨਕ ਥਾਵਾਂ ਪਾਰਕ ਦੀ ਖੂਬਸੂਰਤੀ ਨੂੰ ਹੋਰ ਨਿਖਾਰ ਰਹੀਆਂ ਹਨ। ਐਲ.ਈ.ਡੀ ਸਕਰੀਨਾਂ ਰਾਹੀਂ ਸ਼ਰਧਾਲੂਆਂ ਨੂੰ ਮੇਲਾ ਖੇਤਰ ਅਤੇ ਪ੍ਰਬੰਧਾਂ ਸਬੰਧੀ ਲੋੜੀਂਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਰਾਤ ਸਮੇਂ ਪੰਜ ਪਿਆਰਾ ਪਾਰਕ ਵਿੱਚ ਲੱਗੀਆਂ ਸੁੰਦਰ ਲਾਈਟਾਂ ਨਾਲ ਇਹ ਸਾਰਾ ਦ੍ਰਿਸ਼ ਹੋਰ ਵੀ ਮਨਮੋਹਕ ਹੋ ਜਾਂਦਾ ਹੈ। ਸੰਗਤਾਂ ਨੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇੱਥੇ ਆ ਕੇ ਖਾਲਸਾਈ ਵਿਰਾਸਤ ਨਾਲ ਜੁੜਨ ਦਾ ਇਕ ਵਿਲੱਖਣ ਅਨੁਭਵ ਮਿਲਦਾ ਹੈ। ਪ੍ਰਸ਼ਾਸਨ ਨੇ ਵੀ ਅਪੀਲ ਕੀਤੀ ਹੈ ਕਿ ਆਉਣ ਵਾਲੀਆਂ ਸੰਗਤਾਂ ਸਫਾਈ ਅਤੇ ਵਿਵਸਥਾ ਬਣਾਈ ਰੱਖਣ ਵਿੱਚ ਸਹਿਯੋਗ ਕਰਨ, ਤਾਂ ਜੋ ਇਹ ਸੁੰਦਰ ਸਥਾਨ ਭਵਿੱਖ ਵਿੱਚ ਵੀ ਸਾਰੇ ਦਰਸ਼ਨਾਰਥੀਆਂ ਲਈ ਆਕਰਸ਼ਣ ਦਾ ਕੇਂਦਰ ਬਣਿਆ ਰਹੇ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



