ਪਹਿਲਾਂ ਹੁਨਰ ਜ਼ਰੂਰੀ ਜਾਂ ਵਿਆਹ

(ਸਮਾਜ ਵੀਕਲੀ)

ਜਸਵੰਤ ਸਿੰਘ ਲੁਧਿਆਣੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦਾ ਸੀ।ਉਹ ਇੱਕ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਸੀ। ਉਸ ਦਾ ਇੱਕ ਛੋਟਾ ਜਿਹਾ ਟੱਬਰ ਸੀ।ਜਸਵੰਤ ਸਿੰਘ ਦੇ ਘਰ ਕੋਈ ਬੱਚਾ ਨਹੀਂ ਸੀ ਜਿਸ ਕਾਰਨ ਉਸ ਦੀ ਮਾਂ ਉਸ ਦੀ ਪਤਨੀ ਨੂੰ ਤਾਅਨੇ- ਮਿਹਣੇ ਦਿੰਦੀ ਰਹਿੰਦੀ ਅਤੇ ਇਸ ਕਾਰਨ ਘਰ ਦਾ ਮਾਹੌਲ ਵਿਗੜਿਆ ਰਹਿੰਦਾ । ਹਰ ਰੋਜ਼ ਲੜਾਈ- ਝਗੜੇ ਕਾਰਨ ਜਸਵੰਤ ਸਿੰਘ ਪ੍ਰੇਸ਼ਾਨ ਰਹਿਣ ਲੱਗਾ ਦੇਰ ਰਾਤ ਨੂੰ ਖੇਤੋੰ ਘਰ ਆਉਦਾ।

ਕੁਝ ਸਮੇਂ ਬਾਅਦ ਉਸ ਦੇ ਘਰ ਇੱਕ ਧੀ ਦੀ ਕਿਲਕਾਰੀ ਗੂੰਜੀ ਅਤੇ ਘਰ ਵਿਚ ਚਹਿਲ- ਪਹਿਲ ਆਈ ਬੱਚੀ ਦਾ ਨਾਂ ਉਸ ਦੀ ਦਾਦੀ ਨੇ ਸਤਵੀਰ ਕੌਰ ਰੱਖਿਆ, ਕਾਫ਼ੀ ਸਮੇਂ ਬਾਅਦ ਬੱਚਾ ਹੋਣ ਕਾਰਨ ਉਸ ਨੂੰ ਬੜੇ ਲਾਡਾਂ ਨਾਲ ਪਾਲਿਆ ।ਥੱਕਿਆ ਹੋਇਆ ਜਸਵੰਤ ਸਿੰਘ ਜਦੋਂ ਖੇਤੋਂ ਘਰ ਆਉਂਦਾ ਤੇ ਵਿਹੜੇ ਵਿੱਚ ਖੇਡ ਦੀ ਆਪਣੀ ਧੀ ਨੂੰ ਦੇਖ ਕੇ ਸਾਰੀ ਥਕਾਨ ਭੁੱਲ ਜਾਂਦਾ।

ਜਦੋਂ ਸਤਵੀਰ ਪੰਜ ਸਾਲ ਦੀ ਹੋਈ ਤਾਂ ਉਸ ਨੂੰ ਉਸ ਦਾ ਪਿਤਾ ਸਕੂਲ ਆਪ ਛੱਡਣ ਤੇ ਲੈਣ ਜਾਂਦਾ। ਜਿਵੇਂ- ਜਿਵੇਂ ਉਹ ਸੁਰਤ ਸੰਭਾਲਦੀ ਗਈ ਉਸ ਦੇ ਅੰਦਰ ਨਵੇਂ ਸੁਪਨੇ ਪਨਪਣ ਲੱਗੇ । ਸਤਵੀਰ ਕੌਰ ਪੜ੍ਹ- ਲਿਖ ਕੇ ਕਿਸੇ ਅਹੁਦੇ ਤੇ ਪਹੁੰਚਣਾ ਚਾਹੁੰਦੀ ਸੀ ।ਹੁਣ ਉਹ ਸੁਪਨਿਆਂ ਦੇ ਨਾਲ ਨਾਲ ਜਵਾਨ ਹੋਈ ਅਤੇ ਕਾਲਜ ਵਿਚ ਪੜ੍ਹਾਈ ਕਰਨ ਲੱਗੀ, ਉਸ ਦੇ ਸੁਪਨੇ ਆਸਮਾਨ ਛੂਹਣ ਲੱਗੇ । ਜਵਾਨ ਹੋਈ ਕੁੜੀ ਨੂੰ ਦੇਖ ਕੇ ਰਿਸ਼ਤੇਦਾਰ ਤੇ ਪਿੰਡ ਦੇ ਲੋਕ ਜਸਵੰਤ ਸਿੰਘ ਨੂੰ ਵਿਆਹ ਲਈ ਕਹਿਣ ਲੱਗੇ।

ਉਸ ਦਾ ਇਕ ਰਿਸ਼ਤੇਦਾਰ ਉਨ੍ਹਾਂ ਦੇ ਘਰ ਆਇਆ ਮੁੰਡੇ ਤੇ ਉਸ ਦੇ ਪਰਿਵਾਰ ਘਰ -ਬਾਰ ਦੀਆਂ ਸਿਫ਼ਤਾਂ ਕਰਨ ਲੱਗਾ। ਜਸਵੰਤ ਸਿੰਘ ਮੁੰਡੇ ਦੀ ਨੌਕਰੀ ਤੇ ਉਸ ਦਾ ਘਰ -ਬਾਰ ਦੇਖ ਕੇ ਵਿਆਹ ਲਈ ਰਾਜ਼ੀ ਹੋ ਗਿਆ ਸਤਵੀਰ ਦੀ ਇੱਛਾ ਸੀ ਕਿ ਉਹ ਆਪਣੇ ਪੈਰਾਂ ਤੇ ਖੜ੍ਹੀ ਹੋਵੇ, ਪਰ ਆਪਣੇ ਪਰਿਵਾਰ ਦੀ ਜ਼ਿੱਦ ਅੱਗੇ ਆਪਣੇ ਸੁਪਨਿਆਂ ਨੂੰ ਉਡਾਣ ਨਾ ਦੇ ਸਕੀ ।

ਵਿਆਹ ਤੋਂ ਬਾਅਦ ਸਤਵੀਰ ਆਪਣੇ ਘਰ ਦੇ ਕੰਮਾਂ ਵਿੱਚ ਰੁੱਝ ਗਈ ਅਤੇ ਆਪਣੇ ਬੱਚੇ ਸੰਭਾਲਣ ਲੱਗੀ। ਉਸ ਦੇ ਸੁਪਨੇ ਪੂਰੇ ਨਾ ਹੋਣ ਕਰ ਕੇ ਉਸ ਨੂੰ ਦੁੱਖ ਹੁੰਦਾ। ਕਈ ਵਾਰ ਉਹ ਆਪਣੀ ਸੱਸ ਤੇ ਪਤੀ ਨੂੰ ਪਡ਼੍ਹਾਈ ਕਰਨ ਲਈ ਕਹਿੰਦੀ ਤਾਂ ਉਸ ਨੂੰ ਜਵਾਬ ਮਿਲਦਾ ਕਿ ਆਪਣੇ ਮਾਤਾ – ਪਿਤਾ ਕੋਲੋਂ ਪੜ੍ਹ ਕੇ ਹੀ ਆਉਣਾ ਸੀ। “ਪਰ ਹੁਣ ਘਰ ਸੰਭਾਲ”। ਸੁਪਨੇ ਪੂਰੇ ਨਾ ਹੋਣ ਕਾਰਨ ਸਤਵੀਰ ਖ਼ੁਦ ਨੂੰ ਜਿਉਂਦੀ ਲਾਸ਼ ਮਹਿਸੂਸ ਕਰਦੀ।

ਸਮਾਂ ਇਸ ਇਸੇ ਤਰ੍ਹਾਂ ਲੰਘਦਾ ਗਿਆ ਇੱਕ ਦਿਨ ਅਚਾਨਕ ਉਸ ਦੇ ਪਤੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ । ਸਤਵੀਰ ਨੂੰ ਬਹੁਤ ਸਦਮਾ ਲੱਗਿਆ ਜੋ ਕਿ ਉਸ ਲਈ ਅਸਹਿ ਸੀ ,ਪਰ ਆਪਣੇ ਬੱਚਿਆਂ ਖਾਤਰ ਉਸ ਨੇ ਖ਼ੁਦ ਨੂੰ ਸੰਭਾਲਿਆ । ਉਸ ਦੇ ਘਰ ਦਾ ਖਰਚ ਉਸ ਦੇ ਪਤੀ ਦੀ ਤਨਖਾਹ ਤੇ ਚੱਲਦਾ ਸੀ। ਘਰ ਵਿੱਚ ਕਮਾਈ ਦਾ ਸਾਧਨ ਨਹੀਂ ਸੀ। ਪੈਸੇ ਮੰਗਣ ਤੇ ਉਸ ਦੀ ਸੱਸ ਉਸ ਨੂੰ ਤਾਅਨੇ -ਮਿਹਣੇ ਦਿੰਦੀ ਤੇ ਕਈ ਵਾਰ, ਕੋਈ ਖ਼ਰਚ ਵੀ ਨਾ ਦਿੰਦੀ ।ਸਤਵੀਰ ਲਈ ਆਪਣੇ ਬੱਚਿਆਂ ਦਾ ਪਾਲਣ -ਪੋਸ਼ਣ ਔਖਾ ਹੋ ਗਿਆ।

ਜਦੋਂ ਸਤਬੀਰ ਦੇ ਮਾਂ -ਬਾਪ ਉਸ ਦੀ ਇਹ ਹਾਲਤ ਵੇਖਦੇ ਹਨ ਤਾਂ ਉਹ ਸਤਵੀਰ ਦੇ ਆਪਣੇ ਪੈਰਾਂ ਤੇ ਖਡ਼੍ਹੇ ਹੋਣ ਦੀਆਂ ਗੱਲਾਂ ਯਾਦ ਕਰਦੇ ਹਨ ਤੇ ਬਹੁਤ ਦੁਖੀ ਹੁੰਦੇ ਹਨ ।ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਕਾਸ਼!ਆਪਣੀ ਧੀ ਦੇ “ਵਿਆਹ ਦੀ ਬਜਾਏ ਪਹਿਲਾਂ ਸੁਪਨਿਆਂ ਨੂੰ ਖੰਭ ਦਿੱਤੇ ਹੁੰਦੇ ਤੇ ਦਹੇਜ ਦੀ ਥਾਂ ਹੁਨਰ ਦਿੱਤਾ ਹੁੰਦਾ ਤਾਂ ਅੱਜ ਆਪਣੀ ਧੀ ਦੀ ਮੁਥਾਜਗੀ ਭਰੀ ਜ਼ਿੰਦਗੀ ਨਾ ਦੇਖਣੀ ਪੈੰਦੀ ਤੇ ਉਸ ਦੇ ਲਾਚਾਰ ਹੋਏ ਬੱਚਿਆਂ ਨੂੰ ਦੁਖੀ ਨਾ ਹੋਣਾ ਪੈਂਦਾ।

ਕੰਵਰਪ੍ਰੀਤ ਕੌਰ ਮਾਨ
7814472377

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੋਚ ਵਪਾਰੂ
Next articleਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦਾ ਵਧਿਆ ਮਾਣ, ਇੱਕੋ ਦਿਨ ਵਿੱਚ ਬਣੇ ਦੋ ਜੱਜ