**ਪਹਿਲੀ ਸ਼ਹਾਦਤ**

ਰਿਤੂ ਵਾਸੂਦੇਵ
 (ਸਮਾਜ ਵੀਕਲੀ)
ਜੜ੍ਹ ਝੂਠ ਜਬਰ ਦੀ ਪੁੱਟ ਕੇ,
ਉਹਨੇ ਜਾਗਣ ਲਾਏ ਬਿਬੇਕ।
ਉਹਨੇ ਕਿੱਥੇ ਸੁਰਤ ਟਿਕਾ ਲਈ,
ਨਾ ਤਵੀ ਦਾ ਲੱਗਾ ਸੇਕ।
ਜਿਸ ਬਾਈ ਵਾਰਾਂ ਸਾਂਭੀਆਂ,
ਤੇ ਰਾਗ ਇਕੱਤੀ ਨਾਲ਼।
ਬਾਣੀ ਦਾ ਕੌਤਕ ਸਿਰਜ ਕੇ,
ਜਿਨ੍ਹੇ ਦੀਵੇ ਦਿੱਤੇ ਬਾਲ਼।
ਜੋ ਧੁਰੋਂ ਤਪੱਸਵੀ ਸਿਦਕ ਦਾ,
ਤੇ ਡੋਲ ਗਿਆਂ ਦੀ ਆਸ।
ਜਿਹਦੇ ਬੋਲਾਂ ਨਾਲ਼ ਉਦਾਸੜੇ,
ਖ਼ੂਹਾਂ ਦੀ ਬੁਝਦੀ ਪਿਆਸ।
ਜਿਹਦਾ ਪਾਣੀ ਭਰਦੀ ਸ਼ਾਂਤੀ,
ਤੇ ਸਬਰ-ਸਿਦਕ ਨੇ ਮਿੱਤ।
ਜਿਹਦਾ ਲਹਿਜਾ ਕੂਲ਼ਾ ਮਖ਼ਮਲੀ
ਤੇ ਰੇਸ਼ਮ ਵਰਗਾ ਚਿੱਤ
ਜੋ ਲੱਖਾਂ ਵੇਦ ਫਰੋਲ਼ ਕੇ
ਤੇ ਬਣਿਆ ਆਪ ਅਦੀਬ।
ਜਿਨ੍ਹੇ ਅੰਬਰੋਂ ਉੱਤਰੇ ਇਸ਼ਕ ਨੂੰ,
ਕੀਤਾ ਹੈ ਵਿੱਚ ਤਰਤੀਬ।
ਜੋ ਪੰਜਵਾਂ ਨਾਨਕ ਜਗਤ ਦਾ
ਤੇ ਪਹਿਲਾ ਸਿੱਖ ਸ਼ਹੀਦ।
ਮੈਨੂੰ ਸੁਰਤਿ ਸਾਧ ਕੇ ਬਹਿੰਦਿਆਂ,
ਉਹਦੀ ਹੋ ਜਾਂਦੀ ਏ ਦੀਦ।
ਜੋ ਵੱਡੇ ਕਾਰਜ ਕਰ ਗਿਆ
ਤੇ ਸਿਰਜ ਗਿਆ ਕਿਰਦਾਰ।
ਜੋ ਤਾਰਨ ਤਰਨ ਦੀ ਆਖਦਾ
ਤੇ ਆਖ਼ਰ ਦੇਂਦਾ ਤਾਰ।
ਕੁਝ ਡੂੰਘੀਆਂ ਰਮਜ਼ਾਂ ਰੱਖ ਕੇ,
ਸ਼ਬਦਾਂ ਵਿੱਚ ਪਾਈ ਜਾਨ।
ਚੌਦਾਂ ਸੌ ਤੀਹ ਦਾ ਅੰਕੜਾ,
ਕੁੱਲ ਸਿੱਖੀ ਦਾ ਸੰਵਿਧਾਨ।
ਇੱਕ ਕਲਮ ਸ਼ਹਾਦਤ ਲਿਖ ਗਈ
ਤੇ ਇੱਕ ਰਾਵੀ ਦਰਿਆ।
ਇੱਕ ਰੇਤਾ ਠੰਢੀ ਪੈ ਗਈ,
ਇੱਕ ਤਵੀ ਸਕੀ ਨਾ ਤਾਅ।
ਮੇਰੀ ਰੂਹ ਦਾ ਬੁਰਕਾ ਨੋਚਦੇ,
ਮੇਰੇ ਅੰਦਰ ਪਏ ਸਵਾਲ।
ਉਹ ਕੱਟੜ, ਜ਼ਿੱਦੀ, ਬਾਦਸ਼ਾਹ;
ਕੀ ਰਿਹਾ ਸੀ ਆਖ਼ਰ ਭਾਲ਼?
ਚੰਦੋਏ ਮੁੜ੍ਹਕਾ ਪੂੰਝਦੇ
ਤੇ ਪਿੰਡੇ ਲੂੰਹਦੀ ਧੁੱਪ।
ਹਰ ਅੱਖ ਤਮਾਸ਼ਾ ਵੇਖਦੀ
ਤੇ ਹਰ ਜੀਭਾ ਸੀ ਚੁੱਪ।
ਇਹ ਦਿਨ ਨਹੀਂ ਚੰਗੇ ਲੱਗਦੇ,
ਜਦ ਹੋਣੀ ਗਈ ਭਰਮਾ।
ਤੇ ਅਸੀਂ ਛਬੀਲਾਂ ਡੋਲ੍ਹ ਕੇ
ਪਛਤਾਵਾ ਰਹੇ ਹਾਂ ਲਾਹ!
~ ਰਿਤੂ ਵਾਸੂਦੇਵ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅੱਜ ਐੱਸ.ਡੀ.ਐੱਮ ਦਫਤਰ ਵਿੱਚ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ- ਸੱਧਾ
Next articleਪੰਜਾਬੀ ਲਿਖਾਰੀ ਸਭਾ ਮਕਸੂਦੜਾ ਦੀ ਚੋਣ ਹੋਈ