(ਸਮਾਜ ਵੀਕਲੀ)
ਸਾਡੇ ਦੇਸ਼ ਦੇ ਲੋਕਾਂ ਨੂੰ ਕਿਸੇ ਵੀ ਤਰੀਕੇ ਨਾਲ ਗੁੰਮਰਾਹ ਕਰਕੇ ਆਪਣੇ ਮਗਰ ਲਾ ਕੇ ਲੋਕਾਂ ਦੀ ਸ਼ਰਧਾ ਤੇ ਸਿਹਤ ਦਾ ਫਾਇਦਾ ਅਨੇਕਾਂ,ਖਾਸ ਕਰ ਧਾਰਮਿਕ ਲੋਕ ਉਠਾ ਰਹੇ ਹਨ ਧਰਮ ਦੇ ਨਾਂ ਉੱਤੇ ਲੋਕਾਂ ਨੂੰ ਗੁੰਮਰਾਹ ਕਰਕੇ ਜਿੱਥੇ ਧੰਦੇ ਚੱਲ ਰਹੇ ਹਨ ਉੱਥੇ ਲੋਕਾਂ ਦੀ ਸਿਹਤ ਦਾ ਰੌਲਾ ਪਾ ਕੇ ਵੀ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ। ਅਜਿਹੀ ਸਥਿਤੀ ਦੇ ਵਿੱਚ ਨਾਮ ਤਾਂ ਅਨੇਕਾਂ ਸਾਹਮਣੇ ਆ ਰਹੇ ਹਨ ਪਰ ਪ੍ਰਮੁੱਖ ਤੌਰ ਉੱਤੇ ਬਾਬਾ ਰਾਮਦੇਵ ਜੋ ਪੰਤਜ਼ਲੀ ਦੇ ਨਾਮ ਨਾਲ ਇਕਦਮ ਮਸ਼ਹੂਰ ਹੋਏ ਉਹਨਾਂ ਦੀ ਚਰਚਾ ਕਾਫੀ ਚੱਲ ਰਹੀ ਹੈ।
ਸਭ ਤੋਂ ਪਹਿਲਾਂ ਤਾਂ ਰਾਮਦੇਵ ਨੇ ਯੋਗਾ ਦੀ ਸ਼ੁਰੂਆਤ ਕਰਦਿਆਂ ਹੋਇਆਂ ਲੋਕਾਂ ਦੀ ਨਿਰੋਗ ਸਿਹਤ ਦਾ ਹਵਾਲਾ ਦਿੰਦਿਆਂ ਲੋਕਾਂ ਨੂੰ ਯੋਗਾ ਸਿਖਾਉਣ ਦੇ ਨਾਮ ਹੇਠ ਆਪਣੇ ਨਾਲ ਜੋੜਿਆ ਫਿਰ ਜਦੋਂ ਲੋਕਾਂ ਦਾ ਵਿਸ਼ਵਾਸ ਬੱਝ ਗਿਆ ਤਾਂ ਇਸੇ ਬਾਬਾ ਰਾਮਦੇਵ ਨੇ ਆਪਣੇ ਪ੍ਰਮੁੱਖ ਸਾਥੀ ਬਾਲ ਕ੍ਰਿਸ਼ਨ ਨਾਲ ਮਿਲ ਕੇ ਦੇਸੀ ਦਵਾਈਆਂ ਦਾ ਕੰਮਕਾਰ ਸ਼ੁਰੂ ਕੀਤਾ ਜੋ ਕਿ ਦੁਨੀਆ ਭਰ ਵਿੱਚ ਫੈਲਿਆ ਹੋਇਆ ਹੈ। ਅਨੇਕਾਂ ਵਾਰ ਬਾਬਾ ਰਾਮਦੇਵ ਦੀਆਂ ਦਵਾਈਆਂ ਦੇ ਉੱਪਰ ਵੀ ਕਿੰਤੂ ਪ੍ਰੰਤੂ ਉੱਠਦਾ ਰਿਹਾ ਹੈ ਪਰ ਬਾਬੇ ਰਾਮਦੇਵ ਨੇ ਭਾਜਪਾ ਦੇ ਨਾਲ ਅਜੇਹੀ ਯਾਰੀ ਪਾਈ ਤੇ ਉਸ ਉੱਪਰ ਕਿਸੇ ਕਿਸਮ ਦੀ ਕਾਰਵਾਈ ਦਾ ਕੀ ਹੋਣੀ ਸੀ ਸਗੋਂ ਭਾਜਪਾ ਦੇ ਸਿਰ ਉੱਤੇ ਉਸ ਨੇ ਬੁਲੰਦੀਆਂ ਨੂੰ ਛੂਹਿਆ।

ਜਦੋਂ ਕਰੋਨਾ ਦਾ ਦੌਰ ਸੀ ਤਾਂ ਇਸੇ ਬਾਬਾ ਰਾਮਦੇਵ ਦੀ ਪੰਤਜ਼ਲੀ ਨੇ ਕਰੋਨਾ ਦੀ ਦਵਾਈ ਬਣਾਉਣ ਦਾ ਦਾਅਵਾ ਕੀਤਾ ਸੀ ਇਸ ਦਵਾਈ ਨੂੰ ਲਾਂਚ ਕਰਨ ਦੇ ਲਈ ਉਸ ਵੇਲੇ ਭਾਜਪਾ ਦੇ ਸਿਹਤ ਮੰਤਰੀ ਤੇ ਹੋਰ ਪ੍ਰਮੁੱਖ ਆਗੂ ਹਾਜ਼ਰ ਸਨ ਫਿਰ ਬਾਬਾ ਰਾਮਦੇਵ ਨੇ ਅੰਗਰੇਜ਼ੀ ਦਵਾਈਆਂ ਦੇ ਉੱਤੇ ਕਿੰਤੂ ਪ੍ਰੰਤੂ ਕਰਦਿਆਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਨਾਲ ਵੀ ਪੰਗਾ ਲਿਆ। ਹੁਣ ਮੌਜੂਦਾ ਸਮੇਂ ਬਾਬਾ ਰਾਮਦੇਵ ਆਪਣੇ ਸਾਥੀ ਬਾਲ ਕ੍ਰਿਸ਼ਨ ਦੇ ਨਾਲ ਸਾਡੇ ਦੇਸ਼ ਦੀ ਸਰਬਉਚ ਅਦਾਲਤ ਸੁਪਰੀਮ ਕੋਰਟ ਦੇ ਚੱਕਰ ਵਿੱਚ ਫਸ ਗਿਆ। ਸੁਪਰੀਮ ਕੋਰਟ ਨੇ ਬਾਬਾ ਰਾਮਦੇਵ ਦੀ ਪੰਤਜ਼ਲੀ ਨਾਲ ਸੰਬੰਧਿਤ ਅਨੇਕਾਂ ਦੇਸੀ ਦਵਾਈਆਂ ਉੱਤੇ ਨੋਟਿਸ ਲਿਆ। ਇਹ ਦਵਾਈਆਂ ਖਰੀਆਂ ਨਾ ਉਤਰੀਆਂ ਤਾਂ ਸੁਪਰੀਮ ਕੋਰਟ ਨੇ ਬਾਬਾ ਰਾਮਦੇਵ ਨੂੰ ਝਾੜ ਪਾਈ ਤਾਰੀਕ ਤੇ ਤਾਰੀਕ ਪੈਂਦੀ ਰਹੀ ਅਖੀਰ ਨੂੰ ਯੋਗ ਗੁਰੂ ਕਹਾਉਣ ਵਾਲਾ ਬਾਬਾ ਰਾਮਦੇਵ ਜਦੋਂ ਕਸੂਤੀ ਤਰਾ ਫਸ ਗਿਆ ਤਾਂ ਫਿਰ ਇਸ ਨੇ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਤੋਂ ਮਾਫੀ ਮੰਗੀ ਤੇ ਸੁਪਰੀਮ ਕੋਰਟ ਦੇ ਹੁਕਮਾਂ ਉੱਤੇ ਸਾਡੇ ਦੇਸ਼ ਵਿੱਚ ਅਖਬਾਰੀ ਇਸ਼ਤਿਹਾਰਾਂ ਰਾਹੀਂ ਵੀ ਮਾਫੀ ਮੰਗੀ। ਅਖਬਾਰੀ ਇਸ਼ਤਿਹਾਰਾਂ ਦੇ ਵਿੱਚ ਮਾਫੀ ਮੰਗਣ ਦਾ ਕਾਰਨ ਇਹ ਸੀ ਕਿ ਇਸ ਨੇ ਆਪਣੀਆਂ ਦੇਸੀ ਦਵਾਈਆਂ ਦੀ ਮਸ਼ਹੂਰੀ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਦੇ ਕੇ ਕੀਤੀ ਸੀ ਜਿਸ ਕਾਰਨ ਸੁਪਰੀਮ ਕੋਰਟ ਨੇ ਇਸ ਨੂੰ ਆਪਣੇ ਵੱਲੋਂ ਅਖਬਾਰਾਂ ਵਿੱਚ ਮੁਆਫ਼ੀਨਾਮਾ ਛਪਾਉਣ ਦਾ ਹੁਕਮ ਕੀਤਾ ਤੇ ਅਖੀਰ ਨੂੰ ਬਾਬਾ ਰਾਮਦੇਵ ਹੱਥ ਜੋੜ ਕੇ ਮੁਆਫ਼ੀ ਮੰਗ ਖਹਿੜਾ ਛਡਾਉਣ ਵਿੱਚ ਹੀ ਭਲਾਈ ਸਮਝੀ।
ਬਲਬੀਰ ਸਿੰਘ ਬੱਬੀ
7009107300
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly