(ਸਮਾਜ ਵੀਕਲੀ)
ਅੰਬਰ ਵੀ ਰੰਗ ਬਦਲਦਾ ਹੈ ਧਰਤ ਦੇ ਤਾਪ ਤੋਂ ਪਹਿਲਾਂ।
ਓਹ ਆਸ਼ਿਕ ਲੱਭ ਲੈਂਦਾ ਹੈ ਇਸ਼ਕ ਦੇ ਜਾਪੁ ਤੋਂ ਪਹਿਲਾਂ।
ਇਹਨਾਂ ਖੰਡਰ ਮਹਿਲਾਂ ਨੂੰ ਕੀ ਫੋਲੋਗੇ ਟਟੋਲੋਗੇ, ਕਿ,
ਸੋਚਾਂ ਪਾਪ ਕਰ ਚੁੱਕੀਆਂ ਸੀ ਪਹਿਲੇ ਪਾਪ ਤੋਂ ਪਹਿਲਾਂ।
ਤੇਰੇ ਇਹ ਪੰਖ ਪਰਾਏ ਹਨ ਪਰ ਪਰਵਾਜ਼ ਖੁਦ ਦੀ ਹੈ,
ਖ਼ੁਦਾ ਲੱਭਿਆ ਨਹੀਂ ਜਾਂਦਾ ਆਪਣੇ ਆਪ ਤੋਂ ਪਹਿਲਾਂ।
ਦਲਦਲ ਕਿੰਨੀ ਡੂੰਘੀ ਹੈ ਮਿਰੇ ਸ਼ਿਅਰਾਂ ਨੇ ਦੱਸ ਦੇਣਾ,
ਬਸ ਖਿਆਲਾਂ ਨੂੰ ਨਾਪ ਲੈਣਾਂ ਜ਼ਖ਼ਮ ਦੇ ਨਾਪ ਤੋਂ ਪਹਿਲਾਂ।
ਕਈ ਮਹਿੰਗੇ ਖ਼ੁਦਾਵਾਂ ਦਾ ਘਰ ਪਹਿਰਾ ਰਿਹਾ ਬੇਸ਼ੱਕ,
ਮੇਰਾ ਮੰਦਿਰ ਨਹੀਂ ਸਜਿਆ ਕਦੇ ਮਾਂ-ਬਾਪ ਤੋਂ ਪਹਿਲਾਂ।
ਕਰਮਜੀਤ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly