(ਸਮਾਜ ਵੀਕਲੀ)
ਪੰਜਾਬ ਦੇ ਮਾੜੇ ਦੌਰ ਦੀ ਗੱਲ ਹੈ ਮੈਂ ਉਨੀਂ ਸੌ ਪਚਾਸੀ ਵਿਚ ਬਠਿੰਡਾ ਆ ਗਿਆ ਸੀ । 1985 ਤੋਂ1988 ਤੱਕ ਭੁਲੇਰੀਆਂ ਵਾਲੇ ਮੁਹੱਲੇ ਵਿਚ, ਰਹੇਜੇ ਡੀਪੂ ਵਾਲੇ ਦੇ ਘਰ 70 ਰੁਪਏ ਮਹੀਨਾ ਕਿਰਾਏ ‘ਤੇ ਰਹਿੰਦਾ ਸੀ। ਘਰ ਦੇ ਜਿੰਦਰੇ ਦੀਆਂ ਚਾਬੀਆਂ ਦੀ ਗਿਣਤੀ ਇੱਕ ਦੋ ਤੋਂ ਵੱਧ ਕੇ ਵੀਹ ਤੱਕ ਪਹੁੰਚ ਗਈ ਸੀ। ਦੋਸਤਾਂ ਦੇ ਦੋਸਤ ਵੀ ਆਉਣੇ ਸ਼ੁਰੂ ਹੋ ਗਏ ਸਨ। ਸਾਰੀ-ਸਾਰੀ ਰਾਤ ਵਿਚਾਰਾਂ ਦਾ ਦੌਰ ਚਲਦਾ। ਕਾਮਰੇਡ ਪਰਮਜੀਤ ਸਿੰਘ ( ਅਗਾਂਹਵਧੂ ਕਵੀ ਮਿੰਦਰਪਾਲ ਭੱਠਲ ਦਾ ਜੀਜਾ) ਮੇਰੇ ਨਾਲ ਹੀ ਅਧਿਆਪਕ ਸੀ।
ਨਕਸਲੀ ਮੂਵਮੈਂਟ ਵਿਚ ਹੁਣ ਉਸਦਾ ਇੱਕ ਫਿਲਾਸਫਰ ਦੇ ਤੌਰ ‘ਤੇ ਨਾਮ ਸੀ। ਪੰਜਾਬ ਦਾ ਸਭ ਤੋਂ ਵੱਡਾ ਨਕਸਲੀ ਆਗੂ ਕਾਮਰੇਡ ਹਾਕਮ ਸਿੰਘ ਸਮਾਓ ਜੀ ਨੂੰ ਮੈਂ ਪਰਮਜੀਤ ਸਿੰਘ ਨਾਲ ਹੀ ਪਹਿਲੀ ਵਾਰ ਮਿਲਿਆ ਸੀ । ਹੋਰ ਕਲਾਕਾਰ ਮਿੱਤਰ ਵੀ ਸਨ ਜਿੰਨਾਂ ‘ਚੋਂ ਬਲਰਾਜ ਮਾਨ ਮਾਨਸਾ, ਤਰਲੋਚਨ ਸਿੰਘ, ਤੇ ਕੁਝ ਹੋਰ ਵੱਖ ਵੱਖ ਵਿਭਾਗਾਂ ਵਿਚ ਕੰਮ ਕਰਦੇ ਬੰਦੇ ਅਕਸਰ ਮੇਰੇ ਕੋਲ ਆ ਵੀ ਜਾਂਦੇ ਤੇ ਠਾਹਰ ਕਰਦੇ ਸਨ। ਕਮਰਾ ਵਗਦੀ ਗਲੀ ਵਿਚ ਥੱਲੇ ਸੀ ਤੇ ਉੱਪਰ ਮਕਾਨ ਮਾਲਕ ਰਹੇਜਾ ਖ਼ੁਦ ਪਰਿਵਾਰ ਸਮੇਤ ਰਹਿੰਦਾ ਸੀ। ਉਹ ਸਰਕਾਰੀ ਡੀਪੂ ਚਲਾਉਂਦਾ ਸੀ। ਅਸੀਂ ਸਟੋਬ ‘ਤੇ ਰੋਟੀ ਬਣਾਉਂਦੇ ਸਾਂ। ਮਿੱਟੀ ਦੇ ਤੇਲ ਦਾ ਇੰਤਜ਼ਾਮ ਰਹੇਜਾ ਹੀ ਕਰ ਕੇ ਦਿੰਦਾ ਸੀ।
ਮਿੱਤਰਾਂ ਦੀ ਢਾਣੀ ਵਧਦੀ ਗਈ ਤੇ ਨਾਲ ਲਗਦਾ ਇੱਕ ਕਮਰਾ ਹੋਰ ਵੀ ਕਿਰਾਏ ‘ਤੇ ਰਹੇਜਾ ਸਾਹਿਬ ਤੋਂ ਲੈ ਲਿਆ। ਜੰਗਲ ਪਾਣੀ ਲਈ ਲੈਟਰਿਨ, ਬਾਥਰੂਮ ਵੀ ਬਾਹਰ ਗਲੀ ਵਿਚ ਹੀ ਬਣਿਆ ਹੋਇਆ ਸੀ। ਗਲੀ ਵਿੱਚ ਤੁਰੇ ਜਾਂਦੇ ਲੋਕ ਵੀ ਉਸ ਨੂੰ ਵਰਤ ਲੈਂਦੇ ਸਨ ਜਿਵੇਂ ਸਰਕਾਰੀ ਪਖਾਨਾ ਹੋਵੇ। ਇਸ ਗੱਲ ‘ਤੇ ਕਈ ਵਾਰ ਹਾਸਾ ਠੱਠਾ ਵੀ ਹੁੰਦਾ ਸੀ। ਇਕ ਦਿਨ ਜਦੋਂ ਰਹੇਜਾ ਮਿੱਟੀ ਦੇ ਤੇਲ ਦਾ ਗੇਲਣ ਦੇਣ ਖ਼ੁਦ ਆਇਆ, ਦਸ ਕੁ ਬੰਦੇ ਉਸ ਵੇਲੇ ਕਮਰੇ ਵਿਚ ਸਨ। ਉਨ੍ਹਾਂ ਦੀਆਂ ਵੀਹ ਜੁੱਤੀਆਂ ਦੇਖ ਕੇ ਰਹੇਜਾ ਸਾਹਿਬ ਪੁੱਛਣ ਲੱਗੇ,” ਅੱਜ ਕੋਈ ਫੰਕਸ਼ਨ ਸੀ ? ਬੜੇ ਬੰਦੇ ਆਏ ਹੋਏ ਹਨ।”
ਮੈਂ ਉਸ ਨੂੰ ਇੰਨਾ ਹੀ ਕਹਿ ਕੇ ਟਾਲ ਦਿੱਤਾ,”ਅੱਜ ਸਾਡੀ ਇੱਕ ਮੀਟਿੰਗ ਸੀ।” ਉਸ ਨੂੰ ਕੀ ਦੱਸਦਾ ਕਿ ਐਨੇ ਬੰਦੇ ਤਾਂ ਰੋਜ਼ਾਨਾ ਹੀ ਇਸ ਕਮਰੇ ਵਿਚ ਹੁੰਦੇ ਹਨ। ਉਨੀਂ ਸੌ ਅਠਾਸੀ ਵਿੱਚ ਮੇਰਾ ਵਿਆਹ ਹੋ ਗਿਆ। ਯਾਰਾਂ ਮਿੱਤਰਾਂ ਦਾ ਆਉਣਾ-ਜਾਣਾ ਵੀ ਘਟਦਾ-ਘਟਦਾ ਘਟ ਗਿਆ। ਸਿਰਫ ਨੌਕਰੀ ਵਾਲੇ ਤੇ ਵਿਚਾਰਧਾਰਕ ਤੌਰ ‘ਤੇ ਮੇਰੇ ਨਾਲ ਖੜ੍ਹੇ ਮਿੱਤਰ ਹੀ ਮੇਰੇ ਨਾਲ ਜੁੜੇ ਰਹੇ। 1991 ਵਿੱਚ ਜਦੋਂ ਆਪਣਾ ਘਰ ਬਣਾਇਆ, ਕਾਲਾ ਦੌਰ ਸਿਖਰ ‘ਤੇ ਸੀ। ਪਿਤਾ ਜੀ ਜਦੋਂ ਵੀ ਪਿੰਡੋਂ ਮੇਰੇ ਕੋਲ ਆਉਂਦੇ ਉਹ ਰਾਤ ਨੂੰ ਬਾਰਾਂ ਬੋਰ ਦੀ ਬੰਦੂਕ ਆਪਣੇ ਸਰ੍ਹਾਣੇ ਲੋਡ ਕਰ ਕੇ ਹੀ ਸੌਂਦੇ।
ਇਕ ਦਿਨ ਉਨ੍ਹਾਂ ਦੀ ਸਿਰਹਾਣੇ ਪਈ ਲੋਡਡ ਬੰਦੂਕ ਚੁੱਕ ਕੇ ਜਦੋਂ ਮੈਂ ਦੂਜੀ ਸਾਈਡ ‘ਤੇ ਰੱਖਣ ਲੱਗਿਆ, ਬੰਦੂਕ ਮੇਰੇ ਹੱਥੋਂ ਜ਼ਮੀਨ ਤੇ ਗਿਰ ਗਈ , ਤੇ ਫਾਇਰ ਹੋ ਗਿਆ । ਛੱਰਰੇ ਕਮਰੇ ਵਿਚ ਲੱਗੀ ਸੰਕਲਟਨ ਦੀਆਂ ਟਾਇਲਾਂ ਵਿਚ ਵੱਜੇ ਤੇ ਕੁਝ ਛੱਰਰੇ ਮੇਰੇ ਪੈਰਾਂ ਵੱਲ ਆਏ। ਦੂਜੇ ਕਮਰੇ ਵਿੱਚੋਂ ਵੱਡੀ ਭੈਣ ਤੇ ਪਤਨੀ ਡਰ ਕੇ, ਭੱਜ ਕੇ ਆਈਆਂ। ਬੱਚਤ ਰਹਿ ਗਈ ਸੀ, ਕੋਈ ਨੁਕਸਾਨ ਨਹੀਂ ਸੀ ਹੋਇਆ। ਇਸ ਵਾਰਦਾਤ ਤੋਂ ਪਹਿਲਾਂ ਮੈਂ ਪਿਤਾ ਜੀ ਨੂੰ ਬੁਢਲਾਡੇ ਵਾਲੀ ਟਰੇਨ ਚੜ੍ਹਾ ਕੇ ਆਇਆ ਸੀ। ਉਹ ਜਾਂਦੇ ਹੋਏ ਬੰਦੂਕ ਚੋਂ ਕਾਰਤੂਸ ਕੱਢਣੇ ਭੁੱਲ ਗਏ ਸਨ।
ਕਾਲਾ ਦੌਰ ਖ਼ਤਮ ਹੋਇਆ,ਇਸ ਦੌਰ ਵਿਚ ਪਰਿਵਾਰ ਨੂੰ ਕੁਝ ਝਟਕੇ ਵੀ ਲੱਗੇ।
ਪਰ ਮੇਰਾ ਮਨ ਹਥਿਆਰਾਂ ਪ੍ਰਤੀ ਕਦੇ ਵੀ ਆਕਰਸ਼ਕ ਨਹੀਂ ਹੋਇਆ। ਮੈਂ ਨਵੀਆਂ ਨਵੀਆਂ ਕਿਤਾਬਾਂ ਲਿਆ ਕੇ ਪੜ੍ਹਦਾ ਰਹਿੰਦਾ। ਪਿਤਾ ਜੀ ਅਕਸਰ ਕਹਿੰਦੇ,” ਤੂੰ ਵੀ ਆਪਣੇ ਨਾਮ ਤੇ ਅਸਲੇ ਦਾ ਲਾਇਸੈਂਸ ਬਣਵਾ ਲੈ, ਹਾਲਾਤ ਮਾੜੇ ਨੇ। ਰਜਿੰਦਰ ਤੇ ਦੀਪੇ (ਵੱਡਾ ਤੇ ਛੋਟਾ ਭਰਾ) ਨੇ ਕਦੋਂ ਦਾ ਬਣਵਾ ਰੱਖਿਆ ਹੈ। ਪਰ ਮੈਂ ਨਾਂਹ ਨੁੱਕਰ ਵੀ ਨਾ ਕਰਦਾ ਤੇ ਹਾਂ ਜੀ ਕਹਿ ਕੇ ਗੱਲ ਆਈ ਗਈ ਕਰ ਦਿੰਦਾ।
ਪਿਤਾ ਜੀ ਦੀ ਮੌਤ ਤੱਕ ਘਰ ਵਿਚ ਤਿੰਨ ਅਸਲੇ ਸਨ, ਦੋ ਬਾਰਾਂ ਬੋਰ ਤੇ ਇੱਕ ਰਿਵਾਲਵਰ। ਮੈਂ ਕਦੇ ਉਹਨਾਂ ਨਾਲ ਫੋਟੋ ਤੱਕ ਵੀ ਨਹੀਂ ਖਿਚਵਾਈ। ਪਤਾ ਨਹੀਂ ਕਿਉਂ ਮੈਨੂੰ ਚੰਗਾ ਨਹੀਂ ਸੀ ਲਗਦਾ। ਇੱਕ ਦਿਨ ਮੇਰਾ ਦੋਸਤ ਮੇਰੇ ਘਰ ਆਇਆ, ਪੰਜਾਬ ਦੇ ਹਾਲਾਤ ਉਦੋਂ ਵੀ ਨਾਜ਼ੁਕ ਹੀ ਸਨ। ਉਸ ਨੇ ਮੈਨੂੰ ਪੁੱਛਿਆ,” ਤੇਰੇ ਕੋਲ ਅਸਲੇ ਦਾ ਲਾਇਸੈਂਸ ਤੇ ਅਸਲਾ ਹੈ। ਮੈਂ ਉਸ ਨੂੰ ਕਿਹਾ,” ਹਾਂ ਹੈ! ਆ ਜਾ ਤੈਨੂੰ ਦਿਖਾਵਾਂ।”
ਮੈਂ ਉਸ ਨੂੰ ਘਰ ਦੇ ਉੱਪਰ ਬਣੀ ਆਪਣੀ ਲਾਇਬ੍ਰੇਰੀ ਵਿਚ ਲੈ ਗਿਆ। ਉਹ ਐਨੀਆਂ ਕਿਤਾਬਾਂ ਦੇਖ ਕੇ ਹੈਰਾਨ ਹੋ ਗਿਆ ਉਸ ਨੂੰ ਉਮੀਦ ਸੀ ਸ਼ਾਇਦ ਲਾਇਬ੍ਰੇਰੀ ਵਿਚ ਹੀ ਅਸਲਾ ਰੱਖਿਆ ਹੋਵੇ।
ਮੈਂ ਉਸ ਨੂੰ ਉੱਭਲ ਚਿੱਤਾ ਜਾ ਦੇਖ ਕੇ ਕਿਹਾ” ਇਹ ਕਿਤਾਬਾਂ ਹੀ ਮੇਰੀਆਂ ਅਸਲਾ ਹਨ। ਉਹ ਨਿੰਮੋਝੂਣਾ ਜਿਹਾ ਹੋ ਗਿਆ।
(ਜਸਪਾਲ ਜੱਸੀ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly