ਕੈਪਸ਼ਨ: ਫਾਇਰ ਸੇਫਟੀ ਹਫਤੇ ਮੌਕੇ ਜਾਗਰੂਕਤਾ ਮੁਕਾਬਲੇ ਦਾ ਦ੍ਰਿਸ਼।
ਮਾਨਸਾ, (ਸਮਾਜ ਵੀਕਲੀ) ਸਿਵਲ ਸਰਜਨ ਡਾ. ਅਰਵਿੰਦਪਾਲ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾ. ਹਰਮਨਦੀਪ ਸਿੰਘ ਦੀ ਅਗਵਾਈ ਵਿੱਚ ਫਾਇਰ ਸੇਫਟੀ ਹਫਤੇ ਤਹਿਤ ਮਾਲਵਾ ਪਬਲਿਕ ਹਾਈ ਸਕੂਲ ਖਿਆਲਾ ਕਲਾਂ ਵਿੱਚ ਬੱਚਿਆਂ ਦੇ ਚਿੱਤਰਕਲਾ ਮੁਕਾਬਲੇ ਕਰਵਾਏ ਗਏ। ਇਸ ਮੌਕੇ ਡਾ. ਅਮਰਿੰਦਰ ਸ਼ਾਰਦਾ, ਬਲਾਕ ਐਕਸਟੈਸ਼ਨ ਐਜੂਕੇਟਰ ਕੇਵਲ ਸਿੰਘ ਨੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਾਇਰ ਸੇਫਟੀ ਹਫਤੇ ਵਿੱਚ ਜਾਗਰੂਕ ਕਰਨ ਦਾ ਉਦੇਸ਼ ਕਣਕ ਦੀ ਵਾਢੀ ਅਤੇ ਗਰਮ ਰੁੱਤ ਮੌਕੇ ਹੋ ਰਹੀਆਂ ਅੱਗ ਦੀਆਂ ਘਟਨਾਵਾਂ ਨੂੰ ਘੱਟ ਕਰਨਾ ਹੈ। ਉਨ੍ਹਾਂ ਸਲਾਹ ਦਿੱਤੀ ਕਿ ਹਾੜੀ ਫਸਲਾਂ ਦੇ ਪੱਕਣ ਵਕਤ ਕਿਸਾਨ ਵੀਰਾਂ ਨੂੰ ਬਿਜਲੀ ਦੀਆਂ ਤਾਰਾਂ,ਟਰਾਂਸਫਾਰਮਰ ਦੇ ਨੇੜੇ ਸੁੱਕੇ ਘਾਹ/ਕਣਕ ਨੂੰ ਕੱਟਣਾ, ਪਾਣੀ ਦੇ ਖਾਲ ਭਰ ਕੇ ਰੱਖਣੇ, ਢਿੱਲੀਆਂ ਤਾਰਾਂ ਦੀ ਜਾਣਕਾਰੀ ਬਿਜਲੀ ਵਿਭਾਗ ਨੂੰ ਦੇਣਾ ਅਤੇ ਐਂਮਰਜੈਂਸੀ ਨੰਬਰ 101 ‘ਤੇ ਲੋੜ ਪੈਣ ਵਕਤ ਸੂਚਿਤ ਕਰਨਾ ਚਾਹੀਦਾ ਹੈ। ਘਰ ਵਿੱਚ ਅੱਗ ਤੋਂ ਬਚਾਅ ਲਈ ਲੋੜ ਤੋਂ ਬਿਨ੍ਹਾ ਗੈਸ ਦੇ ਰੈਗੂਲੇਟਰ ਨੂੰ ਬੰਦ ਰੱਖਣਾ, ਬਲਣਸ਼ੀਲ ਚੀਜਾਂ ਜਿਵੇਂ ਘਿਓ, ਤੇਲ ਅਤੇ ਛੋਟੇ ਤੌਲੀਏ ਆਦਿ ਚੀਜਾਂ ਨੂੰ ਚੁੱਲ੍ਹੇ ਤੋਂ ਇੱਕ ਮੀਟਰ ਦੀ ਦੂਰੀ ‘ਤੇ ਰੱਖਣਾ ਅਤੇ ਰਸੋਈ ਵਿੱਚ ਗੈਸ ਲੀਕ ਹੋਣ ਦੀ ਸੂਰਤ ਵਿੱਚ ਬਿਜਲੀ ਉਪਕਰਨਾਂ ਨੂੰ ਚਾਲੂ ਨਾ ਕਰਨਾ ਆਦਿ ਇਤਿਹਾਤ ਵਰਤਣੇ ਚਾਹੀਦੇ ਹਨ। ਬੰਦ ਕਮਰੇ/ਬਿਲਡਿੰਗਾਂ ਵਿੱਚ ਅੱਗ ਲੱਗਣ ਦੀ ਸੂਰਤ ਵਿੱਚ ਬਚਾਅ ਦੇ ਲਈ ਰਸਤੇ ਦੀ ਪਛਾਣ ਕਰਨਾ ਅਤੇ ਅੱਗ ਲੱਗਣ ਦੀ ਦੁਰਘਟਨਾ ਦੀ ਸੂਰਤ ਵਿੱਚ ਨੀਵੇਂ ਹੋ ਕੇ ਤੁਰਨਾ ਜਾਂ ਰਿੜ ਕੇ ਤੁਰਨਾ, ਕਿਉਂ ਜੋ ਕਾਰਬਨ ਡਾਇਆਕਸਾਈਡ ਦੀ ਮਾਤਰਾ ਉੱਪਰਲੀ ਸਤਹਿ ਵਿੱਚ ਹੁੰਦੀ ਹੈ, ਜਿਸ ਨਾਲ ਦਮ ਘੁਟਣ ਅਤੇ ਮੌਤ ਹੋਣ ਤੋਂ ਬਚਾਅ ਹੋ ਸਕਦਾ ਹੈ। ਇਸ ਮੌਕੇ ਸਕੂਲ ਵਿੱਚ ਬੱਚਿਆਂ ਦੇ ਫਾਇਰ ਸੇਫਟੀ ਪੋਸਟਰ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਵੱਖ ਵੱਖ ਚਿੱਤਰ ਬਣਾ ਕੇ ਅੱਗ ਲੱਗਣ ਦੇ ਕਾਰਨ ਅਤੇ ਬਚਾਅ ਦੇ ਦ੍ਰਿਸ਼ ਚਿੱਤਰੇ। ਇਸ ਮੌਕੇ ਸਕੂਲ ਪ੍ਰਿੰਸੀਪਲ ਹਰਦੀਪ ਜਟਾਣਾ ਅਤੇ ਅਧਿਆਪਕਾਂ ਵੱਲੋਂ ਸਿਹਤ ਟੀਮ ਨੂੰ ਪੂਰਨ ਸਹਿਯੋਗ ਦਿੱਤਾ ਗਿਆ।
ਚਾਨਣਦੀਪ ਸਿੰਘ ਔਲਖ, ਸੰਪਰਕ 9876888177
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj