(ਸਮਾਜ ਵੀਕਲੀ) ਅਮਨਦੀਪ ਸਿੰਘ ਉਰਫ ਅਮਨ ਅਲਬੇਲਾ ਜੀ ਦਾ ਜਨਮ ਮਾਸਟਰ ਹਰਨੇਕ ਸਿੰਘ ਜੀ ਦੇ ਘਰ ਮਾਤਾ ਗੁਰਮੇਲ ਕੌਰ ਦੀ ਕੁੱਖੋਂ 29 ਜੁਲਾਈ 1982 ਨੂੰ ਪਿੰਡ ਬੜੌਦੀ ਜਿਲ੍ਹਾ ਰੋਪੜ (ਮੌਜੂਦਾ ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ) ਵਿਖੇ ਹੋਇਆ।ਉਨਾਂ ਨੇ ਮੁੱਢਲੀ ਸਿੱਖਿਆ ਜਵਾਹਰ ਨਵੋਦਿਆ ਵਿਦਿਆਲਿਆ ਸੰਧੂਆਂ ਅਕੈਡਮੀ ਤੋਂ ਪ੍ਰਾਪਤ ਕੀਤੀ।ਇਸ ਉਪਰੰਤ ਉਨਾਂ ਨੇ ਤਿੰਨ ਸਾਲਾ ਕੰਪਿਊਟਰ ਦਾ ਡਿਪਲੋਮਾ ਅੰਮ੍ਰਿਤਸਰ ਪੱਟੀ ਤੋਂ ਕੀਤਾ।
ਅਮਨ ਅਲਬੇਲਾ ਜੀ ਬਚਪਨ ਤੋਂ ਹੀ ਬੜੇ ਸਹਿਜ ਸੁਭਾਅ ਦੇ ਮਾਲਕ ਹਨ। ਪੰਜਾਬੀ ਤੇ ਹਿੰਦੀ ਗੀਤਾਂ ਨੂੰ ਸੁਣ ਕੇ ਉਹਨਾਂ ਵਿੱਚੋਂ ਮਾਨਸਿਕ ਸਕੂਨ ਭਾਲਣ ਵਾਲੇ ਅਮਨ ਅਲਬੇਲਾ ਜੀ ਬਹੁਤੇ ਸ਼ੌਂਕ ਨਹੀਂ ਰੱਖਦੇ ਹਨ। ਉਨਾਂ ਦੇ ਦਿਲ ਵਿੱਚ ਗੀਤਕਾਰਾਂ ਅਤੇ ਗਾਉਣ ਵਾਲਿਆਂ ਦੇ ਲਈ ਬਹੁਤ ਜਿਆਦਾ ਸਤਿਕਾਰ ਹੈ।ਸਵੇਰੇ ਬਾਬੂਆਂ ਵਾਂਗ ਸੂਟ-ਬੂਟ ਪਾ ਕੇ ਦਫ਼ਤਰ ਜਾਣਾ ਉਹਨਾਂ ਦੀ ਸੋਚ ਦਾ ਹਿੱਸਾ ਨਹੀਂ ਸੀ। ਉਹਨਾਂ ਨੂੰ ਪੈਸੇ ਨਾਲ ਕੋਈ ਮੋਹ ਨਹੀਂ ਸੀ। ਉਹ ਕੋਈ ਅਲੱਗ ਜਿਹਾ ਕੰਮ ਕਰਨਾ ਚਾਹੁੰਦੇ ਸਨ।ਇਸ ਲਈ ਕੁਦਰਤ ਪ੍ਰੇਮੀ ਅਮਨ ਅਲਬੇਲਾ ਜੀ ਨੇ ਪੰਜਾਬ ਵਿੱਚ ਫੁੱਲਾਂ ਦੀ ਖੇਤੀ ਦਾ ਕੰਮ ਸ਼ੁਰੂ ਕੀਤਾ। ਪੰਜਾਬ ਵਿੱਚ ਅਤੇ ਦਿੱਲੀ ਤੱਕ ਫੁੱਲਾਂ ਦੀ ਸਪਲਾਈ ਵੀ ਕਰਦੇ ਰਹੇ ਅਤੇ ਕਾਫੀ ਚੰਗਾ ਨਾਮ ਵੀ ਕਮਾਇਆ। ਪਰ ਫਿਰ ਵੀ ਮਨ ਸੰਤੁਸ਼ਟ ਨਾ ਹੋਇਆ। ਇਸ ਉਪਰੰਤ ਉਹ ਗਰੀਸ ਚਲੇ ਗਏ। ਪਰ ਉੱਥੇ ਵੀ ਉਹਨਾਂ ਦਾ ਮਨ ਨਾ ਲੱਗਿਆ।ਇਸ ਲਈ 15 ਸਾਲ ਕਦੇ ਪੰਜਾਬ, ਕਦੇ ਗਰੀਸ, ਕਦੇ ਪੰਜਾਬ, ਕਦੇ ਗਰੀਸ ਆਦਿ ਦੀ ਘੁੰਮਣਘੇਰੀ ਵਿੱਚ ਹੀ ਫਸੇ ਰਹੇ। ਇਸ ਘੁੰਮਣ ਘੇਰੀ ਨੇ ਉਹਨਾਂ ਨੂੰ ਕਾਫੀ ਜਿਆਦਾ ਨਿਰਾਸ਼ਾਵਾਦੀ ਬਣਾ ਦਿੱਤਾ ਸੀ।ਉਹ ਅਕਸਰ ਆਪਣੇ ਦੋਸਤਾਂ ਕੋਲ ਸ਼ਾਮ ਦੇ ਵੇਲੇ ਸ਼ਰਾਬ ਪੀ ਕੇ ਇਹ ਕਹਿੰਦੇ ਕਿ ਉਹਨਾਂ ਦੀ ਮੌਤ ਦਾ ਕਾਰਨ ਆਤਮ-ਹੱਤਿਆ ਹੋਵੇਗੀ।ਬਿਰਹਾ ਦੇ ਕਵੀ ਸ਼ਿਵ ਦੇ ਵਾਂਗ ਜੋਬਨ ਰੁੱਤੇ ਮਰਨ ਦੀ ਇੱਛਾ ਉਹਨਾਂ ਦੇ ਮਨ ਵਿੱਚ ਘਰ ਕਰ ਗਈ ਸੀ।
ਕੁਦਰਤ ਅਤੇ ਸੰਗੀਤ ਦੇ ਪ੍ਰੇਮੀ ਅਮਨ ਅਲਬੇਲਾ ਜੀ ਨੇ ਇੱਕ ਦਿਨ ਯੂ ਟਿਊਬ ਉੱਤੇ ਲਵਪ੍ਰੀਤ ਢਿਲੋਂ ਜਿਹੜਾ ਕਿ ਆਪਣੀਆਂ ਲਿਖਤਾਂ ਵਿੱਚ ਅਕਸਰ ਆਪਣੀ ਗਰੀਬੀ ਨਾਲ ਸ਼ਿਕਵਾ ਕਰਦਾ ਰਹਿੰਦਾ ਸੀ, ਦਾ ਗੀਤ ਸੁਣਿਆ ਅਤੇ ਉਸ ਤੋਂ ਕਾਫੀ ਪ੍ਰਭਾਵਿਤ ਹੋਏ। ਲਵਪ੍ਰੀਤ ਢਿੱਲੋ ਦਾ ਇਹ ਗੀਤ ਸੁਣਨ ਤੋਂ ਬਾਅਦ ਉਹਨਾਂ ਦੇ ਮਨ ਵਿੱਚ ਲਿਖਣ ਦੀ ਜਗਿਆਸਾ ਪੈਦਾ ਹੋਈ ਅਤੇ ਉਹਨਾਂ ਨੇ ਚਾਰ ਪੰਜ ਸਤਰਾਂ ਦਾ ਇੱਕ ਗੀਤ ਲਵਪ੍ਰੀਤ ਢਿੱਲੋ ਨੂੰ ਹੌਸਲਾ ਦੇਣ ਲਈ ਲਿਖ ਕੇ ਭੇਜਿਆ।ਬਸ ਫਿਰ ਇਸ ਤੋਂ ਬਾਅਦ ਉਹਨਾਂ ਨੇ ਕਲਮ ਨੂੰ ਆਪਣਾ ਮਿੱਤਰ ਬਣਾ ਲਿਆ। ਇਸ ਤਰ੍ਹਾਂ ਇੱਕ ਵਾਰ ਫਿਰ ਤੋਂ ਉਨਾਂ ਦੇ ਦਿਲ ਅਤੇ ਮਨ ਵਿੱਚ ਜ਼ਿੰਦਗੀ ਜਿਉਣ ਦੀ ਤਮੰਨਾ ਜਾਗ ਪਈ।ਉਨਾਂ ਨੇ ‘ਫਸਲ ਰੋਸ’ ਨਾਮ ਦੀ ਇੱਕ ਪੁਸਤਕ ਪੰਜਾਬੀ ਸਾਹਿਤ ਜਗਤ ਦੀ ਝੋਲੀ ਵੀ ਪਾਈ। ਸੰਨ 2023 ਚ’ “ਯੋਧਿਆਂ ਦੀ ਧਰਤੀ” ਗੀਤ ਤੋਂ ਆਪਣਾ ਕੈਰੀਅਰ ਸ਼ੁਰੂ ਕਰਨ ਉਪੰਰਤ ਅਗਲੇ ਸਾਲ 2024 ਚ ਲਗਾਤਾਰ ਤਿੰਨ ਗੀਤ ” ਧੀ, ਕਿਵੇਂ ਭੁੱਲੀਏ ਚੁਰਾਸੀ ਅਤੇ ਔਕਾਤ” ਪੰਜਾਬੀ ਸੰਗੀਤ ਦੀ ਝੋਲੀ ਵਿੱਚ ਪਾਕੇ ਆਪਣੇ ਇਰਾਦੇ ਜਾਹਿਰ ਕਰ ਦਿੱਤੇ। ਅਗਰ ਉਹਨਾਂ ਨੂੰ ਕੋਈ ਪੁੱਛਦਾ ਕਿ ਅਲਬੇਲੇ ਕਿਹੜੀ ਕਿਤਾਬ ਪੜਦਾ ਤੱਕ ਅੱਗੋਂ ਇਕੋ ਜਵਾਬ ਮਿਲਦਾ। ਮੈਂ ਕਿਤਾਬ ਨਹੀਂ ਦਿਲਾਂ ਦੇ ਜਜਬਾਤ ਪੜਦਾ।।ਬੇਸ਼ਕ ਉਹ ਬਹੁਤ ਹੀ ਘੱਟ ਸਮੇਂ ਤੋਂ ਸਾਹਿਤ ਨਾਲ ਜੁੜੇ ਹੋਏ ਹਨ।ਪਰ ਉਹਨਾਂ ਨੇ ਇਸ ਛੋਟੇ ਜਿਹੇ ਸਮੇਂ ਵਿੱਚ ਹੀ ਬਹੁਤ ਵੱਡੀਆਂ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। 2 ਅਕਤੂਬਰ 2020 ਨੂੰ ਬਾਬੇ ਨਾਨਕ ਦੀ ਚਲਾਈ ਦਸਵੰਧ ਦੀ ਪ੍ਰਥਾ ਤੇ ਚੱਲਣ ਦਾ ਪ੍ਰਣ ਕੀਤਾ ਤੇ ਇਸ ਦਸਵੰਧ ਕਦੋਂ ਨੱਬੇਬੰਦ ਚ’ ਤਬਦੀਲ ਹੋ ਗਈ ਪਤਾਂ ਹੀ ਨੀ ਚੱਲਿਆ।ਬੇਰੋਜ਼ਗਾਰਾਂ ਨੂੰ ਰੁਜ਼ਗਾਰ ਖੋਲ ਕੇ ਦੇਣਾ, ਗਰੀਬ ਵਿਦਿਆਰਥੀਆਂ ਲਈ ਕਿਤਾਬਾਂ ਅਤੇ ਵਰਦੀਆਂ ਦਾ ਪ੍ਰਬੰਧ ਕਰਨਾ, ਗਰੀਬ ਬਿਮਾਰ ਲੋਕਾਂ ਲਈ ਦਵਾਈਆਂ ਦਾ ਪ੍ਰਬੰਧ ਕਰਨਾ ਉਨਾਂ ਨੇ ਦਾਨ-ਪੁੰਨ ਦੀਆਂ ਨਵੀਆਂ ਪਿਰਤਾਂ ਸ਼ੁਰੂ ਕੀਤੀਆਂ ਹਨ।ਪੰਜਾਬ ਤੋਂ ਬਾਹਰ ਦੇ ਲੇਖਕ ਜਿਹੜੇ ਕਿ ਆਪਣੀਆਂ ਕਿਤਾਬਾਂ ਨਹੀਂ ਛਪਵਾ ਸਕਦੇ ਉਹਨਾਂ ਨੂੰ ਸਾਹਮਣੇ ਲਿਆਉਣ ਲਈ ਉਹਨਾਂ ਨੇ ਪਿਛਲੇ ਸਾਲ ਸੰਨ 2024 ਵਿੱਚ ਪੰਜਾਬੀ ਦਾ ‘ਸ਼ਿਵਾਲਿਕ’ ਨਾਮ ਦਾ ਨਵਾਂ ਰਸਾਲਾ ਸ਼ੁਰੁ ਕੀਤਾ।
ਬੀਮਾਰ ਅਤੇ ਗਰੀਬ ਲੋਕਾਂ ਦਾ ਮਸੀਹਾ ਵੱਡਾ ਵੀਰ ਅਮਨ ਅਲਬੇਲਾ ਜੀ ਇਸ ਤਰ੍ਹਾਂ ਹੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਵੱਸਦਾ ਰਹੇ।ਪੰਜਾਬੀ ਸਾਹਿਤ ਦੀਆਂ ਝੋਲੀਆਂ ਭਰਦਾ ਰਹੇ।
ਆਮੀਨ।
ਜੇ.ਐੱਸ.ਮਹਿਰਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly