ਪਿਛਲੇ 4 ਸਾਲਾਂ ਤੋਂ ਨਹੀਂ ਮਿਲ ਰਹੀ ਉਸਾਰੀ ਕਿਰਤੀ ਭਲਾਈ ਸਕੀਮਾਂ ਦੀ ਵਿੱਤੀ ਸਹਾਇਤਾ-ਬਲਦੇਵ ਭਾਰਤੀ

ਨਵਾਂਸ਼ਹਿਰ/ਰਾਹੋਂ/ਔੜ,ਉੜਾਪੜ/ਲਸਾੜਾ-(ਜੱਸੀ) (ਸਮਾਜ ਵੀਕਲੀ)- “ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੀਆਂ ਵੱਖ ਵੱਖ ਭਲਾਈ ਸਕੀਮਾਂ ਤਹਿਤ ਰਜਿਸਟਰਡ ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਪ੍ਰੀਵਾਰਾਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਪਿਛਲੇ ਕਰੀਬ 4 ਸਾਲਾਂ ਤੋਂ ਲਾਭਪਾਤਰੀਆਂ ਨੂੰ ਨਹੀਂ ਮਿਲ ਰਹੀ। ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਸਰਕਾਰ ਉਸਾਰੀ ਕਿਰਤੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦਿਆਂ ਉਨ੍ਹਾਂ ਨੂੰ ਨਿਰਾਸ਼ ਕਰ ਰਹੀ ਹੈ।” ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਬਲਦੇਵ ਭਾਰਤੀ ਕਨਵੀਨਰ ਨੈਸ਼ਨਲ ਲੇਬਰ ਆਰਗੇਨਾਈਜੇਸ਼ਨ (ਐਨ.ਐਲ.ਓ.) ਨੇ ਸਖਤ ਰੋਸ ਜਾਹਰ ਕੀਤਾ। ਉਨ੍ਹਾਂ ਦੱਸਿਆ ਕਿ “ਉਸਾਰੀ ਕਿਰਤੀਆਂ ਵਿੱਚ ਮਨਰੇਗਾ ਔਰਤਾਂ/ਪੁਰਸ਼ ਮਜ਼ਦੂਰ, ਰਾਜ ਮਿਸਤਰੀ/ਮਜ਼ਦੂਰ, ਪੇਂਟਰ, ਪਲੰਬਰ, ਕਾਰਪੇਂਟਰ, ਸਟੀਲ ਫਿਕਸਰ, ਮਾਰਬਲ/ਟਾਈਲ ਮਿਸਤਰੀ/ਮਜ਼ਦੂਰ, ਪੱਥਰ ਰਗੜਾਈ ਵਾਲੇ, ਸੜਕਾਂ ਬਣਾਉਣ ਵਾਲੇ ਮਜ਼ਦੂਰ, ਇਲੈਕਟ੍ਰੀਸ਼ੀਅਨ, ਪੀ.ਓ.ਪੀ.ਮਿਸਤਰੀ/ਮਜ਼ਦੂਰ, ਪਥੇਰ ਅਤੇ ਕੱਚੀ ਇੱਟ ਦੀ ਭਰਾਈ ਕਰਨ ਵਾਲੇ ਭੱਠਾ ਮਜ਼ਦੂਰ ਆਉਂਦੇ ਹਨ।”

ਐੱਨ.ਐੱਲ.ਓ. ਦੇ ਮੁੱਖੀ ਬਲਦੇਵ ਭਾਰਤੀ ਨੇ ਦੱਸਿਆ ਕਿ “ਉਸਾਰੀ ਕਿਰਤੀਆਂ ਲਈ ਵਜ਼ੀਫਾ ਸਕੀਮ 3000/-ਰੁ. ਤੋਂ ਲੈ ਕੇ 70,000/- ਰੁ. ਤੱਕ ਸਲਾਨਾ, ਸ਼ਗਨ ਸਕੀਮ ਅਧੀਨ ਲੜਕੀ ਦੀ ਸ਼ਾਦੀ ਲਈ 51,000/-ਰੁ., ਬਾਲੜੀ ਤੋਹਫਾ ਸਕੀਮ ਤਹਿਤ ਲੜਕੀ ਦੇ ਜਨਮ ਤੇ 75,000/-ਰੁ. ਦੀ ਐਫ.ਡੀ., ਪ੍ਰਸੂਤਾ ਸਕੀਮ ਤਹਿਤ ਇਸਤਰੀ ਲਾਭਪਾਤਰੀਆਂ ਦੇ ਨਵੇਂ ਜਨਮੇ ਬੱਚੇ ਲਈ 21,000/- ਰੁ:, ਲਾਭਪਾਤਰੀ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਲਈ ਚਸ਼ਮੇ ਵਾਸਤੇ 800/- ਰੁ. ਦੰਦਾਂ ਵਾਸਤੇ 5000/-ਰੁ. ਅਤੇ ਸੁਣਨ ਯੰਤਰ ਲਗਵਾਉਣ ਲਈ 6000/-ਰੁ., ਜਨਰਲ ਸਰਜਰੀ ਵਿੱਤੀ ਸਹਾਇਤਾ ਸਕੀਮ ਤਹਿਤ 50,000/-ਰੁ., ਖਤਰਨਾਕ ਬਿਮਾਰੀਆਂ ਦੇ ਇਲਾਜ ਲਈ 1,00,000/- ਰੁ:, ਪੈਨਸ਼ਨ ਸਕੀਮ ਤਹਿਤ 3,000/-ਰੁ: ਮਾਸਿਕ, ਦਾਹ ਸੰਸਕਾਰ ਅਤੇ ਅੰਤਿਮ ਕਿਰਿਆ-ਕ੍ਰਮ ਵਿੱਤੀ ਸਹਾਇਤਾ ਸਕੀਮ ਤਹਿਤ ਲਾਭਪਾਤਰੀ ਅਤੇ ਪਰਿਵਾਰਿਕ ਮੈਂਬਰ ਦੀ ਮੌਤ ਤੇ 20,000/-ਰੁ:, ਮਾਨਸਿਕ ਰੋਗੀ ਅਤੇ ਅਪੰਗ ਬੱਚਿਆਂ ਦੀ ਸਾਂਭ ਸੰਭਾਲ ਵਿੱਤੀ ਸਹਾਇਤਾ ਸਕੀਮ ਤਹਿਤ 20,000/-ਰੁ: ਸਲਾਨਾ, ਐਲ.ਟੀ.ਸੀ. ਸਕੀਮ ਅਧੀਨ 10,000/-ਰੁ. ਦਾ ਯਾਤਰਾ ਭੱਤਾ, ਐਕਸਗ੍ਰੇਸ਼ੀਆ ਗ੍ਰਾਂਟ ਸਕੀਮ ਤਹਿਤ ਲਾਭਪਾਤਰੀ ਦੀ ਕੁਦਰਤੀ ਮੌਤ ਹੋਣ ਤੇ 2 ਲੱਖ ਰੁ, ਦੁਰਘਟਨਾ ਵਿੱਚ ਮੌਤ ਹੋਣ ਤੇ 4 ਲੱਖ ਰੁਪਏ ਅਤੇ ਪੂਰਨ ਅਪੰਗਤਾ (100%) ਹੋਣ ਤੇ ਐਕਸਗ੍ਰੇਸ਼ੀਆ ਸਕੀਮ ਅਧੀਨ 4 ਲੱਖ ਰੁਪਏ ਅਤੇ ਆਂਸ਼ਕ ਅਪੰਗਤਾ ਦੀ ਸੂਰਤ ਵਿੱਚ ਇੱਕ ਪ੍ਰਤੀਸ਼ਤ ਅਪੰਗਤਾ ਲਈ 4000/-ਰੁ: ਜੋ ਕਿ ਵੱਧ ਤੋਂ ਵੱਧ 4 ਲੱਖ ਰੁ: ਤੱਕ ਦੀ ਵਿੱਤੀ ਸਹਾਇਤਾ ਆਦਿ ਪ੍ਰਵਾਨਿਤ ਸਕੀਮਾਂ ਹਨ।”
ਮਜ਼ਦੂਰ ਆਗੂ ਬਲਦੇਵ ਭਾਰਤੀ ਨੇ ਦੱਸਿਆ ਕਿ” ਇਹ ਭਲਾਈ ਸਕੀਮਾਂ ਸਬ ਡਵੀਜ਼ਨਲ ਕਮੇਟੀਆਂ ਵਲੋਂ ਸਬ ਡਵੀਜ਼ਨਲ ਮੈਜਿਸਟ੍ਰੇਟ ਦੀ ਪ੍ਰਧਾਨਗੀ ਵਿੱਚ ਪ੍ਰਵਾਨ ਕੀਤੀਆਂ ਜਾਂਦੀਆਂ ਹਨ। ਪਰ ਪਿਛਲੇ ਕਰੀਬ 4 ਸਾਲਾਂ ਤੋਂ ਇਨ੍ਹਾਂ ਕਮੇਟੀਆਂ ਵਲੋਂ ਪ੍ਰਵਾਨ ਕੀਤੀਆਂ ਭਲਾਈ ਸਕੀਮਾਂ ਲਈ ਕੋਈ ਵਿੱਤੀ ਸਹਾਇਤਾ ਲਾਭਪਾਤਰੀਆਂ ਨੂੰ ਪ੍ਰਦਾਨ ਨਹੀਂ ਕੀਤੀ ਜਾ ਰਹੀ।” ਉਨ੍ਹਾਂ ਪੁਰਜੋਰ ਮੰਗ ਕੀਤੀ ਕਿ” ਇਨ੍ਹਾਂ ਕਮੇਟੀਆਂ ਵਲੋਂ ਪ੍ਰਵਾਨ ਕੀਤੀਆਂ ਭਲਾਈ ਸਕੀਮਾਂ ਦੀ ਵਿੱਤੀ ਸਹਾਇਤਾ ਬਿਨਾਂ ਕਿਸੇ ਦੇਰੀ ਦੇ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਤੁਰੰਤ ਪਾਈ ਜਾਵੇ।”

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫਾਲਕਨ ਇੰਟਰਨੈਸ਼ਨਲ ਸਕੂਲ ‘ਚ ਸੁੰਦਰ ਲਿਖਾਈ ਪ੍ਰਤੀਯੋਗਤਾ ਕਰਵਾਈ ਗਈ
Next articleਪੰਜਾਬ ਦੇ ਸਮੁੱਚੇ ਪਿੰਡਾਂ ਨੂੰ ਜਲਦੀ ਬੱਸ ਸੇਵਾ ਨਾਲ ਜੋੜਿਆ ਜਾਵੇਗਾ-ਚੇਅਰਮੈਨ ਕੌੜਾ