ਕੇਂਦਰ ਵੱਲੋਂ ਪੰਜਾਬ ਨੂੰ ਪੈਕੇਜ ਦੇਣ ਲਈ ਅੰਤਿਮ ਛੋਹਾਂ

ਚੰਡੀਗੜ੍ਹ (ਸਮਾਜ ਵੀਕਲੀ):  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 5 ਜਨਵਰੀ ਦੀ ਫ਼ਿਰੋਜ਼ਪੁਰ ਰੈਲੀ ’ਚ ਪੰਜਾਬ ਲਈ ਵਿਸ਼ੇਸ਼ ਪੈਕੇਜ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਕੇਂਦਰ ਸਰਕਾਰ ਨੇ ਪੰਜਾਬ ਨੂੰ ਵਿਸ਼ੇਸ਼ ਪੈਕੇਜ ਦੇਣ ਦੀ ਤਿਆਰੀ ਸ਼ੁਰੂ ਕੀਤੀ ਹੋਈ ਹੈ। ਸੂਤਰਾਂ ਅਨੁਸਾਰ ਕੇਂਦਰ ਸਰਕਾਰ ਨੇ ਕੇਂਦਰੀ ਖ਼ੁਫ਼ੀਆ ਵਿੰਗ ਨੂੰ ਸੂਬੇ ਦੇ ਧਰਾਤਲ ਤੋਂ ਹਰ ਵਰਗ ਦੀਆਂ ਰਾਹਤ ਦੇਣ ਵਾਲੀਆਂ ਮੰਗਾਂ ਦਾ ਖ਼ਾਕਾ ਤਿਆਰ ਕਰਨ ਲਈ ਕਿਹਾ ਹੈ ਅਤੇ ਇਸ ਦੀ ਰਿਪੋਰਟ ਮੰਗੀ ਹੈ। ਭਾਜਪਾ ਪ੍ਰਤੀ ਬਣੇ ਕੁੜੱਤਣ ਵਾਲੇ ਮਾਹੌਲ ਨੂੰ ਹੁਣ ਖੇਤੀ ਕਾਨੂੰਨਾਂ ਦੀ ਵਾਪਸੀ ਮਗਰੋਂ ਸਾਜ਼ਗਾਰ ਬਣਾਉਣ ਲਈ ਨੁਕਤੇ ਸੁਝਾਉਣ ਵਾਸਤੇ ਖ਼ੁਫ਼ੀਆ ਤੰਤਰ ਨੂੰ ਕਿਹਾ ਗਿਆ ਹੈ।

ਸੂਤਰਾਂ ਅਨੁਸਾਰ ਸਿੱਖ ਭਾਈਚਾਰੇ ਨੂੰ ਰਾਹਤ ਦੇਣ ਤੋਂ ਇਲਾਵਾ ਕੇਂਦਰ ਸਰਕਾਰ ਸੂਬੇ ਲਈ ਵਿੱਤੀ ਜਾਂ ਸਨਅਤੀ ਪੈਕੇਜ ਵੀ ਐਲਾਨ ਸਕਦੀ ਹੈ। ਸਰਹੱਦੀ ਖੇਤਰ ਬਾਰੇ ਵੀ ਵਿਸ਼ੇਸ਼ ਐਲਾਨ ਕੀਤੇ ਸਕਦੇ ਹਨ। ਭਾਜਪਾ ਦੇ ਇੱਕ ਸੀਨੀਅਰ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਲਈ ਪੈਕੇਜ ਐਲਾਨਿਆ ਜਾਣਾ ਹੈ ਪ੍ਰੰਤੂ ਇਸ ਦੀ ਭਾਫ਼ ਹਾਲੇ ਤੱਕ ਬਾਹਰ ਨਹੀਂ ਨਿਕਲ ਸਕੀ ਹੈ। ਜਾਣਕਾਰੀ ਅਨੁਸਾਰ ਪੰਜ ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਦੇ ਕਰਜ਼ਾ ਮੁਆਫ਼ੀ ਦੀ ਗੱਲ ਵੀ ਚੱਲ ਰਹੀ ਹੈ। ਪਿਛਲੇ ਦਿਨਾਂ ਵਿਚ ਸਾਰੀਆਂ ਬੈਂਕਾਂ ਤਰਫ਼ੋਂ ਅਜਿਹਾ ਅੰਕੜਾ ਵੀ ਤਿਆਰ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਫ਼ਿਰੋਜ਼ਪੁਰ ਰੈਲੀ ਦੌਰਾਨ ਸਟੇਜ ’ਤੇ ਪ੍ਰਧਾਨ ਮੰਤਰੀ ਮੋਦੀ ਨਾਲ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਵੀ ਨਜ਼ਰ ਆ ਸਕਦੇ ਹਨ। ਉਂਜ ਇਨ੍ਹਾਂ ਆਗੂਆਂ ਨੂੰ ਹਾਲੇ ਤੱਕ ਰੈਲੀ ’ਚ ਸ਼ਮੂਲੀਅਤ ਦਾ ਰਸਮੀ ਸੱਦਾ ਨਹੀਂ ਮਿਲਿਆ ਹੈ। ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਇਨ੍ਹਾਂ ਸਮਾਰੋਹਾਂ ਵਿਚ ਸ਼ਾਮਲ ਹੋ ਸਕਦੇ ਹਨ। ਪ੍ਰਧਾਨ ਮੰਤਰੀ 5 ਜਨਵਰੀ ਨੂੰ ਪਹਿਲਾਂ ਫ਼ਿਰੋਜ਼ਪੁਰ ਵਿਚ ਪੀਜੀਆਈ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣਗੇ। ਖੇਤੀ ਕਾਨੂੰਨਾਂ ਦੀ ਵਾਪਸੀ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਪਹਿਲਾ ਪੰਜਾਬ ਦੌਰਾ ਹੈ। ਉਹ ਨਵੰਬਰ 2019 ਵਿਚ ਕਰਤਾਰਪੁਰ ਲਾਂਘਾ ਖੁੱਲ੍ਹਣ ਸਮੇਂ ਆਏ ਪੰਜਾਬ ਆਏ ਸਨ। ਇਸ ਦੌਰਾਨ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਕਈ ਵਜ਼ੀਰਾਂ ਨੂੰ ਹੁਣ ਵਿਧਾਨ ਸਭਾ ਚੋਣਾਂ ਤੱਕ ਸੂਬੇ ’ਚ ਹੀ ਡੇਰੇ ਲਾਉਣ ਲਈ ਆਖਿਆ ਹੈ। ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ, ਹਰਦੀਪ ਪੁਰੀ, ਮੀਨਾਕਸ਼ੀ ਲੇਖੀ ਤੇ ਸੋਮ ਪ੍ਰਕਾਸ਼ ਤੋਂ ਇਲਾਵਾ ਗੁਜਰਾਤ ਤੋਂ ਸੰਸਦ ਮੈਂਬਰ ਵਿਨੋਦ ਚਾਬੜਾ ਨੂੰ ਚੋਣਾਂ ਤੱਕ ਪੰਜਾਬ ’ਚ ਰਹਿਣ ਦੀ ਹਦਾਇਤ ਕੀਤੀ ਗਈ ਹੈ। ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਦੇ ਭਾਜਪਾ ਆਗੂਆਂ ਦੀ ਡਿਊਟੀ ਵੀ ਪੰਜਾਬ ਵਿਚ ਲਗਾਈ ਜਾ ਰਹੀ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੈਗਾਸਸ ਜਾਸੂਸੀ: ਸੁਪਰੀਮ ਕੋਰਟ ਦੀ ਕਮੇਟੀ ਨੇ ਲੋਕਾਂ ਤੋਂ ਮੰਗੇ ਵੇਰਵੇ
Next articleਮਜੀਠੀਆ ਨੂੰ ਗ੍ਰਿਫ਼ਤਾਰੀ ਤੋਂ ਬਚਾਅ ਰਹੇ ਹਨ ਚੰਨੀ: ਰਾਘਵ ਚੱਢਾ