ਜੀਓ ਜੀਅ ਭਰ ਕੇ

ਹਰਪ੍ਰੀਤ ਕੌਰ ਸੰਧੂ

(ਸਮਾਜ ਵੀਕਲੀ)

ਜ਼ਿੰਦਗੀ ਨੂੰ ਸੌਖੇ ਤਰੀਕੇ ਨਾਲ ਜੀਣ ਦੇ ਕਈ ਰਾਹ ਹਨ।ਜੇ ਖ਼ੁਸ਼ ਹੋ ਕੇ ਜਿਊਣਾ ਚਾਹੁੰਦੇ ਹੋ ਸੌਖੇ ਰਾਹ ਚੁਣੋ।

ਇਸ ਵਿੱਚ ਕੁਝ ਜ਼ਿਆਦਾ ਨਹੀਂ ਕਰਨਾ ਪੈਂਦਾ।ਬਸ ਜਿਹੋ ਜਿਹੇ ਹੋ ਉਹੋ ਜਿਹੇ ਹੀ ਰਹੋ।ਕਿਸੇ ਦਾ ਬੁਰਾ ਨਾ ਤੱਕੋ।ਜਿੱਥੋਂ ਤਕ ਹੋ ਸਕੇ ਦੂਜਿਆਂ ਦੀ ਭਲਾਈ ਕਰੋ ਪਰ ਉਮੀਦ ਕਿਸੇ ਤੋਂ ਨਾ ਰੱਖੋ।ਨੇਕੀ ਕਰੋ ਤੇ ਭੁੱਲ ਜਾਓ।ਜਿੰਨਾ ਹੋ ਸਕਦਾ ਹੈ ਦੂਜੇ ਦੇ ਕੰਮ ਆਓ।ਇਸ ਨਾਲ ਤੁਸੀਂ ਛੋਟੇ ਨਹੀਂ ਹੋ ਜਾਵੋਗੇ।ਤੁਹਾਡਾ ਮਨ ਜ਼ਰੂਰ ਸ਼ਾਂਤ ਰਹੇਗਾ।

ਖ਼ੁਸ਼ ਰਹਿਣ ਦੀ ਆਦਤ ਪਾਓ।ਦਿਨ ਚੰਗਾ ਹੋਵੇ ਜਾਂ ਮਾੜਾ ਜੋ ਚੜ੍ਹਿਆ ਹੈ ਬੀਤ ਹੀ ਜਾਣਾ ਹੈ।ਇਹ ਤੁਹਾਡੇ ਤੇ ਹੈ ਕਿ ਇਸ ਨੂੰ ਹੱਸ ਕੇ ਕੱਢਣਾ ਹੈ ਜਾਂ ਰੋ ਕੇ।ਜੇ ਹੱਸ ਕੇ ਦਿਨ ਬਿਤਾਓਗੇ ਤਾਂ ਕਈ ਸਾਥੀ ਨਾਲ ਜੁੜਨਗੇ।ਰੋਂਦਿਆਂ ਦਾ ਸਾਥ ਕੋਈ ਨਹੀਂ ਦਿੰਦਾ।ਹਰ ਕੋਈ ਦੂਰ ਭੱਜਦਾ ਹੈ।

ਜਿੱਥੋਂ ਤਕ ਹੋ ਸਕੇ ਸਾਮਾਨ ਥੋੜ੍ਹਾ ਨਾਲ ਰੱਖੋ।ਜੇ ਦੁਨੀਆਂ ਵਿਚ ਸਾਮਾਨ ਇਕੱਠਾ ਕਰਨ ਵਿੱਚ ਰੁੱਝ ਗਏ ਫਿਰ ਜ਼ਿੰਦਗੀ ਦਾ ਮਜ਼ਾ ਨਹੀਂ ਲੈ ਸਕੋਗੇ।ਅਸੀਂ ਜ਼ਿੰਦਗੀ ਜੀਣੀ ਹੈ ਆਪਣੇ ਲਈ ਸਾਮਾਨ ਲਈ ਨਹੀਂ।

ਮਨੁੱਖ ਆਪਣੀ ਜ਼ਿੰਦਗੀ ਦਾ ਬਿਹਤਰੀਨ ਸਮਾਂ ਪੈਸੇ ਜੋੜਨ ਵਿੱਚ ਲਗਾ ਦਿੰਦਾ ਹੈ। ਪੈਸੇ ਬਹੁਤ ਕੁਝ ਦੇ ਸਕਦੇ ਹਨ ਪਰ ਸਮਾਂ ਨਹੀਂ।ਜ਼ਰੂਰਤ ਜੋਗਾ ਧਨ ਕਮਾਉਣਾ ਸਹੀ ਹੈ।ਪਰ ਆਪਣੇ ਆਪ ਨੂੰ ਸਮਾਂ ਨਾ ਦੇ ਕੇ,ਆਪਣਿਆਂ ਨੂੰ ਸਮਾਂ ਨਾ ਦੇ ਕੇ ਜੇਕਰ ਤੁਸੀਂ ਧਨ ਕਮਾਉਣ ਦੀ ਦੌੜ ਵਿੱਚ ਲੱਗੇ ਰਹਿੰਦੇ ਹੋ ਤਾਂ ਅੰਤ ਵਿੱਚ ਪਛਤਾਵਾ ਹੀ ਹੱਥ ਲੱਗੇਗਾ।

ਅੱਜ ਤੁਹਾਡੇ ਕੋਲ ਆਪਣਿਆਂ ਲਈ ਸਮਾਂ ਨਹੀਂ ਕੱਲ੍ਹ ਉਨ੍ਹਾਂ ਕੋਲ ਤੁਹਾਡੇ ਲਈ ਸਮਾਂ ਨਹੀਂ ਹੋਵੇਗਾ।ਜ਼ਿੰਦਗੀ ਵਿੱਚ ਇੱਕ ਗੱਲ ਜ਼ਰੂਰ ਯਾਦ ਰੱਖੋ ਜ਼ਿੰਦਗੀ ਦਾ ਮਕਸਦ ਜ਼ਿੰਦਗੀ ਜਿਊਣਾ ਹੈ ਸਾਮਾਨ ਇਕੱਠਾ ਕਰਨਾ ਨਹੀਂ।ਦੁਨੀਆਂ ਵਿੱਚ ਅਸੀਂ ਮੁਸਾਫ਼ਿਰ ਹਾਂ ਤੇ ਮੁਸਾਫ਼ਿਰ ਕੋਲ ਜਿੰਨਾ ਸਾਮਾਨ ਘੱਟ ਹੋਵੇ ਉਨ੍ਹਾਂ ਹੀ ਸਫ਼ਰ ਸੁਖਾਲਾ ਹੁੰਦਾ ਹੈ।

ਬੱਚਿਆਂ ਦੀ ਬਿਹਤਰੀ ਲਈ ਹੀ ਅਸੀਂ ਕੰਮ ਵਿੱਚ ਜੁਟੇ ਰਹਿੰਦੇ ਹਾਂ ਅਤੇ ਬੱਚਿਆਂ ਨੂੰ ਹੀ ਸਮਾਂ ਨਹੀਂ ਦੇ ਪਾਉਂਦੇ।ਬੱਚਿਆਂ ਨੂੰ ਸਾਡੀ ਜ਼ਰੂਰਤ ਹੁੰਦੀ ਹੈ।ਆਪਣੇ ਪਰਿਵਾਰ ਨਾਲ ਸਮਾਂ ਜ਼ਰੂਰ ਬਿਤਾਓ।

ਆਪਣਾ ਤੇ ਆਪਣੀ ਸਿਹਤ ਦਾ ਖਿਆਲ ਰੱਖੋ।ਤੁਹਾਡਾ ਸਰੀਰ ਹੀ ਤੁਹਾਡੀ ਅਸਲੀ ਦੌਲਤ ਹੈ।ਜਦ ਤਕ ਤੁਸੀਂ ਜਿਊਣਾ ਹੈ ਇਸਨੇ ਹੀ ਤੁਹਾਡਾ ਸਾਥ ਦੇਣਾ ਹੈ ਜਾਂ ਇੰਜ ਕਹਿ ਲਓ ਜਦ ਤਕ ਇਹ ਤੁਹਾਡਾ ਸਾਥ ਦੇਵੇਗਾ ਤਦ ਤੱਕ ਹੀ ਤੁਸੀਂ ਜੀਅ ਸਕਦੇ ਹੋ।

ਦਿਨ ਵਿੱਚ ਕੁਝ ਸਮਾਂ ਆਪਣੇ ਆਪ ਲਈ ਜ਼ਰੂਰ ਕੱਢੋ।ਸੈਰ ਜ਼ਰੂਰ ਕਰੋ।ਇਕੱਲਿਆਂ ਕੀਤੀ ਲੰਬੀ ਸੈਰ ਤੁਹਾਡੀ ਸਿਰਜਣਾਤਮਿਕਤਾ ਨੂੰ ਵਧਾਉਂਦੀ ਹੈ।ਇਹ ਤੁਹਾਨੂੰ ਤਰੋਤਾਜ਼ਾ ਵੀ ਕਰਦੀ ਹੈ।

ਜੋ ਤੁਹਾਨੂੰ ਪਸੰਦ ਹੈ ਜਿਵੇਂ ਕਿ ਸੰਗੀਤ, ਲਈ ਸਮਾਂ ਕੱਢੋ।ਸੰਗੀਤ ਤੁਹਾਡਾ ਸਾਰਾ ਤਣਾਅ ਦੂਰ ਕਰ ਦਿੰਦਾ ਹੈ।ਜਿੱਥੋਂ ਤਕ ਹੋ ਸਕਦਾ ਹੈ ਤਣਾਅ ਤੋਂ ਬਚੋ।ਇੱਛਾਵਾਂ ਤੇ ਕਾਬੂ ਕਰ ਲੈਣ ਨਾਲ ਤਣਾਅ ਆਪਣੇ ਆਪ ਘਟ ਜਾਂਦਾ ਹੈ।

ਮਨ ਵਿੱਚ ਗੁੱਸਾ ਨਾ ਰੱਖੋ।ਗੁੱਸਾ ਤੁਹਾਡੇ ਲਈ ਘਾਤਕ ਹੈ।ਜੇਕਰ ਕਿਸੇ ਤੇ ਗੁੱਸਾ ਹੈ ਤਾਂ ਉਸ ਨੂੰ ਮੁਆਫ਼ ਕਰ ਦਿਓ।ਮਾਫ਼ ਕਰਨ ਵਾਲਾ ਆਪ ਸਕੂਨ ਨਾਲ ਰਹਿੰਦਾ ਹੈ।

ਸਭ ਤੋਂ ਅਹਿਮ ਗੱਲ ਇਹ ਹੈ ਕਿ ਬੀਤੇ ਨੂੰ ਭੁੱਲ ਜਾਓ।ਰੋਜ਼ ਸਵੇਰ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੈ।ਕਦ ਤੱਕ ਤੁਸੀਂ ਜੋ ਹੋ ਚੁੱਕਾ ਹੈ ਉਸ ਨੂੰ ਫੜ ਕੇ ਬੈਠੇ ਰਹੋਗੇ।ਨਵੇਂ ਸਿਰੇ ਤੋਂ ਜ਼ਿੰਦਗੀ ਦੀ ਸ਼ੁਰੂਆਤ ਕਰੋ।

ਇਹ ਗੱਲ ਹਮੇਸ਼ਾਂ ਯਾਦ ਰੱਖੋ ਇਹੀ ਪਲ ਜ਼ਿੰਦਗੀ ਹੈ ਜਿਸ ਵਿੱਚ ਤੁਸੀਂ ਜੀਅ ਰਹੇ ਹੋ।ਆਉਣ ਵਾਲੇ ਪਲ ਦਾ ਕੋਈ ਭਰੋਸਾ ਨਹੀਂ।ਜੋ ਹੈ ਇਹੀ ਹੈ।ਜ਼ਿੰਦਗੀ ਦਾ ਆਨੰਦ ਲਓ।

ਹਰਪ੍ਰੀਤ ਕੌਰ ਸੰਧੂ

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੱਚੀਆਂ
Next articleਰਿਸ਼ਤੇ