ਅੱਜ ਮੈਂ ਅਪਣੀ ਨਿੱਜੀ ਲਾਇਬ੍ਰੇਰੀ ਵਿੱਚੋਂ 10-11 ਕਿਤਾਬਾਂ ਸਹੀ ਗਿਣਤੀ 14 ਬਹੁਤ ਹੀ ਅੰਟੀਕ ਕਿਤਾਬਾਂ ,ਪੰਜਾਬੀ ਸਾਹਿਤ ਦੀ ਧਰੋਹਰ ,ਚੁੱਕ ਕੇ ਇੱਕ ਟਰੰਕ ਵਿੱਚ ਰੱਖ ਦਿੱਤੀਆਂ ਹਨ।ਡਰ ਹੈ ਜੇ ਕਿਸੇ ਸੁਹਿਰਦ ਪਾਠਕ ਜਾਂ ਲੇਖਕ ਦੀ ਨਿਗਾਹ ਪੈ ਗਈ ਤਾਂ ਬਹੁਤ ਸਾਰੇ ਲੇਖਕਾਂ ਨੂੰ ਤਾਂ ਦੁੱਖ ਹੋਵੇਗਾ ਹੀ,ਨਾਲ ਹੀ ਪੰਜਾਬੀ ਸਾਹਿਤ ਦੇ ਅਦੀਬਾਂ ਦੀ ਜਹਿ ਜਾਂਦੀ ਹੋ ਜਾਵੇਗੀ।
ਤੁਸੀਂ ਸੋਚੋਗੇ ਅਜਿਹੀਆਂ ਕਿਹੜੀਆਂ ਕਿਤਾਬਾਂ ਹਨ?
ਭਾਈ ਮੈਂ ਨਾਂ ਤਾਂ ਕਿਸੇ ਕਿਤਾਬ ਦਾ ਨਾ ਦੱਸਣਾ ,ਨਾ ਲੇਖਕ ਦਾ ਨਾਂ ਹੀ ਕਿਸੇ ਅਦੀਬ ਦਾ।ਬੱਸ ਤੁਹਾਡੇ ਨਾਲ ਦੋ ਤਿੰਨ ਕਿਤਾਬਾਂ ਦੀ ਜਾਣ ਪਹਿਚਾਣ ਕਰਵਾ ਦੇਂਦਾ ਹਾਂ।ਬਾਕੀਆਂ ਵਾਰੇ ਤੁਸੀਂ ਆਪ ਹੀ ਸਮਝ ਜਾਵੋਗੇ।
ਪਹਿਲੀ ਕਿਤਾਬ ਇੱਕ ਨਾਵਲ ਹੈ,ਬਹੁਤ ਵੱਡੇ ਲੇਖਕ ਦਾ ,ਇਹ ਨਾਵਲ ਪੰਜਾਬ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਨੂੰ ਸਤਿਕਾਰ ਸਾਹਿਤ ਭੇਂਟ ਕੀਤਾ ਗਿਆ ਸੀ। ਇਹ ਨਾਵਲ ਮੈਂ ਮੁਹਾਲੀ ਤੋਂ ਇੱਕ ਕਬਾੜੀਏ ਦੀ ਦੂਕਾਨ ਤੋਂ ਪੰਜ ਰੁਪਏ ਵਿੱਚ ਖਰੀਦਿਆ ਸੀ।
ਦੂਜੀ ਕਿਤਾਬ ਬਹੁਤ ਮਸ਼ਹੂਰ ਕਿਤਾਬ ਹੈ,ਜੋ ਪੰਜਾਬ ਦੇ ਇੱਕ ਪਿੰਡ ਦਾ ਦਰਪਣ ਹੈ।ਇਹ ਕਿਤਾਬ ਚੰਡੀਗੜ੍ਹ 15 ਸੈਕਟਰ ਇੱਕ ਪੁਰਾਣੀਆਂ ਕਿਤਾਬਾਂ ਵੇਚਣ ਵਾਲੇ(ਇੱਕ ਕਿਸਮ ਦਾ ਕਬਾੜਖਾਨਾ) ਤੋਂ ਦਸ ਸਾਲ ਪਹਿਲਾਂ 10 ਰੁਪਏ ਵਿੱਚ ਖਰੀਦੀ ਸੀ।ਇਹ ਇਸ ਲਈ ਐਂਟੀਕ ਹੈ ਕਿਉਂਕਿ ਇਹ ਕਿਤਾਬ ਉਸ ਮਹਾਨ ਲੇਖਕ ਨੇ ,ਯੂਨੀਵਰਸਿਟੀ ਦੇ ਵਾਇਸ ਚਾਂਸਲਰ ਨੂੰ ਸਤਿਕਾਰ ਸਾਹਿਤ ਭੇਂਟ ਕੀਤੀ ਸੀ।
ਆਹ ਸਾਹਮਣੇ ਪਈ ਕਿਤਾਬ ਨੂੰ ਸਾਹਿਤ ਅਕੈਡਮੀਂ ਦਾ ਇਨਾਮ ਮਿਲਿਆ ਹੋਇਆ।ਇਹ ਕਿਤਾਬ ਲੇਖਕ ਨੇ ਇੱਕ ਮਰਹੂਮ ਨਾਮੀ ਨਾਟਕਕਾਰ ਨੂੰ ਸਤਿਕਾਰ ਸਾਹਿਤ ਹੀ ਭੇਂਟ ਕੀਤੀ ਸੀ।ਇਹ ਵੀ ਕਬਾੜੀਏ ਤੋਂ ਖਰੀਦੀ ਸੀ।
ਆਹ ਇੱਕ ਹੋਰ ਕਹਾਣੀਆਂ ਦੀ ਕਿਤਾਬ ਪਈ ਹੈ ਜੋ ਇੱਕ ਬਹੁਤ ਵੱਡੇ ਕਹਾਣੀਕਾਰ ਨੇ ਇੱਕ ਹੋਰ ਵੱਡੇ ਲੇਖਕ ਨੂੰ ਸਤਿਕਾਰ ਸਾਹਿਤ ਭੇਟਾ ਕੀਤੀ ਸੀ।ਮਿਲਣ ਦਾ ਜ਼ਰੀਆ ਉਹ ਹੀ ਕਬਾੜੀਆ।
ਬਾਕੀ ਐਂਟੀਕ ਕਿਤਾਬਾਂ ਵੀ ਇਹੋ ਜਿਹੀ ਹਨ,ਜੋ ਸਤਿਕਾਰ ਸਾਹਿਤ ਭੇਂਟ ਤਾਂ ਜਰੂਰ ਕੀਤੀਆਂ ਗਈਆਂ,ਪਰ ਪੜ੍ਹੀਆਂ ਜਾਣ ਤੋਂ ਬਾਦ ਜੇ ਮੈਂ ਖੁਸ਼ਫਹਿਮ ਹੋਵਾਂ ਜਾਂ ਪੜ੍ਹਨ ਤੋਂ ਪਹਿਲਾਂ ਹੀ ਕਬਾੜੀਏ ਕੋਲ ਪਹੁੰਚ ਗਈਆਂ।ਹੁਣ ਤਾਂ ਅਜਿਹੀਆਂ ਕਿਤਾਬਾਂ ਖਰੀਦ ਖਰੀਦ ਕੇ ਮੈਂਨੂੰ ਅਪਣੇ ਆਪ ਨੂੰ ਵੀ ਕਬਾੜੀਆ ਹੋਣ ਦੀ ਫੀਲਿੰਗ ਆਉਣ ਲੱਗੀ ਹੈ।
ਸਤਨਾਮ ਸਿੰਘ ਸ਼ੋਕਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly