ਅਖਿਲੇਸ਼ ਨੇ ਹਾਰ ਦੇ ਖੌਫ਼ ਕਰਕੇ ਮੁਲਾਇਮ ਨੂੰ ਸੱਦਿਆ: ਸ਼ਾਹ

ਮੈਨਪੁਰੀ (ਸਮਾਜ ਵੀਕਲੀ):  ਸਮਾਜਵਾਦੀ ਪਾਰਟੀ ਦੇ ਮਜ਼ਬੂਤ ਗੜ੍ਹ ਕਰਹਲ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁਲਾਇਮ ਸਿੰਘ ਯਾਦਵ ਨੂੰ ਪ੍ਰਚਾਰ ਲਈ ਸੱਦਣ ’ਤੇ ਅਖਿਲੇਸ਼ ਯਾਦਵ ’ਤੇ ਤਿੱਖੇ ਹਮਲੇ ਕੀਤ। ਅਖਿਲੇਸ਼ ’ਤੇ ਪਰਿਵਾਰਵਾਦ ਦੀ ਸਿਆਸਤ ’ਚ ਸ਼ਾਮਲ ਹੋਣ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਸਮਾਜਵਾਦੀ ਪਾਰਟੀ ਦੀ ਯੂਪੀ ’ਚ ਪਿਛਲੀ ਸਰਕਾਰ ਸਮੇਂ ਉਸ ਦੇ ਪਰਿਵਾਰ ਦੇ 45 ਮੈਂਬਰ ਸਨ। ਸ਼ਾਹ ਨੇ ਕਿਹਾ,‘‘ਮੈਂ ਟੀਵੀ ’ਤੇ ਸੁਣਿਆ ਕਿ ਅਖਿਲੇਸ਼ ਆਖ ਰਿਹਾ ਸੀ ਕਿ ਉਹ ਕਰਹਲ ਹੁਣ 10 ਮਾਰਚ (ਚੋਣ ਨਤੀਜਿਆਂ ਵਾਲਾ ਦਿਨ) ਨੂੰ ਆਵੇਗਾ। ਪਰ ਉਹ ਛੇ ਦਿਨ ਬਾਅਦ ਹੀ ਇਥੇ ਆ ਗਿਆ ਅਤੇ ਤਿੱਖੀ ਧੁੱਪ ’ਚ ਨੇਤਾਜੀ (ਮੁਲਾਇਮ ਸਿੰਘ ਯਾਦਵ) ਨੂੰ ਵੀ ਨਾਲ ਲਿਆਉਣਾ ਪੈ ਗਿਆ ਹੈ। ਜਦੋਂ ਆਗਾਜ਼ ਇਹੋ ਜਿਹਾ ਹੈ ਤਾਂ ਅੰਜਾਮ ਕੀ ਹੋਵੇਗਾ?’’

ਜ਼ਿਕਰਯੋਗ ਹੈ ਕਿ ਸ਼ਾਹ ਦੀ ਰੈਲੀ ਵਾਲੇ ਸਥਾਨ ਤੋਂ ਕਰੀਬ ਤਿੰਨ ਕਿਲੋਮੀਟਰ ਦੀ ਦੂਰੀ ’ਤੇ ਮੁਲਾਇਮ ਨੇ ਆਪਣੇ ਪੁੱਤਰ ਅਖਿਲੇਸ਼ ਯਾਦਵ ਲਈ ਵੋਟਾਂ ਮੰਗੀਆਂ। ਕੇਂਦਰੀ ਗ੍ਰਹਿ ਮੰਤਰੀ ਨੇ ਵੋਟਰਾਂ ਨੂੰ ਕਿਹਾ ਕਿ ਜੇਕਰ ਉਹ ਯੂਪੀ ’ਚ ਭਾਜਪਾ ਨੂੰ 300 ਸੀਟਾਂ ’ਤੇ ਜਿਤਾਉਣਾ ਚਾਹੁੰਦੇ ਹਨ ਤਾਂ ਇਹ ਟੀਚਾ ਕਰਹਲ ’ਚ ਜਿੱਤ ਨਾਲ ਹਾਸਲ ਕੀਤਾ ਜਾ ਸਕਦਾ ਹੈ ਜਿਥੇ ਭਾਜਪਾ ਨੇ ਕੇਂਦਰੀ ਮੰਤਰੀ ਐੱਸ ਪੀ ਸਿੰਘ ਬਘੇਲ ਨੂੰ ਮੈਦਾਨ ’ਚ ਉਤਾਰਿਆ ਹੈ। ‘ਸਿਰਫ਼ ਇਕ ਸੀਟ ਹੀ 300 ਸੀਟਾਂ ’ਤੇ ਜਿੱਤ ਦਾ ਕੰਮ ਕਰ ਸਕਦੀ ਹੈ। ਕਰਹਲ ’ਚ ਕਮਲ (ਭਾਜਪਾ ਦਾ ਚੋਣ ਨਿਸ਼ਾਨ) ਨੂੰ ਵੋਟਾਂ ਪਾਉ, ਸਮਾਜਵਾਦੀ ਪਾਰਟੀ ਆਪਣੇ ਆਪ ਹੀ ਸੂਬੇ ’ਚ ਲਾਂਭੇ ਹੋ ਜਾਵੇਗੀ।’ ਅਖਿਲੇਸ਼ ਯਾਦਵ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਉਸ ਨੇ ਪਹਿਲਾਂ ਕੋਵਿਡ-19 ਵੈਕਸੀਨ ਨੂੰ ‘ਭਾਜਪਾ ਦੀ ਵੈਕਸੀਨ’ ਦੱਸ ਕੇ ਲਗਵਾਉਣ ਤੋਂ ਇਨਕਾਰ ਕਰ ਦਿੱਤਾ ਸੀ ਪਰ 10 ਦਿਨਾਂ ਮਗਰੋਂ ਡਰ ਦੇ ਮਾਰੇ ਉਸ ਨੇ ਇਹ ਵੈਕਸੀਨ ਲਗਵਾ ਲਈ ਸੀ। ਉਨ੍ਹਾਂ ਐੱਸਪੀ ਦੇ ਐੱਸ ਦਾ ਭਾਵ ‘ਸੰਪਤੀ ਇਕੱਠੀ ਕਰਨਾ’ ਅਤੇ ਪੀ ਨੂੰ ‘ਪਰਿਵਾਰਵਾਦ’ ਦੱਸਿਆ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਹੇਠ ਯੂਪੀ ’ਚ ਕੋਈ ਬਾਹੂਬਲੀ ਨਹੀਂ ਹੈ ਅਤੇ ਸਿਰਫ਼ ਬਜਰੰਗਬਲੀ ਹੈ। ਸ਼ਾਹ ਨੇ ਦਾਅਵਾ ਕੀਤਾ ਕਿ ਯੂਪੀ ’ਚ ਚੋਣਾਂ ਦੇ ਪਹਿਲੇ ਦੋ ਗੇੜਾਂ ’ਚ ਸਮਾਜਵਾਦੀ ਪਾਰਟੀ ਹਾਰ ਚੁੱਕੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleDhankhar invites Mamata for talks at Raj Bhavan
Next articleਸੁਪਰੀਮ ਕੋਰਟ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮ ਰੱਦ