ਗਰੀਬ ਆਦਮੀ ਦਾ ਫ਼ਤਵਾ

– ਕੇਵਲ ਸਿੰਘ ਰੱਤੜਾ

(ਸਮਾਜ ਵੀਕਲੀ)- ਇਸ ਵਾਰ ਪੰਜਾਬ ਦੇ ਵੋਟਰਾਂ ਨੇ ਰਾਜਸੀ ਅਤੇ ਸਮਾਜਿਕ ਇਨਕਲਾਬ ਦਾ ਮੁੱਢ ਬੰਨ੍ਹ ਦਿੱਤਾ ਹੈ। ਦੋਨੋਂ ਹੀ ਰਵਾਇਤੀ ਪਾਰਟੀਆਂ ਵਲੋਂ ਲੋਕ ਮੁੱਦਿਆਂ ਪ੍ਰਤੀ ਸੰਵੇਦਨਹੀਣਤਾ, ਜੁਮਲਿਆਂ ਤੋਂ ਅਕੇਵੇਂਪਨ ਅਤੇ ਸੂਬੇ ਦੇ ਕੁਦਰਤੀ ਸਾਧਨਾਂ ਨੂੰ ਮਾਫ਼ੀਆ ਰਾਜ ਰਾਹੀਂ ਹੜੱਪਣ ਦੇ ਲਾਲਚ ਦਾ ਲੋਕਾਂ ਨੇ ਗੰਭੀਰ ਨੋਟਿਸ ਲਿਆl ਫ਼ਰਵਰੀ 2017 ਤੱਕ ਦਸ ਸਾਲ ਦੀ ਅਕਾਲੀ ਬੀਜੇਪੀ ਗਠਜੋੜ ਸਰਕਾਰ ਅਤੇ ਫੇਰ 2022 ਤੱਕ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਮਿਲਕੇ ਸੂਬੇ ਨੂੰ ਤਿੰਨ ਲੱਖ ਕਰੋੜ ਦਾ ਕਰਜ਼ਾਈ ਬਣਾਇਆ। ਜਿਸਦਾ ਵਿਆਜ ਭਰਨਾ ਹੀ ਚੁਣੌਤੀ ਬਣ ਗਿਆ ਹੈ। ਪਰ ਵਿਕਾਸ ਦੇ ਨਾਂ ਤੇ ਪੈਸਾ ਸਿਰਫ ਰਾਜਸੀ ਨੇਤਾਵਾਂ ਅਤੇ ਉੁਹਨਾਂ ਦੁਆਰਾ ਫੈਲਾਏ ਮਾਫੀਆ ਦੁਆਰਾ ਹੀ ਦਲਾਲਬਾਜੀ ਰਾਹੀਂ ਲੁੱਟ ਲਿਆ ਗਿਆ। ਜਬਰੀ ਹਿੱਸੇਦਾਰੀ ਤੋਂ ਤੰਗ ਆਈ ਸੂਬੇ ਦੀ ਸਨਅਤ ਹੌਲੀ ਹੌਲੀ ਕਰਕੇ ਗੁਆਂਢੀ ਰਾਜਾਂ ਵਿੱਚ ਖਿਸਕ ਗਈ। ਆਪਣੇ ਕਮਿਸ਼ਨ ਦੇ ਅਨੈਤਿਕ ਲਾਲਚ ਵਿੱਚ ਸੋਲਰ ਬਿਜਲੀ ਨੂੰ ਪ੍ਰਫੁੱਲਿਤ ਨਾ ਕਰਕੇ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਸੂਬੇ ਦੇ ਖ਼ਜ਼ਾਨੇ ਨੂੰ ਚੂਸਣ ਵਾਲੇ ਸਮਝੌਤੇ ਕੀਤੇ ਗਏ। ਪੰਜਾਬ ਵਿੱਚ ਫ਼ਰਵਰੀ ਮਹੀਨੇ ਤੋਂ ਲੈਕੇ ਨਵੰਬਰ ਤੱਕ ਚੋਖੀ ਧੁੱਪ ਵਰਗੇ ਮੁਫ਼ਤ ਕੁਦਰਤੀ ਬਿਜਲੀ ਸਰੋਤ ਨੂੰ ਵਰਤਣ ਵੱਲ ਸਾਜਿਸ਼ੀ ਪਿੱਠ ਕਰੀ ਰੱਖਣਾ ਆਰਥਿਕ ਅਨਾੜੀਪਣ ਦਾ ਵੱਡਾ ਸਬੂਤ ਹੈ।

ਕੈਪਟਨ ਅਤੇ ਬਾਦਲਾਂ ਦਾ 75-25 ਵਾਲਾ ਗੱਠਜੋੜ ਜਿਸਦਾ ਭਾਂਡਾ ਨਵਜੋਤ ਸਿੰਘ ਸਿੱਧੂ ਨੇ ਇੱਕ ਚੁਣਾਵੀ ਰੈਲੀ ਵਿੱਚ ਭੰਨਿਆ ਸੀ, ਕੈਪਟਨ ਅਮਰਿੰਦਰ ਸਿੰਘ ਵੱਲੋਂ ਦਬਾਕੇ ਸਿੱਧੂ ਨੂੰ ਖੂੰਜੇ ਲਾ ਦਿੱਤਾ ਗਿਆ। ਲੋਕਾਂ ਨੇ ਮੀਡੀਆ ਅਤੇ ਸ਼ੋਸ਼ਲ ਪਲੇਟਫ਼ਾਰਮਾਂ ਤੋਂ ਸਰਕਾਰ ਦੀਆਂ ਕਰਤੂਤਾਂ ਦੇਖੀਆਂ ਸੁਣੀਆਂ।ਕਰੋਨਾ ਦੌਰਾਨ ਲੋਕਾਂ ਦੇ ਕਾਰੋਬਾਰਾਂ ਦੀ ਪਰਵਾਹਕੀਤੇ ਬਗੈਰ ਠੇਕੇ ਦੇਰ ਰਾਤ ਤੱਕ ਖੋਲੇ ਗਏ।ਸਕੂਲ, ਕਾਲਜ,ਮਾਲ ਸਟੋਰ, ਟਰਾਂਸਪੋਰਟ, ਮੈਰਿਜ ਪੈਲਸ,ਟਰੇਨਿੰਗ ਅਕੈਡਮੀਆਂ ਸਭ ਕਾਰੋਬਾਰਾਂ ਨੂੰ,ਬਿਨਾ ਜਿ਼ਲਾਵਾਰ ਕਰੋਨਾ ਦੇ ਕੇਸਾਂ ਦੀ ਗਿਣਤੀ ਦੇ, ਲੋਕਾਂ ਨੂੰ ਦਹਿਸ਼ਤ ਵਿੱਚ ਪਾਈ ਰੱਖਿਆ। ਸਰਕਾਰੀ ਫੰਡਾਂ ਨੂੰ ਡਾਕਟਰੀ ਟੀਮ ਦੀ ਸਲਾਹ ਦੇ ਬਗੈਰ ਅਫਸਰ ਸ਼ਾਹੀ ਅਤੇ ਪ੍ਰਾਈਵੇਟ ਹਸਪਤਾਲਾਂ ਨਾਲ ਸਾਂਠਗਾਂਠ ਕਰਕੇ ਬਾਹਰੋਂ ਬਾਹਰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਚੋਣਾਂ ਕਰਾਉਣ ਲਈ ਸਕੂਲ ਖੋਲੇ ਪਰ ਜਨਵਰੀ ਪੂਰਾ ਮਹੀਨਾ ਬੰਦ ਰੱਖੇ ਅਤੇ ਫਿਰ 8 ਫ਼ਰਵਰੀ 2022 ਤੱਕ ਕਿਸਾਨ ਜਥੇਬੰਦੀ ਉਗਰਾਹਾਂ ਵੱਲੋਂ ਜੀ ਟੀ ਰੋਡ ਜਾਮ ਕਰਕੇ ਮਸਾਂ ਸਕੂਲ ਖੁਲਵਾਏ। ਕੈਪਟਨ ਨੂੰ ਲਾਹਕੇ ਕਾਂਗਰਸ ਨੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰਾਹੀਂ ਸਿੱਖ ਅਤੇ ਦਲਿਤ ਚਿਹਰੇ ਰਾਹੀੰ ਵੋਟਾਂ ਭੁਨਿਆਉਣ ਦਾ ਕੰਮ ਵੀ ਕੀਤਾ। ਸੰਤ ਰਵਿਦਾਸ ਜੀ ਦੇ ਜਨਮ ਦਿਵਸ ਨੂੰ ਮਨਾਉਣ ਦੇ ਬਹਾਨੇ 35% ਵੋਟਾਂ ਉੱਤੇ ਨਜ਼ਰ ਰੱਖਕੇ ਵੋਟਾਂ 14 ਫ਼ਰਵਰੀ ਦੀ ਬਜਾਏ 20 ਫ਼ਰਵਰੀ 2022 ਦੀ ਤਾਰੀਕ ਵੀ ਕਾਂਗਰਸ ਦੀ ਬੇੜੀ ਪਾਰ ਨਾ ਲਾ ਸਕੀ। ਕਾਂਗਰਸੀ ਨੇਤਾਵਾਂ ਦੀ ਆਪਸੀ ਕਾਟੋਕਲੇਸ਼ ਖ਼ਾਸ ਤੌਰ ਤੇ ਸਿੱਧੂ ਦੇ ਆਪਣੀ ਹੀ ਸਰਕਾਰ ਵੱਲ ਤੀਰ ਛੱਡਣੇ ਬਹੁਤ ਘਾਤਕ ਸਾਬਿਤ ਹੋਏ । ਮੁੱਖ ਮੰਤਰੀ ਨਾ ਬਣਨ ਦੇ ਮਲਾਲ ਨੂੰ ਨਵਜੋਤ ਸਿੱਧੂ ਦਿਲ ਵਿੱਚੋਂ ਕੱਢ ਨਾ ਸਕਿਆ। ਰਾਣਾ ਗੁਰਜੀਤ ਸਿੰਘ,ਤਿ੍ਰਪਤ ਰਜਿੰਦਰ ਬਾਜਵਾ, ਪ੍ਰਤਾਪ ਸਿੰਘ ਬਾਜਵਾ ਅਤੇ ਸੁਖਜਿੰਦਰ ਰੰਧਾਵਾ ਤਾਂ ਆਪਣੇ ਆਪਣੇ ਹਲਕੇ ਵਿੱਚ ਪੂਰੀ ਤਰਾਂ ਜੁੱਟ ਗਏ ਪਰ ਚੰਨੀ ਅਤੇ ਸਿੱਧੂ ਦੋਨੋਂ ਹੀ ਕਿਸੇ ਖਿਆਲੀ ਖ਼ੁਮਾਰੀ ਵਿੱਚ ਹੀ ਰਹੇ। ਜਦੋਂ ਨਵਜੋਤ ਸਿੱਧੂ ਆਪਣੇ ਹੀ ਹਲਕੇ ਵਿੱਚ ਚੁਫੇਰਿਉਂ ਘਿਰ ਗਿਆ ਤਾਂ ਵੀ ਵੋਟਰਾਂ ਕੋਲੋਂ ਦੂਰੀ ਬਣਾਉਣ ਲਈ ਸਮੇਂ ਸਿਰ ਮਾਫ਼ੀ ਮੰਗੀ ਹੁੰਦੀ ਤਾਂ ਸ਼ਾਇਦ ਟਾਈਟੈਨਿਕ ਜਹਾਜ਼ ਦਾ ਕੈਪਟਨ ਖੁੱਦ ਨਾ ਡੁੱਬਦਾ।

ਪਾਠਕ ਇਸ ਤੱਥ ਨੂੰ ਪੱਕਾ ਮੰਨ ਲੈਣ ਕਿ ਸੁਨਾਮੀ ਲੋਕਾਂ ਦੇ ਮਨ ਵਿੱਚ ਉਬਾਲੇ ਮਾਰ ਰਹੀ ਸੀ। ਝਾੜੂ ਮਾਰਕੇ ਪੁਰਾਣਿਆਂ ਦਾ ਸਫਾਇਆ ਕਰਨਾ ਉਹਨਾਂ ਨੇ ਪੱਕਾ ਧਾਰ ਲਿਆ ਸੀ। ਇਸ ਵਾਰੀ ‘ਆਪ’ ਨੂੰ ਤੀਜੇ ਬਦਲ ਵਜੋਂ ਪਰਖਣ ਲਈ ਬਹੁਗਿਣਤੀ ਗਰੀਬ ਜਨਤਾ ਨੇ ਸਭਤੋਂ ਵੱਡਾ ਯੋਗਦਾਨ ਪਾਇਆ। ਜਿਹਨਾਂ ਨੂੰ ਰਵਾਇਤੀ ਪਾਰਟੀਆਂ ਬੁੱਕਲ਼ ਦਾ ਗੁੜ ਸਮਝਦੀਆਂ ਸਨ, ਜਾਂ ਵਿਕਾਊ ਸਮਝਦੀਆਂ ਸਨ ਕਿ ਸਰਪੰਚਾਂ ਰਾਹੀਂ ਨਿੱਕੇ ਵੱਡੇ ਕੰਮਾਂ ਲਈ ਗਰੀਬ ਭਾਈਚਾਰਾ ਦਬਾਅ ਹੇਠ ਉਹਨਾਂ ਦੇ ਹੱਕ ਵਿੱਚ ਭੁਗਤ ਜਾਏਗਾ। ਪਰ ਇਸ ਵਾਰੀ ਉਹਨਾਂ ਨੇ ਵੀ ਕਾਂਗਰਸ ਅਤੇ ਬਾਦਲ ਅਕਾਲੀ ਦਲ ਦੀਆਂ ਲੋਟੂ ਨੀਤੀਆਂ ਦੇ ਖਿਲਾਫ ਮਨਾਂ ਵਿੱਚ ਹੀ ਮੋਰਚਾ ਖੋਲ ਰੱਖਿਆ ਸੀ। ਕ੍ਰਾਂਤੀ ਦੀ ਇਸ ਵਾਰੀ ਲੋਕ ਲਹਿਰ ਖੜੀ ਕਰਨ ਵਿੱਚ ਸ਼ੋਸ਼ਲ ਮੀਡੀਆ ਜਿਵੇਂ ਯੂ ਟਿਊਬ ਦੀਆਂ ਵਿਡੀਉ, ਫੇਸ ਬੁੱਕ, ਇੰਸਟਾਗਰਾਮ, ਵਟਸਐਪ ਆਦਿ ਦਾ ਬੜਾ ਵੱਡਾ ਯੋਗਦਾਨ ਹੈ।ਹਰ ਘਰ ਵਿੱਚ ਐਂਡਰਾਇਡ ਫ਼ੋਨ ਤਾਂ ਸਿੱਖਿਆ ਵਿਭਾਗ ਨੇ ਹੀ ਕਰੋਨਾ ਦੌਰਾਨ ਪਹੁੰਚਾ ਦਿੱਤੇ ਸਨ। ਨੇਤਾਵਾਂ ਦੇ ਪੁਰਾਣੇ ਬਿਆਨਾਂ ਦੀਆਂ ਕਰਤੂਤਾਂ ਸ਼ੋਸ਼ਲ ਮੀਡੀਆ ਝੱਟ ਲੋਕਾਂ ਤੱਕ ਪਹੁੰਚਾ ਦਿੰਦਾ ਹੈ। ਸੁਖਬੀਰ ਬਾਦਲ , ਨਵਜੋਤ ਸਿੱਧੂ, ਹਰਸਿਮਰਤ ਬਾਦਲ, ਚਰਨਜੀਤ ਚੰਨੀ, ਆਦਿ ਫ਼ੋਨਾਂ ਉੱਤੇ ਬਦਨਾਮੀ ਲਈ ਹੀ ਬਹੁਤ ਮਸ਼ਹੂਰ ਰਹੇ।  ਇਹਨਾਂ ਨੇਤਾਵਾਂ ਦੇ ਕਈ ਬਿਆਨ ਤਾਂ ਮਜ਼ਾਕ ਦਾ ਸਬੱਬ ਵੀ ਰਹੇ। “ਵੋਟਾਂ ਲਈ ਨੋਟ” ਵਾਲੀ ਪੁਰਾਣੀ ਚੁਣਾਵੀ ਚਾਲ ਵੀ ਇਸ ਵਾਰੀ ਪੁੱਠੀ ਪੈ ਗਈ। ਸੁਣਨ ਵਿੱਚ ਆਇਆ ਕਿ ਨੇਤਾਵਾਂ ਨੇ ਜਿੱਥੇ ਵੀ ਜਿੱਤ ਲਈ ਮੁੱਛ ਦਾ ਸਵਾਲ ਬਣਾਕੇ ਪੈਸਾ ਵੰਡਿਆ, ਲੋਕਾਂ ਨੇ ਪੈਸਾ ਅਤੇ ਸ਼ਰਾਬ ਲੈਕੇ ਵੀ ਵੋਟ ਸਿਰਫ ਝਾੜੂ ਨੂੰ ਪਾਈ। ਕੇਜਰੀਵਾਲ ਦਾ ਇਹ ਕਹਿਣਾ ਕਿ “ਜੇਕਰ ਕੋਈ ਨੇਤਾ ਪੈਸਾ ਦੇਣ ਆਉੰਦਾ ਹੈ ਤਾਂ ਜ਼ਰੂਰ ਲਉ, ਇਹ ਪੈਸਾ ਤੁਹਾਡਾ ਹੀ ਲੁਟਕੇ ਇਹਨਾਂ ਕੋਲ ਗਿਆ ਹੈ”ਪਰ ਵੋਟ ਝਾੜੂ ਨੂੰ ਪਾਉਣੀ। ਇਸ ਸਕੀਮ ਤਹਿਤ ਲੋਕਾਂ ਨੇ ਹਾਂ ਸਭ ਨੂੰ ਕਿਹਾ ਪਰ ਮਰਜ਼ੀ ਆਪਣੀ ਕੀਤੀ। ਪਰ ਕੁੱਝ ਕੁ ਅਪਵਾਦ ਵੀ ਰਹੇ ਜਿਵੇਂ ਕਪੂਰਥਲੇ ਜ਼ਿਲ੍ਹੇ ਦੀਆੰ ਚਾਰੇ ਹੀ ਸੀਟਾਂ ਕਾਂਗਰਸ ਦੀ ਝੋਲੀ ਵਿੱਚ ਪਈਆਂ। ਰਾਣਾ ਗੁਰਜੀਤ ਸਿੰਘ, ਉਹਨਾਂ ਦਾ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ (ਅਜ਼ਾਦ), ਸੁੱਖਪਾਲ ਸਿੰਘ ਖਹਿਰਾ ਅਤੇ ਬਲਵਿੰਦਰ ਸਿੰਘ ਧਾਲੀਵਾਲ ਚਾਰੇ ਜਣਿਆਂ ਨੇ ‘ਆਪ’ ਦੇ ਉਮੀਦਵਾਰਾਂ ਨੂੰ ਫਸਵੇਂ ਮੁਕਾਬਲੇ ਵਿੱਚ ਹਰਾਇਆ। ਵੱਖਰੇ ਵਰਤਾਰੇ ਦੇ ਕਾਰਣਾਂ ਦੀ ਘੋਖ ਕਰਨੀ ਤਾਂ ਬਣਦੀ ਹੈ। ਪਰ ਇੱਕ ਗੱਲ ਪੱਕੀ ਹੈ ਕਿ ਇਹਨਾਂ ਉਮੀਦਵਾਰਾਂ ਨੇ ਪਬਲਿਕ ਦਾ ਸਾਥ ਅਤੇ ਵਿਸ਼ਵਾਸ ਨਿਭਾਇਆ ਸੀ।

ਪੰਜਾਬ ਦੀ ਕ੍ਰਿਸਾਨੀ , ਜਿੱਥੇ 85 ਪ੍ਰਤੀਸ਼ਤ ਕਿਸਾਨ ਸਿਰਫ ਚਾਰ ਏਕੜ ਤੋਂ ਵੀ ਘੱਟ ਜ਼ਮੀਨ ਦੇ ਮਾਲਕ ਹੋਣ, ਜ਼ਮੀਨ ਨੂੰ ਕਿਰਾਏ ਦੇ ਟਰੈਕਟਰਾਂ ਨਾਲ ਵਹਾਈ ਕਰਦੇ ਹੋਣ ਜਾਂ ਵੱਡੇ ਜਿੰਮੀਦਾਰਾਂ ਨੂੰ ਠੇਕੇ ਉੱਤੇ ਦੇਕੇ ਆਪ ਕੋਈ ਹੋਰ ਸਹਾਇਕ ਧੰਦਾ ਕਰਦੇ ਹੋਣ, ਜਾਂ ਵਿਦੇਸ਼ ਗਏ ਪੁੱਤ ਦੀ ਕਮਾਈ ਨਾਲ ਜ਼ਿੰਦਗੀ ਬਸ਼ਰ ਕਰਦੇ ਹੋਣ, ਉਹਨਾਂ ਨੇ ਵੀ ਰਾਜਨੀਤੀ ਵਿੱਚ ਜ਼ੋਰ ਅਜ਼ਮਾਈ ਕਰ ਰਹੇ ਕਿਸਾਨ ਨੇਤਾਵਾਂ ਨੂੰ ਪੂਰੀ ਤਰਾਂ ਨਕਾਰ ਦਿੱਤਾ। ਦੁਆਬੇ ਵਿੱਚੋਂ ਤਾਂ ਧਰਨਿਆਂ ਵਿੱਚ ਵੀ ਜ਼ਿਆਦਾ ਲੋਕ ਨਹੀਂ ਗਏ ਸਨ। ਕਿਸਾਨ ਜਥੇਬੰਦੀਆਂ ਨੇ ਜਿਸ ਸਿਆਣਪ ਨਾਲ ਮੋਦੀ ਸਰਕਾਰ ਵਿਰੁੱਧ ਮੋਰਚਾ ਜਿੱਤਿਆ ਸੀ, ਉਂਨੀ ਹੀ ਰਾਜਨੀਤਕ ਅਨਜਾਣਤਾ ਨਾਲ ਆਪਣਾ ਅਕਸ ਖ਼ਰਾਬ ਕਰ ਬੈਠੇ। ਆਪ ਪਾਰਟੀ ਨਾਲ ਸੀਟਾਂ ਦੀ ਵੰਡ ਦਾ ਬਖੇੜਾ ਇੰਨਾ ਲੰਮਾ ਖਿੱਚ ਗਏ ਅਤੇ ਲੋਕ ਲਹਿਰ ਨੂੰ ਗਹਿਰਾਈ ਨਾਲ ਸਮਝਣ ਤੋਂ ਮਾਰ ਖਾ ਗਏ। ਬੀਜੇਪੀ ਦੇ ਕਈ ਇਲਜ਼ਾਮਾਂ ਨੂੰ ਸਹੀ ਸਾਬਤ ਕਰ ਗਏ ਕਿ ਮੋਰਚੇ ਦੇ ਜਰਨੈਲ ਖੁੱਦ ਆੜਤੀਏ ਜਾਂ ਧਨਾਢ ਕਿਸਾਨ ਹਨ। ਮੁੱਖ ਮੰਤਰੀ ਤੱਕ ਦੇ ਅਹੁੱਦੇ ਦਾ ਸੁਪਨੇ ਲੈਂਦੇ ਬਲਬੀਰ ਸਿੰਘ ਰਾਜੇਵਾਲ ਦਸ ਹਜ਼ਾਰ ਵੋਟਾਂ ਵੀ ਨਾ ਹਾਸਲ ਕਰ ਸਕੇ। ਇਸ ਪੱਖੋਂ ਜੋਗਿੰਦਰ ਸਿੰਘ ਉਗਰਾਹਾਂ ਦਾ ਸਟੈਂਡ ਸਹੀ ਸਾਬਤ ਹੋਇਆ ਅਤੇ ਉਹਨਾਂ ਨੇ ਲੋਕ ਮਨਾਂ ਵਿੱਚ ਆਪਣਾ ਵਿਸ਼ਵਾਸ ਅਤੇ ਇੱਜ਼ਤ ਹੋਰ ਵਧਾ ਲਈ ਹੈ। ਹੁਣ ਨਵੇਂ ਸਿਰਿਆਂ ਮੋਰਚੇ ਨੂੰ ਠੁੱਮਣੇ ਦੇਣੇ ਰਾਜੇਵਾਲ ਅਤੇ ਚੜੂਨੀ ਧੜਿਆਂ ਲਈ ਬਹੁਤ ਵੱਡੀ ਚੁਣੌਤੀ ਹੈ। ਕੀ ਹੁਣ ਕਿਸਾਨਾਂ ਤੋਂ ਸੁਹਿਰਦ ਮਾਫ਼ੀ ਮੰਗਕੇ ਸਹਿਯੋਗ ਮੰਗਣਗੇ ਜਾਂ ਭਗਵੰਤ ਮਾਨ ਸਰਕਾਰ ਦੇ ਲੋਕ ਪੱਖੀ ਫ਼ੈਸਲਿਆਂ ਸਾਹਮਣੇ ਪਤਲੇ ਪੈ ਜਾਣਗੇ?

ਅਖੌਤੀ ਦਲਿਤ ਭਾਈਚਾਰੇ ਨੇ ਵੀ ਆਪਣੀ ਸੋਚ ਵਿੱਚ ਕਮਾਲ ਦਾ ਨਿਖਾਰ ਦਿਖਾਇਆ ਹੈ। ਰਵਾਇਤੀ ਪਾਰਟੀਆੰ ਨੂੰ ਝਕਾਨੀ ਦੇ ਕੇ ਇੱਕ ਚੇਤੰਨ ਰਾਜਨੀਤਕ ਧਿਰ ਹੋਣ ਦਾ ਸਬੂਤ ਵੀ ਦਿੱਤਾ ਹੈ। ਆਮ ਆਦਮੀ ਪਾਰਟੀ ਲਈ ਇੱਕ ਮੌਕਾ ਵੀ ਹੈ ਕਿ ਇਸ ਵਰਗ ਦਾ ਮਨ ਜਿੱਤਿਆ ਜਾਵੇ। ਸਾਡਾ ਮੰਨਣਾ ਹੈ ਕਿ ਪਿੰਡਾਂ ਵਿੱਚਲੇ ਸਰਕਾਰੀ ਸਕੂਲਾਂ ਨੂੰ ਮਿਆਰੀ ਸਿੱਖਿਆ ਲਈ ਤਿਆਰ ਕੀਤਾ ਜਾਵੇ ਭਾਂਵੇਂ ਕੁੱਝ ਸਿਆਸੀ ਨਜ਼ਰੀਏ ਤੋਂ ਅਪਗਰੇਡ ਕੀਤੇ ਸਕੂਲਾਂ ਨੂੰ ਮਿਲਾਕੇ, (ਮਰਜ ਕਰਕੇ) ਪਰ ਪੂਰਾ ਸਟਾਫ ਦੇ ਕੇ, ਪੂਰੀ ਵਿਦਿਆਰਥੀ ਗਿਣਤੀ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸਾਇੰਸ, ਕਾਮਰਸ ਦੇ ਵਿਸ਼ੇ ਵੀ ਚਲਾਕੇ। ਇਸ ਨਾਲ ਲੈਕਚਰਾਰਾਂ ਦੀ ਗਿਣਤੀ ਵੀ ਪੂਰੀ ਹੋ ਜਾਏਗੀ ਅਤੇੇ ਨਵੀਂ ਭਰਤੀ ਵੀ ਥੋੜ੍ਹੀ ਕਰਨੀ ਪਵੇਗੀ। ਸੱਚ ਤਾਂ ਇਹ ਹੈ ਕਿ ਰੈਸ਼ਨਲਾਈਜੇਸ਼ਨ ਦੇ ਨਾਂ ਤੇ ਪੇਂਡੂ ਸਕੂਲ ਬੁਰੀ ਤਰਾਂ ਨਿਆਸਰੇ ਹੋ ਗਏ ਹਨ। ਇਸ ਪਾਸੇ ਨਵੇਂ ਸ਼ੈਸ਼ਨ ਤੋਂ ਹੀ ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ ਹੈ। ਕਾਲਜ ਅਤੇ ਯੂਨੀਵਰਸਿਟੀ ਸਿੱਖਿਆ ਵਿੱਚ ਵਜ਼ੀਫੇ ਦੇ ਘਪਲੇ ਨੇ ਲੱਖਾਂ ਵਿਦਿਆਰਥੀਆੰ ਨੂੰ ਪਰੇਸ਼ਾਨੀ ਵਿੱਚ ਪਾਈ ਰੱਖਿਆ ਸੀ। ਕਰੋਨਾ ਕਾਲ ਵਿੱਚ ਸਾਜਿਸ਼ੀ ਤਾਲਾਬੰਦੀ ਦੇ ਨੁਕਸਾਨ ਦੀ ਭਰਪਾਈ ਵੀ ਵੱਡਾ ਮਸਲਾ ਹੈ।

ਗੁਰੂ ਗੋਬਿੰਦ ਸਿੰਘ ਜੀ ਦੇ ਕਥਨ “ ਇਨਹੀ ਕੀ ਕਿਰਪਾ ਸੇ ਸਜੇ ਹਮ ਹੈਂ” ਦੇ ਕਥਨ ਅਨੁਸਾਰ ਸਮਾਂ ਮੰਗ ਕਰਦਾ ਹੈ ਕਿ ਪੰਜਾਬ ਦੇ ਬਹੁਗਿਣਤੀ ਗਰੀਬ ਲੋਕਾਂ ਦੇ ਫ਼ਤਵੇ ਨੂੰ ਸਿਰ ਝੁਕਾ ਕੇ , ਉਹਨਾਂ ਦੁਆਰਾ ਦਿੱਤੀ ਸ਼ਕਤੀ ਨੂੰ ਲੋਕ ਹਿੱਤਾਂ ਲਈ ਵਰਤਿਆਂ ਜਾਵੇ। ਸ੍ ਭਗਤ ਸਿੰਘ ਅਤੇ ਡਾ ਅੰਬੇਡਕਰ ਦੀਆਂ ਤਸਵੀਰਾਂ ਤੋਂ ਜ਼ਿਆਦਾ ਉਹਨਾਂ ਦੀ ਸੋਚ ਮੰਤਰੀਆਂ ਦੇ ਪੈਨਾਂ ਵਿਚੋਂ ਨਿਕਲੇ ਤਾਂ ਲੋਕ ਮਹਿਸੂਸ ਕਰ ਲੈਣਗੇ ਕਿ ਬਦਲਾਅ ਸ਼ੁਰੂ ਹੋ ਗਿਆ ਹੈ। ਭਰਿਸ਼ਟਾਚਾਰ ਅਤੇ ਮਾਫੀਆ ਦੋਵੇਂ ਗੂੜੇ ਮਿੱਤਰ ਹਨ। ਆਮ ਲੋਕਾਂ ਨੇ ਤਾਂ ਸਾਰਥਿਕ ਤਬਦੀਲੀ ਜ਼ਮੀਨੀ ਪੱਧਰ ਉੱਤੇ ਦੇਖਣੀ ਹੈ।ਐਂਟੀਕੁਰਪਸ਼ਨ ਹੈਲਪ ਲਾਈਨ ਨੇ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ਕਦਮ ਬਹੁਤ ਲੋਕਾਂ ਦਾ ਮਨ ਜਿੱਤ ਸਕਦਾ ਹੈ ਬਸ਼ਰਤੇ ਕਿ ਵਿਜੀਲੈਂਸ ਵਿੱਚ ਕੁਰਪਸ਼ਨ ਰਹਿਤ ਅਫਸਰ ਹੋਣ। ਹੁਣ ਤੱਕ ਤਾਂ “ਵੱਢੀ ਲੈਂਦੇ ਫਸ ਗਏ, ਵੱਢੀ ਦੇਕੇ ਛੁੱਟ ਗਏ” ਵਾਲਾ ਵਰਤਾਰਾ ਹੀ ਹਾਵੀ ਰਿਹਾ ਹੈ। ਇਮਾਨਦਾਰ ਹੋਣਾ ਸਰਕਾਰੀ ਹਲਕਿਆਂ ਵਿੱਚ ਗੁਨਾਹ ਹੁੰਦਾ ਸੀ।ਸਰਕਾਰੀ ਹਸਪਤਾਲਾਂ ਵਿੱਚ ਵੀ ਵਿਆਪਕ ਸੁਧਾਰਾਂ ਦੀ ਲੋੜ ਹੈ।ਸਰਕਾਰੀ ਖ਼ਜ਼ਾਨਾ ਭਰਨ ਦੀ ਹੀਲੇ ਵਸੀਲੇ ਕਰਨੇ ਪੈਣੇ ਹਨ।ਪੁਲਿਸ ਦਾ ਅਕਸ ਪਬਲਿਕ ਹਿਤੈਸ਼ੀ ਬਣਨਾ ਬੜਾ ਹੀ ਔਖਾ ਕੰਮ ਹੈ। ਫ਼ਿਲਹਾਲ ਸ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਲੋਕਾਂ ਦੀ ਸਰਕਾਰ ਬਣਨ ਲਈ ਸ਼ੁਭਕਾਮਨਾ ਦਿੰਦੇ ਹਾਂ। ਹਰ ਖ਼ਬਰ ਤੇ ਨਜ਼ਰ ਹਰ ਵੋਟਰ ਨੂੰ ਵੀ ਰੱਖਣੀ ਪਏਗੀ ਤਾਂ ਕਿ ਪੰਜਾਬ ਦੀ ਖਿਸਕਦੀ ਕਿਸਮਤ ਨੂੰ ਮੋੜਾ ਪੈ ਸਕੇ। ਰੱਬ ਖ਼ੈਰ ਕਰੇ।

 

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਵਿੱਚ ਨਸ਼ੇ ਬੰਦ ਕਰਨ ਲਈ ਕੁਝ ਯੋਗ ਸੁਝਾਅ
Next article‘हस्ताक्षर’ पूरे देश के सभी हिंदी विभागों में सबसे विलक्षण प्रयोग है : प्रो. अपूर्वानंद