ਲੈਸਟਰ (ਇੰਗਲੈਂਡ) (ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਹਾਊਟਨ ਰੇਜਿਸ ਸ਼ਹਿਰ ਵਿੱਚ ਛੇ ਮਹੀਨੇ ਦੇ ਬੱਚੇ ਆਰਚੀ ਵੂਡਬ੍ਰਿਜ ਦੇ ਕਤਲ ਨੇ ਪੂਰੇ ਦੇਸ਼ ਨੂੰ ਹਿਲਾ ਦਿੱਤਾ ਹੈ। ਅਦਾਲਤ ਨੇ ਬੱਚੇ ਦੀ ਮਾਂ ਦੇ ਦੋਸਤ ਕੀਰਨ ਹੰਫਰੀਜ਼ (33) ਨੂੰ ਕਤਲ ਦਾ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਵਿੱਚ ਬੱਚੇ ਦੀ ਮਾਂ ਸਾਸਕੀਆ ਵੂਡਬ੍ਰਿਜ ਨੇ ਰੋਂਦਿਆਂ ਦੱਸਿਆ ਕਿ ਉਸਦਾ ਪੁੱਤਰ ਉਸਦੀ ਪੂਰੀ ਦੁਨੀਆ ਸੀ। ਉਸਨੇ ਕਿਹਾ, “ਕੀਰਨ ਨੇ ਮੇਰਾ ਪੁੱਤਰ ਮੇਰੇ ਤੋਂ ਛੀਣ ਲਿਆ। ਉਸਨੇ ਜੋ ਕੀਤਾ, ਉਹ ਬੁਰਾਈ ਦੀ ਹੱਦ ਤੋਂ ਵੀ ਪਰੇ ਸੀ। ਮੇਰੇ ਬੱਚੇ ਦਾ ਕਤਲ ਬੇਮਿਸਾਲ ਬੁਰਾਈ ਸੀ।”ਪੁਲਿਸ ਜਾਂਚ ਅਨੁਸਾਰ ਕੀਰਨ ਹੰਫਰੀਜ਼ ਉਸ ਦਿਨ ਬੱਚੇ ਦੀ ਦੇਖਭਾਲ ਕਰ ਰਿਹਾ ਸੀ ਜਦੋਂ ਉਸਨੇ ਬੱਚੇ ਨੂੰ ਬੁਰੇ ਤਰੀਕੇ ਨਾਲ ਹਿਲਾਇਆ। ਇਸ ਕਾਰਨ ਬੱਚੇ ਨੂੰ ਸਿਰ ’ਤੇ ਗੰਭੀਰ ਚੋਟਾਂ ਲੱਗੀਆਂ। ਬੱਚੇ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਪਰ ਡਾਕਟਰ ਵੀ ਉਸਨੂੰ ਬਚਾ ਨਹੀਂ ਸਕੇ। ਜਾਂਚ ਦੌਰਾਨ ਮਿਲੇ ਸਬੂਤਾਂ ਦੇ ਆਧਾਰ ’ਤੇ ਅਦਾਲਤ ਨੇ ਹੰਫਰੀਜ਼ ਨੂੰ ਕਤਲ ਦਾ ਦੋਸ਼ੀ ਮੰਨਦਿਆਂ ਜ਼ਿੰਦਗੀ ਭਰ ਕੈਦ ਦੀ ਸਜ਼ਾ ਸੁਣਾਈ। ਡਿਟੈਕਟਿਵ ਚੀਫ ਇੰਸਪੈਕਟਰ ਨਿਕ ਗਾਰਡਨਰ ਨੇ ਮਾਮਲੇ ਨੂੰ ਬਹੁਤ ਹੀ ਦਰਦਨਾਕ ਦੱਸਦਿਆਂ ਅਤੇ ਕਿਹਾ ਕਿ ਇੱਕ ਮਾਸੂਮ ਬੱਚੇ ਦੀ ਜਾਨ ਉਸੇ ਵਿਅਕਤੀ ਨੇ ਲੈ ਲਈ ਜੋ ਉਸਦੀ ਸੰਭਾਲ ਲਈ ਜ਼ਿੰਮੇਵਾਰ ਸੀ। ਉਹਨਾਂ ਕਿਹਾ, “ਅਸੀਂ ਪਰਿਵਾਰ ਦੇ ਦੁੱਖ ਨੂੰ ਪੂਰੀ ਤਰ੍ਹਾਂ ਸਮਝ ਸਕਦੇ ਹਾਂ ਅਤੇ ਉਨ੍ਹਾਂ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ।”ਸਾਸਕੀਆ ਵੂਡਬ੍ਰਿਜ ਨੇ ਕਿਹਾ ਕਿ ਆਰਚੀ ਉਸਦਾ ਸਭ ਕੁਝ ਸੀ ਅਤੇ ਉਸਦੀ ਮੌਤ ਨਾਲ ਉਸਦੀ ਜ਼ਿੰਦਗੀ ਖਾਲੀ ਹੋ ਗਈ ਹੈ। ਉਸਨੇ ਕਿਹਾ, “ਮੈਂ ਹਮੇਸ਼ਾ ਮਾਂ ਬਣਨ ਦਾ ਸੁਪਨਾ ਦੇਖਿਆ ਸੀ, ਪਰ ਹੁਣ ਮੇਰਾ ਸੁਪਨਾ ਟੁੱਟ ਗਿਆ ਹੈ।” ਉਸਨੇ ਅਪੀਲ ਕੀਤੀ ਕਿ ਹੋਰ ਕਿਸੇ ਮਾਂ ਨੂੰ ਇਹ ਦਰਦ ਨਾ ਸਹਿਣਾ ਪਵੇ ਅਤੇ ਬੱਚਿਆਂ ਦੀ ਸੁਰੱਖਿਆ ਲਈ ਲੋਕ ਹੋਰ ਜਾਗਰੂਕ ਹੋਣ।ਇਸ ਮਾਮਲੇ ਤੋਂ ਬਾਅਦ ਇਲਾਕੇ ਵਿੱਚ ਦੁੱਖ ਅਤੇ ਗੁੱਸੇ ਦੀ ਲਹਿਰ ਹੈ। ਸਥਾਨਕ ਨਿਵਾਸੀਆਂ ਅਤੇ ਸਮਾਜਕ ਸੰਗਠਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੱਚਿਆਂ ਦੀ ਸੁਰੱਖਿਆ ਲਈ ਹੋਰ ਸਖ਼ਤ ਕਾਨੂੰਨ ਬਣਾਏ ਜਾਣ ਤਾਂ ਜੋ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ। ਇਹ ਘਟਨਾ ਸਿਰਫ਼ ਇੱਕ ਪਰਿਵਾਰ ਦਾ ਨਹੀਂ, ਸਾਰੇ ਸਮਾਜ ਦਾ ਦੁੱਖ ਹੈ ਅਤੇ ਸਿਖਾਉਂਦੀ ਹੈ ਕਿ ਬੱਚਿਆਂ ਦੀ ਦੇਖਭਾਲ ਇੱਕ ਜ਼ਿੰਮੇਵਾਰੀ ਹੈ, ਖੇਡ ਨਹੀਂ।
HOME ਬੱਚੇ ਦੇ ਕਤਲ ਮਾਮਲੇ ਵਿੱਚ ਪਿਤਾ ਨੂੰ ਹੋਈ ਉਮਰ ਕੈਦ



