ਪਿਤਾ ਦਿਵਸ ਦੀ ਮਹਾਨਤਾ

  ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)  ਪਿਤਾ ਦਿਵਸ ਆਮ ਤੌਰ ‘ਤੇ ਹਰ ਸਾਲ ਜੂਨ ਮਹੀਨੇ ਦੇ ਤੀਸਰੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦੀ ਮਹੱਤਤਾ ਹਰ ਇੱਕ ਦੇ ਜੀਵਨ ਵਿਚ ਸਭ ਤੋਂ ਮਹੱਤਵਪੂਰਣ ਹੈ।  ਇੱਕ ਪਿਤਾ ਉਹ ਵਿਅਕਤੀ ਹੁੰਦਾ ਹੈ ਜੋ ਹਮੇਸ਼ਾ ਆਪਣੇ ਬੱਚਿਆਂ ਲਈ ਹਰ ਜਗ੍ਹਾ ਡਟ ਕੇ ਖੜ੍ਹਾ ਦਿਖਾਈ ਦਿੰਦਾ ਹੈ।ਕਦੇ ਜ਼ਿੰਦਗੀ ਵਿੱਚ ਜਦੋਂ ਬੱਚਾ ਕੁਝ ਡਾਵਾਂਡੋਲ ਹੋ ਪਿੱਛੇ ਮੁੜਨ ਲੱਗੇ ਤਾਂ ਉਹ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਤਿਆਰ ਬਰ ਤਿਆਰ ਹੁੰਦਾ ਹੈ। ਪਿਤਾ ਆਪਣੇ ਬੱਚਿਆਂ ਦੀਆਂ ਸਾਰੀਆਂ ਜ਼ਰੂਰਤਾਂ ਦਾ ਧਿਆਨ ਰੱਖਦਾ ਹੈ ਅਤੇ ਉਸਨੂੰ ਸਾਰੀ ਉਮਰ ਹੌਂਸਲਾ ਦਿੰਦਾ ਹੈ। ਪਿਤਾ ਪਰਿਵਾਰ ਦੀ ਤਾਕਤ ਦਾ ਉਹ ਥੰਮ੍ਹ ਹੁੰਦਾ ਹੈ ਜੋ ਜ਼ਿੰਦਗੀ ਦੇ ਸਾਰੇ ਖੁਸ਼ਹਾਲ ਅਤੇ ਚੁਣੌਤੀਪੂਰਣ ਪਲਾਂ ਵਿੱਚ ਵੀ ਪਰਿਵਾਰ ਨੂੰ ਇਕਜੁੱਟ ਰੱਖਣ ਦੀ ਕੋਸ਼ਿਸ਼ ਵਿੱਚ ਲੱਗਿਆ ਰਹਿੰਦਾ ਹੈ।

                 ਮਾਂ ਬਾਪ ਇੱਕ ਗੱਡੀ ਦੇ ਦੋ ਪਹੀਏ ਹੁੰਦੇ ਹਨ ਜੋ ਗ੍ਰਹਿਸਥ ਰੂਪੀ ਗੱਡੀ ਨੂੰ ਅੱਗੇ ਤੋਰਦਿਆਂ ਹੋਇਆਂ ਵਧਦੇ ਜਾਂਦੇ ਹਨ। ਬੱਚਿਆਂ ਦੀ ਜ਼ਿੰਦਗੀ ਵਿੱਚ ਦੋਵਾਂ ਦੀ ਮੌਜੂਦਗੀ ਬਰਾਬਰ ਦੀ ਅਹਿਮੀਅਤ ਰੱਖਦੀ ਹੈ।ਜੇ ਮਾਂ ਨੂੰ ਠੰਢੀ ਛਾਂ ਕਿਹਾ ਜਾਂਦਾ ਹੈ ਤਾਂ ਪਿਤਾ ਦੀ ਤੁਲਨਾ ਵੀ ਬੋਹੜ ਦੇ ਰੁੱਖ ਨਾਲ ਕੀਤੀ ਗਈ ਹੈ। ਪਿਤਾ ਦਾ ਲਾਡ ,ਉਸ ਦੁਆਰਾ ਦਿੱਤਾ ਪਿਆਰ ਅਤੇ ਉਤਸ਼ਾਹ ਬੱਚੇ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਵਲ ਸਿਖਾਉਂਦਾ ਹੈ। ਜਦੋਂ ਬੱਚਾ ਆਪਣੇ ਪਿਤਾ ਦੀ ਉਂਗਲੀ ਫੜ ਕੇ ਤੁਰਨਾ ਸਿੱਖਦਾ ਹੈ ਤਾਂ  ਪਿਤਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ। ਪਿਤਾ ਦੇ ਦਬਕੇ ਵਿੱਚ ਵੀ ਪਿਆਰ ਦੀ ਖ਼ੁਸ਼ਬੂ ਭਰੀ ਹੁੰਦੀ ਹੈ ਜੋ ਉਸ ਨੂੰ ਜ਼ਿੰਦਗੀ ਦੀਆਂ ਮੁਸੀਬਤਾਂ ਨਾਲ ਦੋ ਹੱਥ ਕਰਨ ਦੇ ਸਮਰੱਥ ਬਣਾਉਂਦੀ ਹੈ।
                ਜ਼ਿੰਦਗੀ ਦੀਆਂ ਜੋ ਮੌਜ-ਬਹਾਰਾਂ, ਬੇਫ਼ਿਕਰੀਆਂ ਅਤੇ ਬੇਪਰਵਾਹੀਆਂ ਭਰੀ ਜ਼ਿੰਦਗੀ ਦੇ ਪਲ ਬੱਚਾ ਆਪਣੇ ਪਿਤਾ ਦੇ ਸਿਰ ਤੇ ਗੁਜ਼ਾਰ ਲੈਂਦਾ ਹੈ, ਉਹ ਮੌਜ ਬਹਾਰਾਂ ਮੁੜ ਕੇ ਨਹੀਂ ਮਿਲਦੀਆਂ । ਇੱਕ ਕਹਾਵਤ ਹੈ,”ਬਾਪੂ ਬਾਪੂ ਕਹਿੰਦੇ ਸੀ,ਬੜੇ ਸੌਖੇ ਰਹਿੰਦੇ ਸੀ।”ਗੱਲ ਵੀ ਠੀਕ ਹੈ ਪਿਤਾ ਇੱਕ ਖ਼ਜ਼ਾਨੇ ਵਾਂਗ ਹੁੰਦਾ ਹੈ,ਬੱਚੇ ਨੂੰ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ ਉਸ ਕੋਲ ਮੰਗਿਆਂ ਝੱਟ ਮਿਲ਼ ਜਾਂਦੀ ਹੈ।ਪਿਤਾ ਕੋਈ ਯਾਦ ਰੱਖਣ ਵਾਲੀ ਚੀਜ਼ ਨਹੀਂ, ਜਿਸ ਲਈ ਕੋਈ ਇੱਕ ਦਿਨ ਨਿਸ਼ਚਤ ਕਰਕੇ ਸਿਰਫ ਉਸੇ ਦਿਨ ਹੀ ਯਾਦ ਕੀਤਾ ਜਾਵੇ, ਉਹ ਤਾਂ ਬੱਚੇ ਦੀ ਰਗ ਰਗ ਵਿੱਚ ਵਸਦਾ ਹੈ।
                  ਇਹ ਦਿਨ ਉਨ੍ਹਾਂ ਬੱਚਿਆਂ ਲਈ ਖਾਸ ਮਹੱਤਤਾ ਰੱਖਦਾ ਹੈ, ਜਿਹੜੇ ਅਧੁਨਿਕਤਾ ਅਤੇ ਪੈਸੇ ਦੀ ਹੋੜ ਵਿੱਚ ਕਿਸੇ ਹੋਰ ਹੀ ਚਮ ਚਮ ਕਰਦੀ ਨਵੀਂ ਦੁਨੀਆਂ ਦੇ ਰਾਹੀਂ ਚੜ੍ਹ ਗਏ ਹਨ। ਜਿਹਨਾਂ ਨੂੰ ਮਾਪਿਆਂ ਦੀ ਆਖੀ ਇੱਕ ਗੱਲ ਵੀ ਉਹਨਾਂ ਦੇ ਕੰਨਾਂ ਨੂੰ ਜ਼ਹਿਰ ਲੱਗਦੀ ਹੈ,ਇਹੋ ਜਿਹੇ ਬੱਚੇ ਆਪਣੀ ਝੂਠੀ ਦਿਖਾਵੇ ਦੀ ਦੁਨੀਆਂ ਨੂੰ ਖੁਸ਼ ਕਰਨ ਲਈ ਇਹ ਇੱਕ ਦਿਨ ਦਾ ਵਿਖਾਵਾ ਬਾਖ਼ੂਬੀ ਕਰਦੇ ਹਨ ਤੇ ਆਪਣੇ ਵਰਗੀ ਝੂਠੀ ਦੁਨੀਆ ਤੋਂ ਵਾਹ ਵਾਹ‌ ਸੁਣ ਕੇ ਖੁਸ਼ ਹੁੰਦੇ ਹਨ। ਉਨਾਂ ਨੂੰ ਆਪਣੀਆਂ ਗਲਤ ਫਹਿਮੀਆਂ ਦੂਰ ਕਰਕੇ, ਆਪਣੇ ਪਿਤਾ ਦਾ ਸੱਚੇ ਦਿਲੋਂ ਸਤਿਕਾਰ ਕਰਨਾ ਚਾਹੀਦਾ ਹੈ । ਉਹਨਾਂ ਦੀਆਂ ਦੁਆਵਾਂ ਨਾਲ ਆਪਣੀ ਕਿਸਮਤ ਦਾ ਖਜ਼ਾਨਾ  ਭਰਨ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਜੇਕਰ ਅਸੀਂ ਆਪਣੇ ਦਿਲ ਵਿੱਚ ਬਜ਼ੁਰਗਾਂ ਪ੍ਰਤੀ ਸਤਿਕਾਰ ਲੈ ਕੇ ਚੱਲਾਂਗੇ ਤਾਂ ਹਰ ਰੋਜ਼ ਹੀ ‘ਹੈਪੀ ਫਾਦਰਜ਼ ਡੇ’ ਹੋਵੇਗਾ। ਸਾਨੂੰ ਸਿਰਫ ਪਿਤਾ ਦਿਵਸ ’ਤੇ ਹੀ ਨਹੀਂ ਬਲਕਿ ਹਮੇਸ਼ਾ ਹੀ ਪਿਤਾ ਨੂੰ ਮਾਣ ਅਤੇ ਸਤਿਕਾਰ ਦੇਣਾ ਚਾਹੀਦਾ ਹੈ ਕਿਉਂ ਕਿ ਇਹ ਸਾਡੀ ਸੱਭਿਅਤਾ ਦਾ ਇੱਕ ਅਹਿਮ ਪੱਖ ਹੈ।
               ਅੱਜ ਕੱਲ ਰਿਸ਼ਤੇ ਨਾਤੇ ਫਿੱਕੇ ਪੈ ਰਹੇ ਹਨ। ਮਾਂ-ਬਾਪ ਬਿਰਧ ਆਸ਼ਰਮਾਂ ਵਿੱਚ ਰੁਲ਼ ਰਹੇ ਹਨ। ਜਿਸ ਪਿਤਾ ਨੇ ਆਪਣੇ ਪੁੱਤਰ ਨੂੰ ਉਂਗਲ  ਲਾ ਕੇ ਤੁਰਨਾ ਸਿਖਾਇਆ ਹੁੰਦਾ ਹੈ, ਉਹੀ ਪੁੱਤਰ ਬੁਢਾਪੇ ਵਿੱਚ ਉਸਨੂੰ ਆਪਣੇ ਉੱਤੇ ਬੋਝ ਸਮਝਣ ਲੱਗ ਜਾਂਦਾ ਹੈ। ਪਿਤਾ ਦੀ ਖੰਘਣ ਦੀ ਆਵਾਜ਼ ਵੀ ਉਸਦੇ ਮਨ ਅੰਦਰ ਬੇਚੈਨੀ ਪੈਦਾ ਕਰਦੀ ਹੈ। ਬਹੁਤ ਸਾਰੇ ਮਾਪੇ ਅਜਿਹੇ ਹਨ, ਜਿਨ੍ਹਾਂ ਦੇ ਤਿੰਨ ਚਾਰ ਪੁੱਤਰ ਹਨ ਉਹ ਵੀ ਰੁਲ਼ਦੇ ਹਨ ਜਾਂ ਆਪਸ ਵਿੱਚ ਦਿਨ ਵੰਡ ਕੇ ਉਹਨਾਂ ਨੂੰ ਵਾਰੀ ਸਿਰ ਮਜ਼ਬੂਰੀ ਵੱਸ ਆਪਣੇ ਕੋਲ ਰੱਖਦੇ ਹਨ।ਕੀ ਕਦੇ ਸੋਚਿਆ ਹੈ ਕਿ ਮਾਪਿਆਂ ਨੇ ਤਾਂ ਸਾਰੇ ਬੱਚਿਆਂ ਨੂੰ ਇੱਕੋ ਜਿਹਾ ਪਿਆਰ ਦਿੱਤਾ ਸੀ ਫਿਰ ਇਹ ਗੱਲਾਂ ਅੱਜ ਦੀ ਪੀੜ੍ਹੀ ਵਿੱਚ ਕਿਉਂ ਖ਼ਤਮ ਹੋ  ਰਹੀਆਂ ਹਨ। ਬੱਚੇ ਮਾਰਡਨ ਜ਼ਿੰਦਗੀ ਜਿਉਣ ਵਿੱਚ ਵਿਸ਼ਵਾਸ ਕਰਨ ਲੱਗ ਗਏ ਹਨ। ਉਨ੍ਹਾਂ ਵਿੱਚ ਵੱਡਿਆਂ ਪ੍ਰਤੀ ਸਤਿਕਾਰ ਦੀ ਭਾਵਨਾ ਬਹੁਤ ਘਟ ਗਈ ਹੈ। ਆਖ਼ਰ ਵਿੱਚ ਤਾਂ ਸਿੱਟਾ ਇਹੀ ਨਿਕਲਦਾ ਹੈ ਕਿ ਕੋਈ ਵੀ ਰਿਸ਼ਤੇ ਨਾਲ ਜੁੜਿਆ ਹੋਇਆ ਤਿਉਹਾਰ ਉਹ ਇੱਕ ਦਿਨ ਦਾ ਤਿਉਹਾਰ ਨਹੀਂ ਬਲਕਿ ਉਸ ਦਿਨ ਖਾਸ ਤੌਰ ਤੇ ਪ੍ਰਣ‌ ਲੈਣ ਦੀ  ਲੋੜ ਹੁੰਦੀ ਹੈ‌ਆਪਣੇ ਵੱਡਿਆਂ ਨੂੰ ਉਹਨਾਂ ਦੀ ਤੁਹਾਡੀ ਜ਼ਿੰਦਗੀ ਵਿੱਚ ਖ਼ਾਸ ਅਹਿਮੀਅਤ ਦਿਵਾਉਣ ਦੀ ਹੁੰਦੀ ਹੈ। ਪਿਤਾ ਦਿਵਸ ਮੌਕੇ ਪ੍ਰਣ ਕਰਨਾ ਚਾਹੀਦਾ ਹੈ ਕਿ ਆਪਣੇ ਪਿਤਾ ਦਾ ਸਤਿਕਾਰ ਤੇ ਸਨਮਾਨ ਸੱਚੇ ਦਿਲੋਂ ਹਰ ਰੋਜ਼ ਕਰਨਾ ਚਾਹੀਦਾ ਹੈ ਨਾ ਕਿ ਇਸ ਦਾ ਮਕਸਦ ਇੱਕ ਦਿਨ ਲਈ ਹੈਪੀ ਫਾਦਰਜ਼ ਡੇ ਕਹਿ ਕੇ ਫੇਸਬੁੱਕ ਤੇ ਦੋਸਤਾਂ ਮਿੱਤਰਾਂ ਤੋਂ ਆਪਣੀ ਵਾਹ ਵਾਹ ਕਰਵਾਉਣਾ ਹੋਵੇ।
ਬਰਜਿੰਦਰ ਕੌਰ ਬਿਸਰਾਓ
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬਾਪੂ
Next articleਬੇਸ਼ਰਮ ਤੇ ਬੇਰੀ