ਸਿੱਖਾਂ ਤੇ ਮੁਗਲਾਂ ਦਾ ਪਹਿਲਾ ਯੁੱਧ
(ਸਮਾਜ ਵੀਕਲੀ) ਗੁਰੂ ਅਰਜਨ ਦੇਵ ਜੀ ਜੇਠ ਸੁਦੀ ਚੌਥ, ਸੰਮਤ 1663 ਬਿ. ਮੁਤਾਬਕ 30 ਮਈ, 1606 ਈ. ਨੂੰ ਸ਼ਹੀਦ ਹੋ ਗਏ ਸਨ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਿੱਖ ਲਹਿਰ ਲਈ ਇੱਕ ਬਹੁਤ ਵੱਡੀ ਚਣੌਤੀ ਸੀ। ਬਾਲ ਹਰਿਗੋਬਿੰਦ ਨੇ ਇਸ ਚਣੌਤੀ ਨੂੰ ਮਨਜ਼ੂਰ ਕੀਤਾ। ਮਨਜ਼ੂਰ ਕਰਨ ਦੇ ਪ੍ਰਤੀਕ ਵਜੋਂ ਬਾਲ ਹਰਗੋਬਿੰਦ ਨੇ ਆਪਣਾ ਗੁਰਿਆਈ ਤਿਲਕ ਤਖਤ ਉਪਰ ਬੈਠ ਕੇ ਧਾਰਨ ਕੀਤਾ। ਤਖਤ ਉਪਰ ਬੈਠ ਕੇ ਗੁਰਿਆਈ ਤਿਲਕ ਧਾਰਨ ਕਰਨ ਦਾ ਭਾਵ ਸੀ ਕਿ ਹਕੂਮਤ ਦੀ ਕਾਰਵਾਈ ਦਾ ਜਵਾਬ ਉਸ ਦੀ ਆਪਣੀ ਹੀ ਬੋਲੀ ਵਿੱਚ ਦਿੱਤਾ ਜਾਵੇ। ਜੇ ਹਕੂਮਤ ਨੇ ਇਹ ਸੋਚਿਆ ਸੀ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨਾਲ ਸਿੱਖ ਲਹਿਰ ਦੱਬ ਜਾਵੇਗੀ ਤਾਂ ਗੁਰੂ ਹਰਿਗੋਬਿੰਦ ਦਾ ਜਵਾਬ ਸੀ ਕਿ ਅੱਗੇ ਤੋਂ ਸਿੱਖ ਲਹਿਰ ਧਾਰਮਿਕ ਸ਼ਕਤੀ ਦੇ ਨਾਲ ਨਾਲ ਸਿੱਖ ਸਮਾਜ ਦੇ ਆਤਮ ਨਿਰਣੈ ਦੀ ਸ਼ਕਤੀ ਵੀ ਧਾਰਨ ਕਰੇਗੀ। ਇਸ ਆਤਮ ਨਿਰਣੈ ਦੀ ਸ਼ਕਤੀ ਨੂੰ ਦੋ ਕਿਰਪਾਨਾਂ ਧਾਰਨ ਕਰਕੇ ਦਰਸਾਇਆ ਗਿਆ ਸੀ। ਇੱਕ ਕਿਰਪਾਨ ਧਾਰਮਿਕ ਸ਼ਕਤੀ ਦੀ ਅਤੇ ਦੂਜੀ ਆਤਮਨਿਰਣੈ ਦੀ। ਇਸ ਨੂੰ ਸਿੱਖ ਸ਼ਬਦਾਵਲੀ ਵਿੱਚ ਮੀਰੀ ਅਤੇ ਪੀਰੀ ਦਾ ਧਾਰਨ ਕਾਰਨਾ ਦੱਸਿਆ ਗਿਆ ਹੈ। ਇਸ ਮਨੋਰਥ ਨੂੰ ਦੋ ਕਿਰਪਾਨਾਂ ਤੋਂ ਇਲਾਵਾ ਕੁਝ ਹੋਰ ਚਿੰਨ ਵੀ ਦਰਸਾ ਰਹੇ ਸਨ। ਜਿਵੇਂ ਕਿ ਸੀਸ ਉਪਰ ਕਲਗੀਆਂ ਵਾਲੀ ਪੱਗ ਪਹਿਨਣਾ, ਸੀਸ ਉਪਰ ਛੱਤਰ ਝੁਲਾਉਣਾ, ਹਥਿਆਰਬੰਦ ਸਿੱਖ ਘੋੜ-ਸਆਰ ਖੜੇ ਕਰਨਾ, ਨਗਾਰਾ ਬਜਾਉਣਾ, ਅਕਾਲ ਤਖਤ ਸਾਹਿਬ ਦੇ ਸਾਹਮਣੇ ਦੋ ਕੇਸਰੀ ਨਿਸ਼ਾਨ ਸਾਹਿਬ ਝੁਲਾਉਣਾ ਆਦਿ।
ਸਿਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਦੀ ਮਿਤੀ ਬਾਰੇ ਇਤਿਹਾਸਕਾਰਾਂ ਵਿੱਚ ਕਾਫੀ ਮੱਤ ਭੇਦ ਹਨ। ਗਯਾਨੀ ਗਯਾਨ ਸਿੰਘ ਇਸ ਦੀ ਸਥਾਪਨਾ ਪੰਜ ਹਾੜ, ਸੰਮਤ 1666 ਬਿ. ਮੁਤਾਬਕ ਮਈ, 1909 ਈ. ਨੂੰ ਹੋਈ ਮੰਨਦਾ ਹੈ। ਗਯਾਨੀ ਲਾਲ ਸਿੰਘ ਸਥਾਪਨਾ ਦਾ ਸਾਲ ਸੰਨ 1608 ਈ. ਦਾ ਦੱਸਦਾ ਹੈ। ਭਾਈ ਕਾਨ੍ਹ ਸਿੰਘ ਨਾਭਾ 1608 ਈ. ਲਿਖਦੇ ਹਨ। ਤੇਜਾ ਸਿੰਘ ਗੰਡਾ ਸਿੰਘ 1609 ਈ. ਦਾ ਸਾਲ ਲਿਖਦੇ ਹਨ। ਪਰ ਇਨ੍ਹਾਂ ਵਿੱਚੋਂ ਕੋਈ ਵੀ ਸਾਲ ਦਰੁਸਤ ਨਹੀਂ ਹੈ ਕਿਉਂਕਿ ਕਿਸੇ ਵੀ ਲੇਖਕ ਜਾਂ ਇਤਿਹਾਸਕਾਰ ਨੇ ਆਪਣੇ ਵੱਲੋਂ ਦਿੱਤੇ ਗਏ ਸੰਨ ਸੰਮਤ ਦਾ ਕੋਈ ਆਧਾਰ ਨਹੀਂ ਦਿੱਤਾ। ਗੁਰਬਿਲਾਸ ਛੇਵੀਂ ਪਾਤਸ਼ਾਹੀ, ਜੋ ਗੁਰਮੁਖੀ ਦੀ ਮੁੱਢਲੀ ਲਿਖਤ ਹੈ, ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਹਾੜ ਸੁਦੀ ਪੰਚਮੀ, ਸੰਮਤ 1763 ਬਿ. ਮੁਤਾਬਕ 15 ਜੂਨ, 1606 ਈ. ਵਿੱਚ ਹੋਈ ਦੱਸੀ ਗਈ ਹੈ। ਅਜੇ ਤੱਕ ਇਸ ਲਿਖਤ ਤੋਂ ਵੱਧ ਭਰੋਸੇਯੋਗ ਲਿਖਤ ਕੋਈ ਹੋਰ ਨਹੀਂ ਮਿਲੀ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਬਾਰੇ ਇਸ ਤਰ੍ਹਾਂ ਪੂਰੀ ਸਪੱਸ਼ਟਤਾ ਨਾਲ ਚਾਨਣਾ ਪਾਉਂਦੀ ਹੋਵੇ। ਇਸ ਲਈ ਇਸ ਵਿੱਚ ਦਿੱਤੀ ਗਈ ਮਿਤੀ ਨੂੰ ਠੀਕ ਮੰਨਿਆ ਗਿਆ ਹੈ। ਇਸ ਮਹਾਨ ਸੰਸਥਾ ਦੀ ਨੀਂਹ ਰੱਖਣ ਦੀ ਰਸਮ ਅਤੇ ਇਸ ਸਾਰੀ ਉਸਾਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਖੁਦ ਹੀ ਕੀਤੀ। ਉਨ੍ਹਾਂ ਨਾਲ ਸਹਾਇਤਾ ਕਰਨ ਵਾਲੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਸਨ। ਕਿਸੇ ਮਿਸਤਰੀ ਜਾਂ ਕਾਰੀਗਰ ਤੋਂ ਇਸ ਦੀ ਉਸਾਰੀ ਨਹੀਂ ਕਰਵਾਈ ਗਈ।
ਰਵਾਇਤ ਹੈ ਕਿ ਜਦੋਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੀਆਂ ਅੰਤਮ ਰਸਮਾਂ (ਭੋਗ) ਅਦਾ ਕੀਤੀਆਂ ਜਾਣੀਆਂ ਸਨ ਤਾਂ ਉਸ ਸਮੇਂ ਹੀ ਬਾਲ ਹਰਿਗੋਬਿੰਦ ਨੂੰ ਗੁਰਿਆਈ ਤਿਲਕ ਲਗਾਇਆ ਜਾਣਾ ਸੀ। ਗੁਰਿਆਈ ਤਿਲਕ ਦੀ ਤਿਆਰੀ ਲਈ, ਬਾਲ ਹਰਿਗੋਬਿੰਦ ਜੀ ਦੀਆਂ ਹਦਾਇਤਾਂ ਮੁਤਾਬਕ ਇੱਕ ਉੱਚੇ ਥੜ੍ਹੇ ਦੀ ਸਥਾਪਨਾ ਕੀਤੀ ਗਈ। ਹਦਾਇਤਾਂ ਸਨ ਕਿ ਗੁਰਿਆਈ ਤਿਲਕ ਤਖਤ ਉੱਪਰ ਬੈਠ ਕੇ ਅਤੇ ਸ਼ਾਹੀ ਪਰੰਪਰਾਵਾਂ ਨਾਲ ਮਿਲਦੀਆਂ ਜੁਲਦੀਆਂ ਰਸਮਾਂ ਅਪਣਾ ਕੇ ਹੀ ਧਾਰਨ ਕਰਨਾ ਹੈ ਤਾਂ ਕਿ ਹਕੂਮਤ ਨੂੰ ਉਸ ਦੇ ਆਪਣੇ ਵੱਲੋਂ ਦਿੱਤੀ ਗਈ ਚੁਣੌਤੀ ਦਾ ਪੂਰਾ ਪੂਰਾ ਉੱਤਰ ਦਿੱਤਾ ਜਾ ਸਕੇ। ਇਸ ਥੜ੍ਹੇ ਦਾ ਨਾਂ ਰੱਖਿਆ ਗਿਆ, ਸ੍ਰੀ ਅਕਾਲ ਤਖਤ ਸਾਹਿਬ। ਇਸ ਨੂੰ ਦੂਜੇ ਅਰਥਾਂ ਵਿੱਚ ਦੁਨਿਆਵੀ ਤਖਤਾਂ ਦੇ ਮੁਕਾਬਲੇ ਲੋਕ ਸ਼ਕਤੀ ਦਾ ਪ੍ਰਤੀਕ ਅਤੇ ਧਾਰਮਿਕ ਅਕੀਦਿਆਂ ਦੀ ਸੁਤੰਤਰਤਾ ਦਾ ਪ੍ਰਤੀਕ ਤਖਤ ਸਮਝਿਆ ਗਿਆ ਸੀ।
ਇਸ ਤਖਤ ਉੱਪਰ ਬੈਠ ਕੇ ਸਭ ਤੋਂ ਪਹਿਲਾ ਐਲਾਨ ਇਹ ਕੀਤਾ ਗਿਆ ਕਿ ਜੋ ਵੀ ਸਿੱਖ ਗੁਰੂ ਜੀ ਦੇ ਦਰਸ਼ਨਾਂ ਨੂੰ ਆਵੇ ਉਹ ਹਥਿਆਰਬੰਦ ਅਤੇ ਘੋੜਸੁਆਰ ਹੋ ਕੇ ਹੀ ਆਵੇ। ਇਸ ਹੁਕਮ ਦੀ ਤਾਮੀਲ ਕਰਦੇ ਹੋਏ ਛੇਤੀ ਹੀ ਸੈਂਕੜਿਆਂ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਗੁਰੂ ਜੀ ਦੇ ਦੁਆਲੇ ਇਕੱਠੇ ਹੋ ਗਏ। ਸਮੁੱਚੇ ਹਥਿਆਰਬੰਦ ਸਿੱਖਾਂ ਨੂੰ ਚਾਰ ਜੱਥਿਆਂ ਵਿੱਚ ਜੱਥੇਬੰਦ ਕੀਤਾ ਗਿਆ। ਇਨ੍ਹਾਂ ਚਾਰ ਜੱਥਿਆਂ ਦੇ ਜਥੇਦਾਰ ਸਨ : ਭਾਈ ਬਿਧੀ ਚੰਦ, ਪੈਂਦੇ ਖਾਂ, ਭਾਈ ਪਿਰਾਨਾ ਅਤੇ ਭਾਈ ਜੇਠਾ। ਕੁਝ ਲਿਖਤਾਂ ਵਿੱਚ ਇਨ੍ਹਾਂ ਜੱਥਿਆਂ ਦੀ ਗਿਣਤੀ ਪੰਜ ਦੱਸੀ ਗਈ ਹੈ।ਪੰਜਵੇਂ ਜੱਥੇ ਦੀ ਜੱਥੇਦਾਰੀ ਭਾਈ ਲੰਗਾਹਾ ਕੋਲ ਸੀ। ਸਿਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਦੋ ਕੇਸਰੀ ਨਿਸ਼ਾਨ ਸਾਹਿਬ ਲਹਿਰਾਏ ਗਏ ਜਿਹੜੇ ਧਾਰਨ ਕੀਤੀਆਂ ਗਈਆਂ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਵਾਂਗ ਹੀ ਅਧਿਆਤਮਿਕ ਅਤੇ ਸੰਸਾਰਿਕ ਸ਼ਕਤੀ ਦੀ ਸੁਮੇਲਤਾ ਅਤੇ ਅੰਤਰ ਸੰਬੰਧਤਾ ਦੇ ਪ੍ਰਤੀਕ ਸਨ। ਸਿੱਖ ਸੰਗਤਾਂ ਦੇ ਸਵੇਰੇ ਸ਼ਾਮ ਦਰਬਾਰ ਲਗਾਉਣੇ ਸ਼ੁਰੂ ਕੀਤੇ ਗਏ। ਇਨ੍ਹਾਂ ਦਰਬਾਰਾਂ ਵਿੱਚ ਸਿੱਖਾਂ ਦੇ ਆਪਣੇ ਮਸਲੇ ਸੁਣੇ ਜਾਂਦੇ ਸਨ ਅਤੇ ਨਿਬੇੜੇ ਜਾਂਦੇ ਸਨ, ਬੀਰ-ਰਸ ਭਰਪੂਰ ਵਾਰਾਂ ਸੁਣਾਈਆਂ ਜਾਂਦੀਆਂ। ਬਾਹਰਲੇ ਰਾਜਿਆਂ ਮਹਾਰਾਜਿਆਂ ਵੱਲੋਂ ਭੇਜੇ ਗਏ ਦੂਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਆ ਜਾਂਦਾ ਅਤੇ ਸਿੱਖਾਂ ਨੂੰ ਜ਼ੁਲਮ ਅਤੇ ਜਬਰ ਦੇ ਖਿਲਾਫ਼ ਡੱਟਣ ਦੀਆਂ ਸਿੱਖਿਆਵਾਂ ਦਿੱਤੀਆਂ ਜਾਂਦੀਆਂ ਸਨ। ਇਸ ਤਰ੍ਹਾਂ ਗੁਰੂ ਹਰਿਗੋਬਿੰਦ ਸਾਹਿਬ ਸਿੱਖਾਂ ਦੇ ਸਰਬਉੱਚ ਨੇਤਾ ਦੇ ਰੂਪ ਵਿੱਚ ਸਾਹਮਣੇ ਆਏ ਅਤੇ ਸਿਰੀ ਅਕਾਲ ਤਖਤ ਸਾਹਿਬ ਸਿੱਖਾਂ ਦਾ ਸਰਬਉੱਚ ਅਦਾਲਤੀ ਅਸਥਾਨ ਬਣ ਕੇ ਸਾਹਮਣੇ ਆਇਆ। ਇਸ ਨਾਲ ਸਿੱਖ ਜਗਤ ਦੇ ਮਨਾਂ ਵਿੱਚ ਆਤਮ ਸ਼ਾਸਨ ਦਾ ਗਿਆਨ ਹੋਣਾ ਸ਼ੁਰੂ ਹੋ ਗਿਆ ਅਤੇ ਦਿੱਲੀ ਤਖ਼ਤ ਦੇ ਮੁਕਾਬਲੇ ‘ਤੇ ਇੱਕ ਵਿਸ਼ੇਸ਼ ਕਿਸਮ ਦੀ ਰਾਜਨੀਤਿਕ ਚੇਤੰਨਤਾ ਆਉਣੀ ਸ਼ੁਰੂ ਹੋ ਗਈ। ਉਨੀਵੀਂ ਸਦੀ ਦੇ ਇੱਕ ਗੁਰਮੁਖੀ ਲਿਖਤ ਦੇ ਲੇਖਕ ਵੀਰ ਸਿੰਘ ਬਲ ਨੇ ਲਿਖਿਆ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਨੇ ਦਿੱਲੀ ਅਤੇ ਲਾਹੌਰ ਦੇ ਤਖ਼ਤਾਂ ਦੀ ਸ਼ਕਤੀ ਨੂੰ ਰੱਦ ਕਰਕੇ ਅੰਮ੍ਰਿਤਸਰ ਵਿਖੇ ਇੱਕ ਨਿਰਮੋਰ ਤਖਤ ਦੀ ਸਥਾਪਨਾ ਕੀਤੀ। ਭਾਵੇਂ ਇਸ ਕਥਨ ਨੂੰ ਇੰਨ-ਬਿੰਨ ਅਰਥਾਂ ਵਿੱਚ ਨਾ ਵੀ ਲਿਆ ਜਾਵੇ ਪਰ ਇਸ ਨਾਲ ਸਿੱਖ ਹਿਰਦਿਆਂ ਵਿੱਚ ਆਈ ਇੱਕ ਵਿਸ਼ੇਸ਼ ਕਿਸਮ ਦੀ ਚੇਤੰਨਤਾ ਦਾ ਪ੍ਰਗਟਾਵਾ ਜਰੂਰ ਹੋਇਆ।
ਅੰਮ੍ਰਿਤਸਰ ਨਗਰ ਦੀ ਚਹੁੰ-ਤਰਫੋਂ ਕਿਲਾਬੰਦੀ ਕੀਤੀ ਗਈ ਤਾਂ ਕਿ ਕੋਈ ਗੁਰੂ ਗਰ ਦਾ ਦੋਖੀ ਨਗਰ ਉਪਰ ਅਚਾਨਕ ਹਮਲਾ ਨਾ ਕਰ ਸਕੇ। ਲੋਹਗੜ੍ਹ ਨਾਮੀਂ ਇੱਕ ਕਿਲ੍ਹਾ ਤਿਆਰ ਕੀਤਾ ਗਿਆ ਜਿੱਥੇ ਗੁਰੂ ਜੀ ਦੇ ਘੋੜ ਸੁਆਰ ਸਿੱਖ ਰਿਹਾ ਕਰਦੇ ਸਨ। ਇਹ ਸਭ ਤਿਆਰੀਆਂ ਗੁਰਿਆਈ ਤਿਲਕ ਧਾਰਨ ਕਰਨ ਦੇ ਤੁਰੰਤ ਬਾਅਦ ਹੀ ਕੀਤੀਆਂ ਗਈਆਂ ਸਨ।
1628 ਈ. ਵਿੱਚ ਇੱਕ ਦਿਨ ਸ਼ਾਹ ਜਹਾਨ ਅੰਮ੍ਰਿਤਸਰ ਦੇ ਨੇੜੇ ਸ਼ਿਕਾਰ ਖੇਡ ਰਿਹਾ ਸੀ। ਗੁਮਟਾਲਾ ਦੇ ਸਥਾਨ ‘ਤੇ ਉਸ ਦਾ ਇੱਕ ਮਨ-ਪਸੰਦ ਬਾਜ਼ ਭੁੱਲ ਕੇ ਦੂਰ ਚਲਾ ਗਿਆ ਅਤੇ ਸਿੱਖਾਂ ਦੀ ਸ਼ਿਕਾਰ ਖੇਡਣ ਵਾਲੀ ਇੱਕ ਟੋਲੀ ਦੇ ਹੱਥ ਆ ਗਿਆ। ਉਨ੍ਹਾਂ ਨੇ ਇਹ ਬਾਜ਼ ਦੇਣ ਤੋਂ ਨਾਂਹ ਕਰ ਦਿੱਤੀ ਕਿਉਂਕਿ ਜਿਹੜੇ ਇਹ ਬਾਜ਼ ਲੈਣ ਆਏ ਸਨ ਸਿੱਖ ਉਨ੍ਹਾਂ ਨੂੰ ਪਛਾਣਦੇ ਨਹੀਂ ਸਨ। ਉਹ ਆਪਸ ਵਿੱਚ ਖਹਿਬੜਨ ਤੋਂ ਬਾਅਦ ਹੱਥੋਂ ਪਾਈ ਹੋ ਗਏ ਜਿਸ ਕਾਰਨ ਸ਼ਾਹੀ ਦਲ ਮਾਰ ਖਾ ਕੇ ਵਾਪਿਸ ਚਲਾ ਗਿਆ ਅਤੇ ਉਨ੍ਹਾਂ ਨੇ ਬਾਦਸ਼ਾਹ ਨੂੰ ਸਾਰੀ ਵਿਥਿਆ ਜਾ ਸੁਣਾਈ। ਮੁਖਲਿਸ ਖ਼ਾਂ ਦੀ ਕਮਾਨ ਵਿੱਚ ਇੱਕ ਫ਼ੌਜੀ ਟੋਲੀ ਗੁਰੂ ਜੀ ਨੂੰ ਫੜਨ ਅਤੇ ਲਾਹੌਰ ਲਿਆਉਣ ਲਈ ਭੇਜੀ ਗਈ। ਇਹ ਯੁੱਧ ਦਾ ਆਰੰਭ ਸੀ।
ਲਾਹੌਰ ਤੋਂ ਅਚਾਨਕ ਅਤੇ ਅਵੇਸਲਾ ਹਮਲਾ ਕੀਤਾ ਗਿਆ ਸੀ। ਇਸ ਪੁਸ਼ਟੀ ਇਸ ਗੱਲ ਤੋਂ ਹੁੰਦੀ ਹੈ ਕਿ ਗੁਰੂ ਜੀ ਉਸ ਵੇਲੇ ਆਪਣੀ ਧੀ ਦੇ ਵਿਆਹ ਦੀ ਤਿਆਰੀ ਵਿੱਚ ਰੁੱਝੇ ਹੋਏ ਸਨ ਅਤੇ ਉਨ੍ਹਾਂ ਪਾਸ ਲੜਾਈ ਲਈ ਕੋਈ ਦਾਰੂ-ਸਿੱਕਾ ਨਹੀਂ ਸੀ। ਇੱਕ ਡਿੱਗੇ ਹੋਏ ਦਰੱਖਤ ਦੇ ਤਣੇ ਵਿਚਲੇ ਖੋੜ੍ਹ ਤੋਂ ਆਰਜ਼ੀ ਤੌਰ ‘ਤੇ ਇੱਕ ਤੋਪ ਬਣਾਉਣੀ ਪਈ ਸੀ।ਇਹ ਤੋਪ ਗੁਰਦੁਆਰਾ ਲੋਹਗੜ੍ਹ ਸਾਹਿਬ ਜੋ ਕਿ ਲੋਹਗੜ੍ਹ ਗੇਟ ਅੰਮ੍ਰਿਤਸਰ ਵਿਚ ਅਜੇ ਵੀ ਮੌਜੂਦ ਹੈ।ਇਹ ਲੜਾਈ ਉਸ ਥਾਂ ‘ਤੇ ਹੋਈ ਜਿੱਥੇ ਅੱਜ ਕੱਲ ਖਾਲਸਾ ਕਾਲਜ ਬਣਿਆ ਹੋਇਆ ਹੈ। ਗੁਰੂ ਜੀ ਦਾ ਸਾਮਾਨ ਅਤੇ ਉਨ੍ਹਾਂ ਦੀ ਜਾਇਦਾਦ ਲੁੱਟ ਲਈ ਗਈ ਪਰ ਜਦੋਂ ਝੜਪ ਵਿੱਚ ਮੁਖ਼ਲਿਸ ਖ਼ਾਂ ਮਾਰਿਆਂ ਗਿਆ ਤਾਂ ਮੁਗ਼ਲ ਸੈਨਾ ਦੁਰਗਤੀ ਦੀ ਹਾਲਤ ਵਿੱਚ ਮੁੜ ਗਈ।
ਗੁਰੂ ਜੀ ਝਬਾਲ ਨੂੰ ਚਲੇ ਗਏ ਜਿਹੜਾ ਅੰਮ੍ਰਿਤਸਰ ਦੇ ਦੱਖਣ-ਪੱਛਮ ਵਿੱਚ ਕੋਈ ਅੱਠ ਮੀਲਾਂ ਦੀ ਦੂਰੀ ‘ਤੇ ਹੈ। ਉਥੇ ਜਾ ਕੇ ਉਨ੍ਹਾਂ ਨੇ ਆਪਣੀ ਸਪੁੱਤਰੀ ਦੇ ਵਿਆਹ ਦੀ ਰਸਮ ਅਦਾ ਕੀਤੀ।ਗੁਰੂ ਜੀ ਦੇ ਸਿੱਖਾਂ ਵੱਲੋਂ ਜੋ ਸਿੱਖ ਸ਼ਹੀਦ ਹੋਏ ਸਨ ਉਨ੍ਹਾਂ ਦੀ ਗਿਣਤੀ ਤੇਰ੍ਹਾਂ ਦੱਸੀ ਗਈ ਹੈ ਅਤੇ ਇਨ੍ਹਾਂ ਦੇ ਨਾਂ ਇਉਂ ਹਨ: ਭਾਈ ਨੰਦ ਜੀ, ਭਾਈ ਜੈਤਾ ਜੀ, ਭਾਈ ਪਿਰਾਣਾ, ਭਾਈ ਤੋਤਾ, ਭਾਈ ਤਿਲੋਕਾ, ਭਾਈ ਸਾਂਈ ਦਾਸ, ਭਾਈ ਪੈੜਾ, ਭਾਈ ਭਗਤ, ਭਾਈ ਅਨੰਤਾ, ਭਾਈ ਨਿਹਾਲਾ, ਭਾਈ ਤਖ਼ਤ, ਭਾਈ ਮੋਹਨ ਅਤੇ ਭਾਈ ਗੋਪਾਲ ਜੀ।
ਜਿਥੇ ਬਾਜ ਗੁਰੂ ਜੀ ਦੀ ਸ਼ਰਨ ਆਇਆ ਸੀ ਉਥੇ ਅਜਕਲ ਗੁਰਦਆਰਾ ਪਲਾਹ ਸਾਹਿਬ ਹੈ, ਜਿਥੇ ਹਰ ਸਾਲ ਲੋੜ ਮੇਲਾ ਲਗਦਾ ਹੈ। ਇਹ ਗੁਰਦੁਆਰਾ ਪਿੰਡ ਖੈਰਾਂਬਾਦ ਦੇ ਬਿਲਕੁਲ ਨਾਲ ਹੈ ਤੇ ਗੁਮਟਾਲਾ ਪਿੰਡ ਦੇ ਵੀ ਨੇੜੇ ਹੈ। ਕਿਲਾ ਲੋਹਗੜ੍ਹ ਸਾਹਿਬ ਪਹਿਲਾਂ ਕਾਇਮ ਸੀ । ਬਾਕੀ ਇਤਿਹਾਸਿਕ ਗੁਰਦੁਆਰਿਆਂ ਵਾਂਗ ਇਹ ਵੀ ਕਾਰਸੇਵਾ ਵਾਲੇ ਬਾਬਿਆਂ ਦੀ ਭੇਟ ਚੜ੍ਹ ਗਿਆ ਹੈ ਤੇ ਆਪਣੀ ਵਖਰੀ ਪਛਾਣ ਗੁਆ ਚੁੱਕਾ ਹੈ।ਇੱਥੇ ਵੀ ਹਰ ਸਾਲ ਜੋੜ ਮੇਲਾ ਮਨਾਇਆ ਜਾਂਦਾ ਹੈ।
ਹਵਾਲਾ ਪੁਸਤਕਾਂ:1ਸਿੱਖ ਇਤਿਹਾਸ (1469-1765) , ਪ੍ਰਿੰਸੀਪਲ ਤੇਜਾ ਸਿੰਘ, ਡਾ. ਗੰਡਾ ਸਿੰਘ, ਅਨੁਵਾਦਕ ਡਾ. ਭਗਤ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ,2006 ,ਪੰਨੇ 41, 42
2.ਪੰਜਾਬ ਦਾ ਇਤਿਹਾਸ ਗੁਰੂ ਕਾਲ 1469-1708 ਜਿਲਦ ਪੰਜਵੀਂ, ਪੰਜਾਬੀ ਯੂਨੀਵਰਸਿਟੀ ਪਟਿਆਲਾ ,2012 ,ਪੰਨੇ 116-123
ਡਾ. ਚਰਨਜੀਤ ਸਿੰਘ ਗੁਮਟਾਲਾ, ਵਟਸ ਐਪ 91-9417533060, 001 937 5739812(ਯੂ ਐਸ ਏ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly