ਫੈਸ਼ਨ

ਜਸਵਿੰਦਰ ਪੰਜਾਬੀ
         (ਸਮਾਜ ਵੀਕਲੀ)    
 ਛੋਟੇ ਹੁੰਦਿਆਂ ਮੇਰੀ,ਮੇਰੀਆਂ ਵੱਡੀਆਂ ਭੈਣਾਂ ਨਾਲ਼ ਬੜੀ ਜਿਦ-ਬਹਿਸ ਹੋਣੀ। ਓਹਨਾਂ ਕਹਿਣਾ,”ਮੁੰਡੇ,ਕੁੜੀਆਂ ਦੀ ਰੀਸ ਕਰਦੇ ਨੇ।”

ਮੈਂ ਕਹਿਣਾ,”ਕੁੜੀਆਂ,ਮੁੰਡਿਆਂ ਦੀ ਰੀਸ ਕਰਦੀਆਂ ਨੇ।”
     ਉਦੋਂ,ਕੋਈ ਨਵਾਂ ਫੈਸ਼ਨ ਆਉਣਾ ਤਾਂ ਪਹਿਲਾਂ ਸ਼ਹਿਰਾਂ ਵਿੱਚ ਆਉਣਾ,ਫੇਰ ਪਿੰਡਾਂ ਵਿੱਚ। ਕਈ ਵਾਰ ਤਾਂ ਇਹ ਹੁੰਦਾ ਕਿ ਕੋਈ ਨਵਾਂ ਆਇਆ ਫੈਸ਼ਨ ਲੰਘ ਜਾਣਾ ਤੇ ਓਹਦੀ ਥਾਂ ਹੋਰ ਆ ਜਾਣਾ,ਪਰ ਪਿੰਡਾਂ ਵਾਲ਼ੇ ਅਜੇ ਪਹਿਲੇ ਨੂੰ ਦਬਕੱਲੀਂ ਫਿਰਦੇ।
       ਸਾਡੇ ਪਿੰਡ ਦੇ ਅੱਠ-ਦਸ ਮੁੰਡਿਆਂ ਨੇ ਰਲ਼ ਕੇ ਇੱਕ ਨਵਾਂ ਫੈਸ਼ਨ ਚਲਾਉਣਾ ਚਾਹਿਆ,ਜੋ ਬੁਰੀ ਤਰ੍ਹਾਂ ਫਲਾਪ ਹੋ ਗਿਆ। ਓਹਨਾਂ ਨੇ ਚਿੱਟੇ ਪਜਾਮੇ ਨਾਲ਼ ਫੁੱਲ-ਬੂਟੀਆਂ ਵਾਲ਼ਾ ਔਰਤਾਂ ਵਾਲ਼ਾ ਕੁੜਤਾ ਸਿਵਾ ਲਿਆ। ਓਹਨਾਂ ਵਿੱਚੋਂ ਚਾਰ-ਪੰਜ ਤਾਂ ਵਧੀਆ ਘਰਾਂ ਵਿੱਚੋਂ ਸਨ,ਜਿਨ੍ਹਾਂ ਨੇ ਬਜਾਰੋਂ ਖਰੀਦ ਕਰਕੇ ਆਹ ਫੈਸ਼ਨ ਚਲਾ ਲਿਆ। ਕੁਝ ਨੇ ਆਪਣੇ ਘਰਾਂ ਵਿੱਚ ਘੁਰਕੀ ਦੇ ਕੇ,ਘਰੋਂ ਜਨਾਨੀਆਂ ਦਾ ਸੂਟ ਕੱਟ-ਵੱਢ ਕਰਤਾ। ਦੋ ਅਜਿਹੇ ਸਨ,ਜਿਹੜੇ ਘਰੋਂ ਚੋਰੀ ਕਰਕੇ ਸੂਟ ਲੈ ਗਏ। ਇਹਨਾਂ ‘ਚੋਂ ਇੱਕ ਮੁੰਡਾ ਪੰਜ ਕੁੜੀਆਂ ਬਾਅਦ ਜੰਮਿਆ ਸੀ। ਓਹਦੀ ਮਾਂ ਕਹੇ,”ਭੈਣ ਦੇ ਖਸਮ ਨੂੰ ਪੰਜਾਂ ਕੁੜੀਆਂ ਬਾਅਦ ਪੀਰਾਂ ਫਕੀਰਾਂ ਤੋਂ ਮੰਗ ਕੇ ਮਸੀਂ ਲਿਆ ਤੀ। ਹੁਣ ਇਹ ਵੀ ਜਨਾਨੜਾ ਬਣਿਆ ਫਿਰਦਾ।”
ਦੂਸਰੀ ਦਾ ਆਪਣਾ ਦੁੱਖ ਬੋਲ ਰਿਹਾ ਸੀ। ਓਸਦੇ ਭਰਾ-ਭਰਜਾਈ ਨੇ ਰੱਖੜੀਆਂ ਉੱਤੇ ਫੁੱਲ-ਬੂਟੀਆਂ ਵਾਲ਼ਾ ਮਹਿੰਗਾ ਸੂਟ ਦਿੱਤਾ ਸੀ। ਉਸਦਾ ਮੁੰਡਾ ਓਹੀ ਸੂਟ ਚੋਰੀ ਕਰਕੇ ਲੈ ਗਿਆ। ਜੋ ਬਚਾਅ ਕੇ ਲਿਆਇਆ,ਓਹ ਸਿਰਫ਼ ਸਲਵਾਰ ਦਾ ਕੱਪੜਾ ਸੀ,ਜੋ ਕਿਸੇ ਕੰਮ ਨਹੀਂ ਸੀ। ਓਹ ਕਹੇ,”ਨੀ ਮੇਰੇ ਭਰਾ-ਭਰਜਾਈ ਨੇ ਐਨਾ ਮਹਿੰਗਾ,ਡੀਚੈਨਾ ਦਾ ਸੂਟ ਦਿੱਤਾ ਸੀ।…ਕਲੱਛਣੇ ਨੇ ਪੱਟੀ ਮੇਸ ਕਰਤੀ ਸੂਟ ਦੀ।”
      ਮੇਰੇ ਵਰਗੇ ਸੱਤਾਂ-ਅੱਠਾਂ ਨੂੰ ਘਰੋਂ ਛਿੱਤਰ ਪਰੇਟ ਦਾ ਡਰ ਸੀ। ਅਸੀਂ “ਮੀਟਿੰਗ” ਕਰਕੇ,ਨਵੇਂ ਫੈਸ਼ਨ ਵਾਲਿਆਂ ਦਾ ਨਾਂ,”ਕੁੜਤੀਆਂ ਵਾਲ਼ੇ” ਰਖਤਾ। ਸ਼ੁਰੂ-ਸ਼ੁਰੂ ਵਿੱਚ ਓਹਨਾਂ ਰੋਜ਼ਾਨਾ ਨਵਾਂ ਫੈਸ਼ਨ ਬੜਾ ਘੜਸ਼ੱਲਿਆ। ਫੇਰ “ਕੁੜਤੀਆਂ ਵਾਲ਼ਿਆਂ” ਦੀ ਚਿੜ ਤੋਂ ਦੁਖੀ ਹੋ ਕੇ ਲਾਂਭੇ ਕਰਤਾ ਨਵਾਂ ਫੈਸ਼ਨ।
       ਆਹ ਜਦੋਂ ਮੁੰਡਿਆਂ ਵੱਲੋਂ ਸ਼ਾਲ ਜਿਹੇ ਲੈਣ ਦਾ ਰਿਵਾਜ਼ ਚੱਲਿਆ-ਚੱਲਿਆ ਸੀ, ਤਾਂ ਇੱਕ ਫੇਸਬੁਕੀਆ ਇੱਕ ਸਾਹਿਤਕ ਪ੍ਰੋਗਰਾਮ ਵਿੱਚ ਸ਼ਾਲ ਲਈਂ ਫਿਰੇ। ਸੱਚ ਦੱਸਾਂ ਮੈਨੂੰ ਤਾਂ ਪਛਾਣ ਜਿਹੀ ਨਹੀਂ ਸੀ। ਇੱਕ ਬੀਬੀ ਓਧਰ ਨਿਸ਼ਾਨਾ ਸੇਧ ਕੇ ਮੈਨੂੰ ਬੋਲੀ,”ਪੰਜਾਬੀ,ਅਹੁ ਦੇਖ ਓਏ,ਓਹ ਆਪਦੀ ਬੁੜ੍ਹੀ ਵਾਲ਼ਾ ਸ਼ਾਲ ਲਈਂ ਫਿਰਦਾ। ਇਹਨੂੰ ਐਂ ਨ੍ਹੀਂ ਪਤਾ ਕਿ ਮੁੰਡਿਆਂ ਵਾਲ਼ੇ ਸ਼ਾਲ ਹੋਰ ਸਟੈਲ ਦੇ ਨੇ।” ਮੈਂ ਕਿੱਥੇ ਰੁਕਣ ਵਾਲ਼ਾ ਸੀ। ਆਪਾਂ ਇਸ ਮੁਫ਼ਤ ਮਿਲੇ ਗਿਆਨ ਦਾ ਭਰਪੂਰ ਫਾਇਦਾ ਉਠਾਇਆ। ਓਹ ਪੰਜ ਛੇਆਂ ਕੋਲ਼ ਖੜ੍ਹਾ ਸੀ। ਮੈੰ ਕਿਹਾ,”ਬੈਹਵਤੀਆ,ਆਹ ਸ਼ਾਲ ਬੁੜ੍ਹੀ ਵਾਲ਼ਾ ਚੱਕ ਲਿਆਇਆ! ਤੈਨੂੰ ਐਨਾ ਵੀ ਨ੍ਹੀਂ ਪਤਾ,ਬੀ ਮੁੰਡਿਆਂ ਆਲ਼ਾ ਫੈਸ਼ਨ ਅਲੱਗ ਆ?” ਓਹ ਬੜੀ ਬਸ਼ਰਮਗੀ ਮੰਨੇ।
ਜਸਵਿੰਦਰ ਪੰਜਾਬੀ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੋਹ
Next articleਕਾਸ਼! ਅਸੀਂ ਪੰਛੀ ਹੁੰਦੇ