ਬਾਘਾਪੁਰਾਣਾ/ਭਲੂਰ (ਬੇਅੰਤ ਗਿੱਲ) 14 ਮਾਰਚ ਨੂੰ ਦਿੱਲੀ ਦੇ ਰਾਮ ਲੀਲਾ ਗਰਾਉਂਡ ਵਿੱਚ ਹੋਣ ਵਾਲੀ ਰਾਸ਼ਟਰ- ਪੱਧਰੀ ਕਿਸਾਨ-ਮਜ਼ਦੂਰ ਮਹਾਂ-ਪੰਚਾਇਤ ਲਈ ਕਿਸਾਨ ਲੀਡਰਾਂ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਅਤੇ ਇੱਥੇ ਵੱਡੇ ਪੱਧਰ ‘ਤੇ ਵਿਸ਼ਾਲ ਮਹਾਂ ਪੰਚਾਇਤ ਹੋਣ ਜਾ ਰਹੀ ਹੈ। ਇਸ ਮਹਾਂਪੰਚਾਇਤ ਵਿਚ ਕਿਸਾਨ ਯੂਨੀਅਨ ਕਾਦੀਆਂ ਬਲਾਕ ਬਾਘਾਪੁਰਾਣਾ ਦਾ ਵੱਡਾ ਜੱਥਾ ਸ਼ਮੂਲੀਅਤ ਕਰੇਗਾ। ਪਿੰਡ ਭਲੂਰ ਦੇ ਕਾਦੀਆਂ ਗਰੁੱਪ ਦੇ ਪ੍ਰਧਾਨ ਅਮਰਜੀਤ ਸਿੰਘ ਜਟਾਣਾ ਦੀ ਅਗਵਾਈ ਹੇਠ ਹੋਈ ਭਰਵੀਂ ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਬਲਾਕ ਪ੍ਰਧਾਨ ਮੇਜਰ ਸਿੰਘ ਘੋਲੀਆ ਅਤੇ ਬਲਾਕ ਦੇ ਅਹਿਮ ਨੁਮਾਇੰਦੇ ਮੁਕੰਦ ਕਮਲ ਹੋਰਾਂ ਨੇ ਕਿਹਾ ਕਿ ਕਿਸਾਨੀ ਮੰਗਾਂ ਦੇ ਹੱਲ ਲਈ ਮਿਤੀ 13 ਮਾਰਚ ਨੂੰ ਹੀ ਵੱਡੇ ਪੱਧਰ ‘ਤੇ ਕਿਸਾਨ ਭਰਾਵਾਂ ਨੇ ਦਿੱਲੀ ਨੂੰ ਵਹੀਰਾਂ ਘੱਤ ਲਈਆਂ ਹਨ, ਇਹ ਵਹੀਰਾਂ ਹੀ ਫਸਲਾਂ ਨਸਲਾਂ ਨੂੰ ਬਚਾਉਣ ਦਾ ਰਸਤਾ ਹੈ। ਉਨ੍ਹਾਂ ਕਿਸਾਨ ਯੂਨੀਅਨ ਕਾਦੀਆਂ ਦੀ ਸਮੁੱਚੀ ਲੀਡਰਸ਼ਿਪ ਦੀ ਤਰਫੋਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਸੀਂ ਸਭ ਨੇ ਏਕਤਾ ਅਤੇ ਸਿਆਣਪ ਨੂੰ ਬਰਕਰਾਰ ਰੱਖਣਾ ਹੈ। ਸਹਿਜਤਾ ਅਤੇ ਠਰੰਮ੍ਹਾ ਹੀ ਮੰਜ਼ਿਲ ਦਾ ਅਸਲ ਤੇ ਮਜ਼ਬੂਤ ਰਾਹ ਹੈ। ਇਸੇ ਤਰ੍ਹਾਂ ਇੱਥੇ ਹਾਜ਼ਿਰ ਨੌਜਵਾਨ ਕਿਸਾਨ ਆਗੂ ਨਿਰਮਲ ਸਿੰਘ ਵਿਰਕ, ਪ੍ਰਧਾਨ ਅਮਰਜੀਤ ਸਿੰਘ ਜਟਾਣਾ ਅਤੇ ਜੱਸੀ ਰੋਡਿਆਂ ਵਾਲਾ ਨੇ ਕਿਹਾ ਕਿ ਕਿਸਾਨ ਯੂਨੀਅਨ ਕਾਦੀਆਂ ਬਲਾਕ ਬਾਘਾਪੁਰਾਣਾ ਨਾਲ ਜੁੜੇ ਕਿਸਾਨਾਂ ਨੇ ਅੱਜ 13 ਮਾਰਚ ਨੂੰ ਦਿੱਲੀ ਵੱਲ ਰਵਾਨਗੀ ਕਰ ਦੇਣੀ ਹੈ। ਇਸ ਬਾਬਤ ਸਾਰੀਆਂ ਤਿਆਰੀਆਂ ਪਹਿਲਾਂ ਹੀ ਮੁਕੰਮਲ ਹੋ ਚੁੱਕੀਆਂ ਹਨ। ਉਨ੍ਹਾਂ ਕਿਸਾਨ ਯੂਨੀਅਨ ਕਾਦੀਆਂ ਇਕਾਈ ਗਰੁੱਪ ਦੇ ਸਾਰੇ ਨੁਮਾਇੰਦਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਕੋਲ ਤਿਆਰ- ਬਰ- ਤਿਆਰ ਰਹਿਣ ਵਾਲੇ ਅਤੇ ਦਿਲ ਜਿਗਰੇ ਵਾਲੇ ਯੋਧੇ ਹਨ। ਇਸ ਮੌਕੇ ਰਾਮ ਸਿੰਘ ਬਰਾੜ, ਮਨਦੀਪ ਸਿੰਘ ਜਟਾਣਾ, ਲਾਇਕ ਸਿੰਘ ਭਲੂਰ, ਲੱਖਾ ਸਿੰਘ ਗਿੱਲ, ਪੀਤਾ ਗਿੱਲ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly