ਕਿਸਾਨਾਂ ਨੇ ਫਿਰੋਜ਼ਪੁਰ ’ਚ ਹਰਸਿਮਰਤ ਦਾ ਕਾਫ਼ਲਾ ਘੇਰਿਆ

ਫਿਰੋਜ਼ਪੁਰ (ਸਮਾਜ ਵੀਕਲੀ) : ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਫਿਰੋਜ਼ਪੁਰ ਫੇਰੀ ਦੌਰਾਨ ਅੱਜ ਕਿਸਾਨ ਆਗੂਆਂ ਤੇ ਕਾਂਗਰਸ ਆਗੂਆਂ ਨੇ ਵੱਖ-ਵੱਖ ਥਾਵਾਂ ’ਤੇ ਰੋਸ ਪ੍ਰਦਰਸ਼ਨ ਕੀਤਾ। ਹਰਸਿਮਰਤ ਦਾ ਕਾਫ਼ਲਾ ਜਦ ਸ਼ਹਿਰ ਦੇ ਦੇਵ ਸਮਾਜ ਕਾਲਜ ਨੇੜਿਓਂ ਲੰਘਿਆ ਤਾਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਮਹਿਮਾ ਦੀ ਅਗਵਾਈ ਵਿਚ ਇਕੱਤਰ ਹੋਏ ਕਿਸਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਵਰਦੇਵ ਸਿੰਘ ਨੋਨੀ ਮਾਨ ਦੀ ਫਾਰਚੂਨਰ ਗੱਡੀ ਰੋਕ ਲਈ। ਕੁਝ ਕਿਸਾਨ ਆਗੂ ਨੋਨੀ ਮਾਨ ਦੀ ਗੱਡੀ ਦੇ ਬੋਨਟ ਤੇ ਚੜ੍ਹ ਗਏ ਪਰ ਗੱਡੀ ਚਾਲਕ ਨੇ ਗੱਡੀ ਭਜਾ ਲਈ। ਗੁੱਸੇ ’ਚ ਆਏ ਕਿਸਾਨ ਆਗੂਆਂ ਨੇ ਗੱਡੀ ’ਤੇ ਹਮਲਾ ਕਰ ਦਿੱਤਾ ਤੇ ਗੱਡੀ ਦੇ ਸਾਰੇ ਸ਼ੀਸ਼ੇ ਭੰਨ੍ਹ ਦਿੱਤੇ। ਦੱਸਿਆ ਜਾਂਦਾ ਹੈ ਕਿ ਨੋਨੀ ਮਾਨ ਦੇ ਗੰਨਮੈਨਾਂ ਨੇ ਬਚਾਅ ਵਾਸਤੇ ਤਿੰਨ ਹਵਾਈ ਫਾਇਰ ਕੀਤੇ ਪਰ ਅਧਿਕਾਰਕ ਤੌਰ ’ਤੇ ਇਸ ਦੀ ਪੁਸ਼ਟੀ ਨਹੀਂ ਹੋ ਸਕੀ।

ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਮਹਿਮਾ ਦਾ ਦੋਸ਼ ਹੈ ਕਿ ਉਹ ਸ਼ਾਂਤਮਈ ਢੰਗ ਨਾਲ ਅਕਾਲੀ ਆਗੂਆਂ ਦਾ ਵਿਰੋਧ ਕਰ ਰਹੇ ਸਨ ਤੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਕੁਝ ਸਵਾਲ ਪੁੱਛਣਾ ਚਾਹੁੰਦੇ ਸਨ ਪਰ ਅਕਾਲੀ ਆਗੂਆਂ ਨੇ ਕਿਸਾਨਾਂ ਤੇ ਗੱਡੀ ਚੜ੍ਹਾ ਕੇ ਉਨ੍ਹਾਂ ਨੂੰ ਦਰੜਨ ਦੀ ਕੋਸ਼ਿਸ਼ ਕੀਤੀ, ਕਿਸਾਨਾਂ ਤੇ ਗੋਲੀਆਂ ਚਲਾਈਆਂ ਤੇ ਗੱਡੀ ਭਜਾ ਕੇ ਫ਼ਰਾਰ ਹੋ ਗਏ। ਸ਼ਹਿਰ ਦੇ ਮੱਖੂ ਗੇਟ ਇਲਾਕੇ ਵਿਚ ਵੀ ਕਾਂਗਰਸ ਪਾਰਟੀ ਦੇ ਆਗੂਆਂ ਨੇ ਹਰਸਿਮਰਤ ਬਾਦਲ ਦੇ ਕਾਫ਼ਲੇ ਨੂੰ ਕਾਲੀਆਂ ਝੰਡੀਆਂ ਵਿਖਾਈਆਂ। ਛਾਉਣੀ ਵਿਚ ਇੱਕ ਥਾਂ ’ਤੇ ਕਾਂਗਰਸ ਦੇ ਕੁਝ ਵਰਕਰਾਂ ਤੇ ਅਕਾਲੀਆਂ ਦਾ ਟਕਰਾਅ ਵੀ ਹੋਇਆ।

ਇਸ ਝਗੜੇ ਵਿਚ ਇੱਕ ਕਾਂਗਰਸ ਵਰਕਰ ਗੰਭੀਰ ਜ਼ਖ਼ਮੀ ਹੋਇਆ ਹੈ ਜਿਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਦੇਰ ਸ਼ਾਮ ਦਿਹਾਤੀ ਹਲਕੇ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਦੇ ਘਰ ਮੀਡੀਆ ਨਾਲ ਗੱਲਬਾਤ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਾਂਗਰਸੀ ਵਿਧਾਇਕ ਪਰਮਿੰਦਰ ਪਿੰਕੀ ਦੀ ਸ਼ਹਿ ਪ੍ਰਾਪਤ ਕਾਂਗਰਸੀ ਆਗੂਆਂ ਨੇ ਕਿਸਾਨਾਂ ਦਾ ਭੇਸ ਧਾਰ ਕੇ ਅਕਾਲੀ ਦਲ ਦੀ ਮੀਟਿੰਗ ਵਿਚ ਵਿਘਨ ਪਾਇਆ ਤੇ ਜੋਗਿੰਦਰ ਜਿੰਦੂ ਤੇ ਵਰਦੇਵ ਮਾਨ ਸਮੇਤ ਅਕਾਲੀ ਆਗੂਆਂ ’ਤੇ ਹਮਲਾ ਕੀਤਾ ਤੇ ਗੋਲੀਆਂ ਚਲਾਈਆਂ। ਹਰਸਿਮਰਤ ਬਾਦਲ ਨੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸ਼ਿਦਾ ਜਪਾਨ ਦੇ ਮੁੜ ਪ੍ਰਧਾਨ ਮੰਤਰੀ ਬਣੇ
Next article‘ਆਪ’ ਦੀ ਵਿਧਾਇਕ ਰੁਪਿੰਦਰ ਕੌਰ ਰੂਬੀ ਕਾਂਗਰਸ ਵਿੱਚ ਸ਼ਾਮਲ