ਨਵੀਂ ਦਿੱਲੀ (ਸਮਾਜ ਵੀਕਲੀ) : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਜਾਰੀ ਅੰਦੋਲਨ ਨੂੰ 10 ਮਹੀਨੇ ਤੋਂ ਵੱਧ ਦਾ ਸਮਾਂ ਹੋਣ ਅਤੇ ਹੋਰ ਮੰਗਾਂ ਲਈ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਅੱਜ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਨੂੰ ਉੱਤਰ ਤੋਂ ਲੈ ਕੇ ਦੱਖਣੀ ਭਾਰਤ ਦੇ ਕਈ ਰਾਜਾ ਤੱਕ ਭਰਵਾਂ ਹੁੰਗਾਰਾ ਮਿਲਿਆ। ਦੇਸ਼ ’ਚ 10 ਘੰਟਿਆਂ ਦੇ ਬੰਦ ਦੌਰਾਨ ਕਿਸਾਨਾਂ ਸਮੇਤ ਹੋਰ ਲੋਕਾਂ ਨੇ ਸੜਕਾਂ ਜਾਮ ਰੱਖੀਆਂ। ਬੰਦ ਕਾਰਨ ਸੜਕ ਅਤੇ ਰੇਲ ਆਵਾਜਾਈ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਈ। ਉਂਜ ਬੰਦ ਪੂਰੀ ਤਰ੍ਹਾਂ ਨਾਲ ਸ਼ਾਂਤਮਈ ਰਿਹਾ ਪਰ ਕਈ ਥਾਵਾਂ ’ਤੇ ਲੋਕਾਂ ਨੂੰ ਜ਼ਰੂਰ ਖੱਜਲ ਹੋਣਾ ਪਿਆ। ਸਵੇਰੇ 6 ਤੋਂ ਸ਼ਾਮ 4 ਵਜੇ ਤੱਕ ਦਿੱਤੇ ਗਏ ਬੰਦ ਦੇ ਸੱਦੇ ਨੂੰ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼ ਸਮੇਤ 23 ਤੋਂ ਵੱਧ ਰਾਜਾਂ ’ਚ ਜ਼ੋਰਦਾਰ ਹਮਾਇਤ ਮਿਲੀ।
ਮੋਰਚੇ ਵੱਲੋਂ ਇਸ ਤੋਂ ਪਹਿਲਾਂ 26 ਮਾਰਚ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਅਤੇ ਇਸ ਵਾਰ ਬੰਦ ਜ਼ਿਆਦਾ ਵਿਆਪਕ ਰਿਹਾ। ਮੋਰਚੇ ਵੱਲੋਂ ਦਾਅਵਾ ਕੀਤਾ ਗਿਆ ਕਿ ਆਂਧਰਾ ਪ੍ਰਦੇਸ਼, ਅਸਾਮ, ਬਿਹਾਰ, ਛੱਤੀਸਗੜ੍ਹ, ਗੁਜਰਾਤ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਝਾਰਖੰਡ, ਕੇਰਲਾ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉੜੀਸਾ, ਪਾਂਡੀਚੇਰੀ, ਰਾਜਸਥਾਨ, ਤਾਮਿਲਨਾਡੂ, ਤਿਲੰਗਾਨਾ, ਤ੍ਰਿਪੁਰਾ, ਉੱਤਰਾਖੰਡ ਅਤੇ ਪੱਛਮੀ ਬੰਗਾਲ ’ਚ ਵੀ ਥਾਂ-ਥਾਂ ’ਤੇ ਪ੍ਰਦਰਸ਼ਨ ਕੀਤੇ ਗਏ ਅਤੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਲਈ ਦਬਾਅ ਬਣਾਇਆ। ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਹੈ ਕਿ ਬੰਦ ਨੂੰ ਮਿਲੇ ਹੁੰਗਾਰੇ ਤੋਂ ਸਪੱਸ਼ਟ ਹੈ ਕਿ ਭਾਰਤ ਦੇ ਲੋਕ ਕਿਸਾਨਾਂ ਦੀਆਂ ਜਾਇਜ਼ ਮੰਗਾਂ ਅਤੇ ਕਈ ਖੇਤਰਾਂ ਵਿੱਚ ਲੋਕ ਵਿਰੋਧੀ ਨੀਤੀਆਂ ਪ੍ਰਤੀ ਮੋਦੀ ਸਰਕਾਰ ਦੇ ਅੜੀਅਲ, ਗੈਰ-ਵਾਜਬ ਅਤੇ ਹਉਮੈ ਭਰੇ ਰੁਖ ਤੋਂ ਥੱਕ ਗਏ ਹਨ
ਕਿਸਾਨ ਆਗੂ ਜਗਮੋਹਨ ਸਿੰਘ ਨੇ ਕਿਹਾ ਕਿ ਭਾਜਪਾ ਹਕੂਮਤ ਵਾਲੇ ਸੂਬਿਆਂ ਵਿੱਚ ਵੀ ਕਿਸਾਨਾਂ ਨੇ ਜ਼ਬਰਦਸਤ ਵਿਰੋਧ ਕੀਤਾ ਹੈ। ਬੰਦ ਨੂੰ ਮੋਰਚੇ ਵਿੱਚ ਸ਼ਾਮਲ 40 ਕਿਸਾਨ ਜਥੇਬੰਦੀਆਂ ਤੋਂ ਇਲਾਵਾ ਵੱਖ ਵੱਖ ਪਾਰਟੀਆਂ, ਮੁਲਾਜ਼ਮ ਜਥੇਬੰਦੀਆਂ, ਟਰਾਂਸਪੋਰਟ, ਟੈਕਸੀ, ਆਟੋ, ਬਾਰ ਐਸੋਸੀਏਸ਼ਨਾਂ, ਮਾਰਕਿਟ ਕਮੇਟੀਆਂ/ਸੰਸਥਾਵਾਂ ਅਤੇ ਵਪਾਰੀ ਸੰਗਠਨਾਂ ਦਾ ਸਮਰਥਨ ਹਾਸਲ ਸੀ। ਕਿਸਾਨਾਂ ਤੋਂ ਇਲਾਵਾ ਭਾਰਤ ਬੰਦ ਨੂੰ ਕਈ ਰਾਜਨੀਤਕ ਪਾਰਟੀਆਂ ਤੇ ਸਮਾਜਿਕ ਸੰਗਠਨਾਂ ਦਾ ਸਮਰਥਨ ਪ੍ਰਾਪਤ ਸੀ। ਆਲ ਇੰਡੀਆ ਕਿਸਾਨ ਫੈਡਰੇਸ਼ਨ ਨੇ ਰਾਜਸਥਾਨ, ਆਂਧਰਾ ਪ੍ਰਦੇਸ਼, ਤਿਲੰਗਾਨਾ, ਕੇਰਲਾ, ਬਿਹਾਰ ਅਤੇ ਪੱਛਮੀ ਬੰਗਾਲ ਵਿੱਚ ਵੀ ਬੰਦ ਨੂੰ ਸਫ਼ਲ ਬਣਾਉਣ ’ਚ ਯੋਗਦਾਨ ਪਾਇਆ। ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ, ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ ਅਤੇ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਸਮੇਤ ਕਈ ਟਰੇਡ ਯੂਨੀਅਨਾਂ ਨੇ ਕੋਚੀ ਵਿੱਚ ਮਨੁੱਖੀ ਲੜੀ ਬਣਾਈ।
ਟਰੇਡ ਯੂਨੀਅਨ ਆਗੂ ਅਮਰਜੀਤ ਕੌਰ ਨੇ ਕਿਹਾ ਕਿ ਮੋਰਚੇ ਦੇ ਭਾਰਤ ਬੰਦ ਨੂੰ ਜਤਨਕ ਖੇਤਰ ਦੀਆਂ ਬੈਂਕਾਂ ਦੀਆਂ ਸੰਸਥਾਵਾਂ, ਬੀਮਾ, ਤੇਲ, ਰੇਲਵੇ, ਹਵਾਈ ਅੱਡਿਆਂ ਦੇ ਮੁਲਾਜ਼ਮਾਂ ਤੇ ਹੋਰ ਕੰਮਕਾਜੀ ਜਮਾਤਾਂ ਵੱਲੋਂ ਭਰਪੂਰ ਸਮਰਥਨ ਦਿੱਤਾ ਗਿਆ ਹੈ। ਕਰਨਾਟਕ ਵਿੱਚ ਕਈ ਸੰਗਠਨਾਂ ਨੇ ਬੰਦ ਦਾ ਸਮਰਥਨ ਕਰਨ ਲਈ ਬੈਂਗਲੁਰੂ ਟਾਊਨ ਹਾਲ ਖੇਤਰ ਤੋਂ ਮੈਸੂਰ ਬੈਂਕ ਸਰਕਲ ਤੱਕ ਰੈਲੀ ਕੱਢੀ। ਕਿਸਾਨ ਆਗੂ ਯੋਗੇਂਦਰ ਯਾਦਵ ਨੇ ਇਕ ਟੀਵੀ ਚੈਨਲ ਨੂੰ ਦੱਸਿਆ ਕਿ ਬੰਦ ਨੂੰ ਭਰਪੂਰ ਸਮਰਥਨ ਮਿਲਿਆ ਹੈ ਅਤੇ ਕਈ ਸੂਬਿਆਂ ’ਚ ਕਿਸਾਨਾਂ ਦੇ ਨਾਲ ਨਾਲ ਹੋਰ ਜਥੇਬੰਦੀਆ ਨੇ ਇਸ ਨੂੰ ਸਫ਼ਲ ਬਣਾਇਆ। ਬੰਦ ਨੂੰ ਕਾਂਗਰਸ, ਆਮ ਆਦਮੀ ਪਾਰਟੀ, ਸਮਾਜਵਾਦੀ ਪਾਰਟੀ, ਤੇਲਗੂ ਦੇਸਮ, ਬਹੁਜਨ ਸਮਾਜ ਪਾਰਟੀ, ਖੱਬੇ ਪੱਖੀ ਪਾਰਟੀਆਂ, ਸਵਰਾਜ ਇੰਡੀਆ, ਵਾਈਐੱਸਆਰ ਕਾਂਗਰਸ ਆਦਿ ਪਾਰਟੀਆਂ ਨੇ ਹਮਾਇਤ ਦਿੱਤੀ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly