ਸ੍ਰੀ ਆਨੰਦਪੁਰ ਸਾਹਿਬ (ਸਮਾਜ ਵੀਕਲੀ): ਸੀਨੀਅਰ ਭਾਜਪਾ ਆਗੂ ਮਦਨ ਮੋਹਨ ਮਿੱਤਲ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਕੀਤੇ ਜਾ ਰਹੇ ਦੌਰਿਆਂ ਦਾ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਹਨ। ਇਸ ਤਹਿਤ ਅੱਜ ਪਿੰਡ ਰਾਮਪੁਰ ਜੱਜਰ ਵਿੱਚ ਕਿਸਾਨਾਂ ਨੇ ਮਦਨ ਮੋਹਨ ਮਿੱਤਲ ਦਾ ਘਿਰਾਓ ਕਰਦਿਆਂ ਜਬਰਦਸਤ ਵਿਰੋਧ ਕੀਤਾ। ਜ਼ਿਲ੍ਹਾ ਰੂਪਨਗਰ ਦੇ ਐੱਸਪੀ ਦੀ ਅਗਵਾਈ ਹੇਠ ਪਹੁੰਚੀ ਭਾਰੀ ਪੁਲੀਸ ਫੋਰਸ ਨੇ ਜਿੱਥੇ ਮਦਨ ਮੋਹਨ ਮਿੱਤਲ ਅਤੇ ਉਨ੍ਹਾਂ ਦੇ ਫਰਜ਼ੰਦ ਐਡਵੋਕੇਟ ਅਰਵਿੰਦ ਮਿੱਤਲ ਸਣੇ ਭਾਜਪਾ ਵਰਕਰਾਂ ਨੂੰ ਸਖਤ ਸੁਰੱਖਿਆ ਘੇਰੇ ’ਚ ਬਾਹਰ ਕੱਢਿਆ, ਉੱਥੇ ਹੀ ਇਸ ਦੌਰਾਨ ਮਿੱਤਲ ਦੇ ਕਾਫ਼ਲੇ ਵਾਲੀ ਗੱਡੀ ਹੇਠ ਇੱਕ ਕਿਸਾਨ ਦਾ ਪੈਰ ਵੀ ਆ ਗਿਆ।
ਜ਼ਿਕਰਯੋਗ ਹੈ ਕਿ ਕਿਸਾਨਾਂ ਨੇ ਮਿੱਤਲ ਦੇ ਪਿੰਡਾਂ ਦੇ ਦੌਰਿਆਂ ਦਾ ਵਿਰੋਧ ਕਰਨ ਲਈ ਪੂਰੀ ਨਾਕਾਬੰਦੀ ਕੀਤੀ ਹੋਈ ਸੀ ਅਤੇ ਦੁਪਹਿਰ ਤੋਂ ਹੀ ਦੋਵੇਂ ਧਿਰਾਂ ਦਰਮਿਆਨ ਲੁਕਣਮੀਡੀ ਦੀ ਖੇਡ ਚੱਲ ਰਹੀ ਸੀ। ਸ਼ਾਮ ਹੁੰਦਿਆਂ ਤੱਕ ਜਦੋਂ ਮਿੱਤਲ ਸਰਹੱਦੀ ਪਿੰਡ ਰਾਮਪੁਰ ਜੱਜਰ ਵਿੱਚ ਭਾਜਪਾ ਸਮਰਥਕ ਦੇ ਘਰ ਪਹੁੰਚੇ ਤਾਂ ਕਿਸਾਨਾਂ ਨੇ ਘਰ ਅੱਗੇ ਧਰਨਾ ਲਾ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਕਿਸਾਨਾਂ ਨੇ ਕੇਂਦਰ ਸਰਕਾਰ ਅਤੇ ਭਾਜਪਾ ਆਗੂਆ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਹਾਲਾਤ ਬੇਕਾਬੂ ਹੁੰਦੇ ਦੇਖ ਪੁਲੀਸ ਨੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਘੇਰਾ ਪਾ ਕੇ ਮਿੱਤਲ ਤੇ ਉਨ੍ਹਾਂ ਦੇ ਫਰਜ਼ੰਦ ਨੂੰ ਗੱਡੀਆਂ ਵਿੱਚ ਬਿਠਾ ਕੇ ਉੱਥੋਂ ਕੱਢਣਾ ਚਾਹਿਆ ਤਾਂ ਕਿਸਾਨ ਗੱਡੀਆਂ ਅੱਗੇ ਲੰਮੇ ਪੈ ਗਏ।
ਇਸੇ ਦੌਰਾਨ ਮਿੱਤਲ ਦੇ ਕਾਫ਼ਲੇ ਦੀ ਗੱਡੀ ਹੇਠ ਇੱਕ ਕਿਸਾਨ ਦਾ ਪੈਰ ਵੀ ਆ ਗਿਆ। ਕਿਸਾਨਾਂ ਦਾ ਪ੍ਰਦਰਸ਼ਨ ਭਖ਼ਣ ’ਤੇ ਪੰਜਾਬ ਪੁਲੀਸ ਨੂੰ ਸਖਤੀ ਕਰਨੀ ਪਈ ਅਤੇ ਪੁਲੀਸ ਨੇ ਕਿਸਾਨਾਂ ਨੂੰ ਧੂਹ ਕੇ ਖੇਤਾਂ ਵੱਲ ਸੁੱਟਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly