ਕਿਸਾਨਾਂ ਦੀ ਮਿਹਨਤ ਤੇ ਕੁਦਰਤ ਦੀ ਕਰੋਪੀ

ਬੇਮੌਸਮੀ ਬਾਰਿਸ਼ ਤੇ ਝੱਖੜ ਕਾਰਣ ਡਿੱਗੀ ਕਣਕ ਦੇ ਝਾੜ ਘੱਟਣ ਦਾ ਖਦਸ਼ਾ

ਮੁੱਖ ਮੰਤਰੀ ਵੱਲੋਂ 10 ਦਿਨਾਂ ਦੇ ਅੰਦਰ ਮੁਆਵਜ਼ਾ ਦੇਣ ਦੇ ਫੈਸਲੇ ਦਾ ਕਿਸਾਨਾਂ ਵੱਲੋਂ ਸਵਾਗਤ

ਕਪੂਰਥਲਾ (ਸਮਾਜ ਵੀਕਲੀ) (ਕੌੜਾ ) –ਭਾਰੀ ਬਰਸਾਤ ਅਤੇ ਤੇਜ਼ ਹਨ੍ਹੇਰੀ ਨੇ ਜਿੱਥੇ ਨੇ ਜਿੱਥੇ ਹਲਕਾ ਸੁਲਤਾਨਪੁਰ ਅੰਦਰ ਸਮੁੱਚੀ ਕਣਕ ਦੀ ਫ਼ਸਲ ਨੂੰ ਬੁਰੀ ਤਰ੍ਹਾਂ ਝੰਬਦਿਆਂ ਧਰਤੀ ਤੇ ਵਿੱਛਾ ਦਿੱਤਾ ਹੈ, ਉੱਥੇ ਹੀ ਹੁਣ ਕਿਸਾਨਾਂ ਨੂੰ ਕਣਕ ਦੇ ਦਾਣੇ ਦਾ ਰੰਗ ਬਦਲਣ ਅਤੇ ਪਾਣੀ ਵਿੱਚ ਡੁੱਬੇ ਬੂਟਿਆਂ ਦੇ ਗਲਣ ਦਾ ਡਰ ਪੈਦਾ ਹੋ ਗਿਆ ਹੈ।ਵੱਖ ਪਿੰਡਾਂ ਦੇ ਕਿਸਾਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਧਰਤੀ ਤੇ ਵਿੱਛ ਚੁੱਕੀ ਕਣਕ ਦੀ ਕਟਾਈ ਕਰਨਾ ਵੱਡੀ ਸਿਰਦਰਦੀ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਐਤਕੀਂ ਕਣਕ ਦੀ ਕਟਾਈ ਲਈ ਵੱਧ ਮਿਹਨਤ ਦੇਣੀ ਪਵੇਗੀ। ਪਿੰਡ ਬੂਲਪੁਰ ਦੇ ਕਿਸਾਨ ਰਣਜੀਤ ਸਿੰਘ ਥਿੰਦ , ਪੁਸ਼ਪਿੰਦਰ ਸਿੰਘ ਗੋਲਡੀ, ਕੁਲਦੀਪ ਸਿੰਘ ਭੀਲੋਵਾਲ, ਕੁਲਬੀਰ ਸਿੰਘ, ਹਰਬੰਸ ਸਿੰਘ ਕੌੜਾ, ਸੁਰਿੰਦਰ ਸਿੰਘ ਚੰਦੀ,ਦਰੀਏਵਾਲ ਦੇ ਸਰਪੰਚ ਅਵਤਾਰ ਸਿੰਘ ਲਾਡੀ ਨੇ ਦੱਸਿਆ ਕਿ ਬੁਰੀ ਤਰ੍ਹਾਂ ਝੰਬੀ ਹੋਈ ਕਣਕ ਤੋਂ ਤੂੜੀ ਤਿਆਰ ਕਰਨ ਸਮੇਂ ਵੱਡੀ ਦਿੱਕਤ ਆਵੇਗੀ ਅਤੇ ਤੂੜੀ ਵੀ ਸਾਫ਼ ਨਹੀਂ ਬਣੇਗੀ।

ਹਲਕੇ ਦੇ ਪਿੰਡਾਂ ਕਾਲਰੂ,ਮੈਰੀਪੁਰ,ਵਾਟਾਂਵਾਲੀ,ਕਿਲੀਵਾੜਾ ,ਸੇਖਮਾਂਗਾ ਆਦਿ ਵਿੱਚ ਕਈ ਥਾਵਾਂ ਤੇ ਕਣਕ ਦੇ ਖੇਤਾਂ ਵਿੱਚ ਪਾਣੀ ਖੜ੍ਹਾ ਨਜ਼ਰ ਆ ਰਿਹਾ ਸੀ। ਇਨਾਂ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਇਹ ਜ਼ਮੀਨਾਂ ਕਰਲਾਠੀਆਂ ਹੋਣ ਕਰਕੇ ਪਾਣੀ ਘੱਟ ਜੀਰਦੀਆਂ ਹਨ।ਖੇਤ ਜ਼ਿਆਦਾ ਦੇਰ ਤੱਕ ਗਿੱਲੇ ਰਹਿਣ ਕਰਕੇ ਇੱਥੇ ਕਟਾਈ ਸਮੇਂ ਦਿੱਕਤ ਆਵੇਗੀ।ਮੰਡ ਖੇਤਰ ਦੇ ਉੱਘੇ ਕਿਸਾਨ ਜਥੇਦਾਰ ਗੁਰਜੰਟ ਸਿੰਘ ਸੰਧੂ ਨੇ ਕਿਹਾ ਕਿ ਹਲਕੇ ਅੰਦਰ 100 ਫੀਸਦੀ ਕਣਕ ਧਰਤੀ ਉੱਪਰ ਵਿੱਛ ਚੁੱਕੀ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜ਼ਲਦ ਤੋਂ ਜ਼ਲਦ ਗਿਰਦਾਵਰੀ ਕਰਵਾਈ ਜਾਵੇ ਅਤੇ ਘੱਟੋ ਘੱਟ 25000 ਹਜ਼ਾਰ ਪ੍ਰਤੀ ਏਕੜ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।

ਉੱਧਰ ਹਲਕੇ ਦੇ ਕਿਸਾਨਾਂ ਨੰਬਰਦਾਰ ਸਵਰਨ ਸਿੰਘ ਰਾਮਪੁਰ ਜਗੀਰ, ਹਲਕੇ ਦੇ ਸੀਨੀਅਰ ਆਗੂ ਅਤੇ ਕਿਸਾਨ ਨਰਿੰਦਰ ਸਿੰਘ ਖਿੰਡਾ, ਰਜਿੰਦਰ ਸਿੰਘ ਜੈਨਪੁਰ, ਰੇਸ਼ਮ ਸਿੰਘ ਕੋਲੀਆਂਵਾਲ, ਜਸਵਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਹਫ਼ਤੇ ਦੇ ਅੰਦਰ ਸਪੈਸ਼ਲ ਗਿਰਦਾਵਰੀ ਕਰਵਾਉਣ ਅਤੇ 75 ਫ਼ੀਸਦੀ ਤੋਂ ਜਿਆਦਾ ਖ਼ਰਾਬ ਹੋਣ ਵਾਲੀ ਕਣਕ ਤੇ ਹੋਰ ਫਸਲਾਂ ਨੂੰ 15000 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦਿੱਤੇ ਜਾਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਆਗੂਆਂ ਨੇ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਉਨ੍ਹਾਂ ਦੇ ਨੁਕਸਾਨ ਦੀ ਕਾਫੀ ਹੱਦ ਤੱਕ ਭਰਪਾਈ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਐਲਾਨ ਨਾਲ ਕਿਸਾਨਾਂ ਦੇ ਚਿਹਰਿਆਂ ਤੇ ਰੌਣਕ ਆ ਗਈ ਹੈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੈੱਡ ਟੀਚਰ ਤੋਂ ਪਦ ਉੱਨਤ ਹੋ ਕੇ ਬਤੌਰ ਸੈਂਟਰ ਹੈਡ ਟੀਚਰ ਬਣਨ ਤੇ ਸੰਤੋਖ਼ ਸਿੰਘ ਮੱਲ੍ਹੀ ਸਨਮਾਨਿਤ
Next articleਗੱਡੀ ਦਾ ਸਫ਼ਰ ਹਾਸ-ਵਿੰਅਗ