ਮੋਗਾ (ਸਮਾਜ ਵੀਕਲੀ) (ਬੇਅੰਤ ਗਿੱਲ ਭਲੂਰ) ਪੰਜਾਬ ਸਰਕਾਰ ਵੱਲੋਂ ਝੋਨੇ ਦੀ ਵੱਧ ਪਾਣੀ ਲੈਣ ਵਾਲੀ ਕਿਸਮ ਪੂਸਾ-44 ਅਤੇ ਝੋਨੇ ਦੇ ਹਾਈਬ੍ਰਿਡ ਬੀਜਾਂ ਦੀ ਵਿਕਰੀ ਤੇ ਪਾਬੰਦੀ ਲਗਾਈ ਗਈ ਹੈ ਅਤੇ ਇਹਨਾ ਕਿਸਮਾਂ ਦੀ ਖ੍ਰੀਦ ਨਾ ਕਰਨ ਦਾ ਐਲਾਨ ਕੀਤਾ ਹੋਇਆ ਹੈ।ਇਸ ਦੇ ਮੱਦੇਨਜ਼ਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਇਹਨਾ ਕਿਸਮਾਂ ਦੀ ਕਾਸ਼ਤ ਨਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਬਲਾਕ ਖੇਤੀਬਾੜੀ ਅਫ਼ਸਰ ਡਾ ਨਵਦੀਪ ਸਿੰਘ ਜੌੜਾ ਦੀ ਅਗਵਾਈ ਵਿਚ ਬਲਾਕ ਬਾਘਾਪੁਰਾਣਾ ਦੇ ਵੱਖ-ਵੱਖ ਪਿੰਡਾਂ ਵਿੱਚ ਕਿਸਾਨ ਸਿਖਲਾਈ ਕੈਂਪ, ਸੋਸ਼ਲ ਮੀਡੀਆ, ਪਿੰਡਾਂ ਵਿੱਚ ਦਿੱਤੇ ਜਾ ਰਹੇ ਹੋਕੇ ਅਤੇ ਕਿਸਾਨਾਂ ਨਾਲ ਨਿੱਜੀ ਸੰਪਰਕ ਰਾਹੀਂ ਹਰਵਿੰਦਰ ਸਿੰਘ (ਅਸਿਸਟੈਂਟ ਟੈਕਨਾਲੋਜੀ ਮੈਨੇਜਰ),ਪਵਨ ਕੁਮਾਰ (ਏ.ਐਸ.ਆਈ)ਅਤੇ ਪਰਮਜੀਤ ਸਿੰਘ (ਬੇਲਦਾਰ) ਆਧਾਰਿਤ ਟੀਮ ਵੱਲੋਂ ਕਿਸਾਨਾਂ ਨੂੰ ਵੱਧ ਪਾਣੀ ਲੈਣ ਵਾਲੀ ਕਿਸਮ ਪੂਸਾ-44 ਨਾ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਜਿਥੇ ਇਹ ਕਿਸਮ ਵੱਧ ਪਾਣੀ ਲੈਂਦੀ ਹੈ, ਓਥੇ ਇਸ ਦੀ ਪਰਾਲੀ ਜ਼ਿਆਦਾ ਹੋਣ ਕਾਰਨ ਅੱਗ ਦੀਆ ਘਟਨਾਵਾਂ ਵਿੱਚ ਵਾਧਾ ਹੁੰਦਾ ਹੈ।ਉਹਨਾਂ ਦੱਸਿਆ ਕਿ ਝੋਨੇ ਦੀਆ ਪੀ.ਆਰ ਕਿਸਮਾਂ ਪੱਕਣ ਲਈ ਘੱਟ ਸਮਾਂ ਲੈਂਦੀਆ ਹਨ, ਜਿਸ ਨਾਲ ਧਰਤੀ ਹੇਠਲੇ ਪਾਣੀ ਦੀ ਬੱਚਤ ਹੁੰਦੀ ਹੈ।ਇਸ ਦੇ ਨਾਲ ਹੀ ਇਹਨਾ ਕਿਸਮਾਂ ਦੀ ਪਰਾਲੀ ਘੱਟ ਹੋਣ ਕਾਰਨ, ਪਰਾਲੀ ਨੂੰ ਸਾਂਭਣਾ ਆਸਾਨ ਹੁੰਦਾ ਹੈ ਅਤੇ ਅੱਗ ਲੱਗਣ ਦੀਆ ਘਟਨਾਵਾਂ ਵਿੱਚ ਗਿਰਾਵਟ ਆਉਂਦੀ ਹੈ।ਘੱਟ ਸਮਾਂ, ਘੱਟ ਕੀਟਨਾਸ਼ਕਾਂ ਦੀ ਵਰਤੋਂ, ਘੱਟ ਖਾਦਾਂ ਦੀ ਵਰਤੋਂ ਕਾਰਨ ਪੀ.ਆਰ ਕਿਸਮਾਂ ਨਾਲ ਖੇਤੀ ਖਰਚ ਘਟਦਾ ਹੈ ਅਤੇ ਕਿਸਾਨਾਂ ਦਾ ਮੁਨਾਫ਼ਾ ਵਧਦਾ ਹੈ।ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਪੰਜਾਬ ਦੇ ਵੱਡਮੁੱਲੇ ਹਿੱਤਾਂ ਖਾਤਰ ਪੂਸਾ-44 ਕਿਸਮ ਦੀ ਕਾਸ਼ਤ ਨਾ ਕਰਨ ਦੀ ਸਲਾਹ ਦਿੰਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



