ਸਿੱਧੂ ਦੀ ਫੇਰੀ ਮੌਕੇ ਕਿਸਾਨਾਂ ਤੇ ਠੇਕਾ ਮੁਲਾਜ਼ਮਾਂ ਵੱਲੋਂ ਰੋਸ ਮੁਜ਼ਾਹਰਾ

ਮੋਗਾ (ਸਮਾਜ ਵੀਕਲੀ): ਇੱਥੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਫੇਰੀ ਦੌਰਾਨ ਕਿਸਾਨਾਂ ਅਤੇ ਠੇਕਾ ਮੁਲਾਜ਼ਮਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਕਾਲੀਆਂ ਝੰਡੀਆਂ ਨਾਲ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਰੋਹ ’ਚ ਆਏ ਕਿਸਾਨਾਂ ਤੇ ਠੇਕਾ ਮੁਲਾਜ਼ਮਾਂ ਨੇ ਪੁਲੀਸ ਨਾਲ ਧੱਕਾ-ਮੁੱਕੀ ਕਰਦਿਆਂ ਬੈਰੀਕੇਡ ਤੋੜ ਦਿੱਤੇ। ਵੱਡੀ ਗਿਣਤੀ ’ਚ ਤਾਇਨਾਤ ਪੁਲੀਸ ਨੇ ਉਨ੍ਹਾਂ ਨੂੰ ਅੱਗੇ ਨਹੀਂ ਵੱਧਣ ਦਿੱਤਾ ਤਾਂ ਕਿਸਾਨਾਂ ਨੇ ਉਥੇ ਹੀ ਧਰਨਾ ਲਗਾ ਦਿੱਤਾ ਜਿਸ ਕਾਰਨ ਸਿੱਧੂ ਨਿਰਧਾਰਤ ਸਮੇਂ ਤੋਂ ਕਰੀਬ ਇੱਕ ਘੰਟਾ ਦੇਰੀ ਨਾਲ ਸਮਾਗਮ ’ਚ ਪੁੱਜੇ।

ਕਿਰਤੀ ਕਿਸਾਨ ਯੂਨੀਅਨ ਦੇ ਆਗੂ ਚਮਕੌਰ ਸਿੰਘ ਰੋਡੇਖੁਰਦ, ਬਿੰਦਰ ਤਖਾਣਵੱਧ ਤੇ ਹੋਰ ਕਿਸਾਨਾਂ ਨੂੰ ਪੁਲੀਸ ਵੱਲੋਂ ਹਿਰਾਸਤ ਵਿੱਚ ਲੈਣ ਤੋਂ ਮਾਹੌਲ ਤਣਾਅ ਪੂਰਨ ਹੋ ਗਿਆ। ਕਿਸਾਨਾਂ ਦੇ ਵਿਰੋਧ ਕਰਨ ’ਤੇ ਹਿਰਾਸਤ ਵਿਚ ਲਏ ਗਏ ਕਿਸਾਨਾਂ ਨੂੰ ਰਿਹਾਅ ਕੀਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੇ ਸੰਸਦ ਮੈਂਬਰਾਂ ਨੂੰ ਵ੍ਹਿਪ ਜਾਰੀ ਕੀਤੀ ਸੀ ਕਿ ਪੰਜਾਬ ਦੇ ਜਿੰਨੇ ਵੀ ਸੰਸਦ ਮੈਂਬਰ ਹਨ ਉਹ ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਤਿੰਨ ਕਾਨੂੰਨਾਂ ਦਾ ਮੁੱਦਾ ਚੁੱਕਣ ਪਰ ਇਨ੍ਹਾਂ ਕਾਂਗਰਸੀ ਲੀਡਰਾਂ ਨੇ ਸੰਸਦ ’ਚ ਬੋਲਣ ਦੀ ਥਾਂ ਪੰਜਾਬ ਵਿੱਚ ਚੋਣਾਂ ਨੂੰ ਮਹੱਤਵ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਹੈ ਕਿ ਜਿੰਨਾ ਚਿਰ ਲੋਕ ਅੰਦੋਲਨ ਚੱਲ ਰਿਹਾ ਹੈ, ਉਨ੍ਹਾਂ ਚਿਰ ਹਰ ਪਾਰਟੀ ਦੇ ਲੀਡਰ ਦਾ ਇਸੇ ਤਰ੍ਹਾਂ ਵਿਰੋਧ ਕੀਤਾ ਜਾਵੇਗਾ।

ਇਸ ਰੋਸ ਮੁਜ਼ਾਹਰੇ ’ਚ ਜਸਮੇਲ ਸਿੰਘ, ਜਗਰੂਪ ਸਿੰਘ, ਕੁਲਵੰਤ ਸਿੰਘ, ਸਿਕੰਦਰ ਸਿੰਘ, ਗੁਰਦੀਪ ਸਿੰਘ ਰਾਉਕੇ, ਬਲਕਰਨ ਸਿੰਘ, ਬੱਬੂ ਸਿੰਘ ਮੱਲੇਆਣਾ, ਬਲਦੇਵ ਸਿੰਘ, ਬੂਟਾ ਸਿੰਘ ਲੋਪੋ, ਚਮਕੌਰ ਢੁੱਡੀਕੇ, ਦਵਿੰਦਰ ਤਖਾਣਵੱਧ, ਊਧਮ ਸਿੰਘ ਬੁੱਘੀਪੁਰਾ, ਦਲਜੀਤ ਸਿੰਘ ਪੰਡੋਰੀ ਧਰਮਕੋਟ, ਸਰਬਣ ਲੰਡੇ, ਮਹਿਲਾ ਵਿੰਗ ਦੀ ਆਗੂ ਛਿੰਦਰਪਾਲ ਕੌਰ, ਜਗਵਿੰਦਰ ਕੌਰ ਰਾਜਿਆਣਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ, ਔਰਤਾਂ, ਨੌਜਵਾਨ ਤੇ ਮਜ਼ਦੂਰ ਸ਼ਾਮਲ ਸਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਮੇਧ ਸੈਣੀ ਦੀ ਜ਼ਮਾਨਤ ਅਰਜ਼ੀ ’ਤੇ ਫ਼ੈਸਲਾ ਰਾਖਵਾਂ
Next articleਸਿੱਧੂ ਦੀ ਫੇਰੀ ਮੌਕੇ ਪੁਲੀਸ ਤੇ ਮਹਿਲਾ ਅਧਿਆਪਕਾਂ ਵਿਚਾਲੇ ਝੜਪ