ਚੰਡੀਗੜ੍ਹ/ਪੰਚਕੂਲਾ (ਸਮਾਜ ਵੀਕਲੀ): ਕਰਨਾਲ (ਹਰਿਆਣਾ) ਦੇ ਬਸਤਾੜਾ ਟੌਲ ਪਲਾਜ਼ਾ ’ਤੇ ਲੰਘੇ ਦਿਨ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਵਿਰੋਧ ਕਰ ਰਹੇ ਕਿਸਾਨਾਂ ’ਤੇ ਪੁਲੀਸ ਵੱਲੋਂ ਕੀਤੇ ਲਾਠੀਚਾਰਜ ਦੀ ਘਟਨਾ ਤੋਂ ਬਾਅਦ ਦੇਰ ਰਾਤ ਕਿਸਾਨ ਸੁਸ਼ੀਲ ਕੁਮਾਰ (50) ਵਾਸੀ ਪਿੰਡ ਰਾਏਪੁਰ ਜਟਾਨ, ਜ਼ਿਲ੍ਹਾ ਕਰਨਾਲ ਦੀ ਮੌਤ ਹੋ ਗਈ। ਉਸ ਦੀ ਮ੍ਰਿਤਕ ਦੇਹ ਦਾ ਐਤਵਾਰ ਨੂੰ ਦੁਪਹਿਰ ਸਮੇਂ ਸਸਕਾਰ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਹਾਜ਼ਰ ਸਨ।
ਮ੍ਰਿਤਕ ਸੁਸ਼ੀਲ ਕੁਮਾਰ ਡੇਢ ਏਕੜ ਜ਼ਮੀਨ ਦਾ ਮਾਲਕ ਸੀ। ਉਸ ਦੇ ਘਰ ਵਿੱਚ ਇਕ ਲੜਕਾ ਅਤੇ ਇਕ ਲੜਕੀ ਹਨ। ਦੋਹਾਂ ਦਾ ਵਿਆਹ ਹੋ ਚੁੱਕਾ ਹੈ। ਸੁਸ਼ੀਲ ਕੁਮਾਰ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ 9 ਮਹੀਨਿਆਂ ਤੋਂ ਕਿਸਾਨ ਅੰਦੋਲਨ ਵਿੱਚ ਹਿੱਸਾ ਲੈਂਦਾ ਆ ਰਿਹਾ ਸੀ ਅਤੇ ਬਸਤਾੜਾ ਟੌਲ ਪਲਾਜ਼ਾ ’ਤੇ ਪੁਲੀਸ ਲਾਠੀਚਾਰਜ ਸਮੇਂ ਵੀ ਹਾਜ਼ਰ ਸੀ। ਉਸ ਨੂੰ ਪੁਲੀਸ ਨੇ ਕਈ ਡਾਂਗਾ ਮਾਰੀਆਂ ਸਨ।
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਬੈਂਸ ਨੇ ਕਿਹਾ ਕਿ ਲਾਠੀਚਾਰਜ ਤੋਂ ਬਾਅਦ ਸੁਸ਼ੀਲ ਕੁਮਾਰ ਘਰ ਚਲਾ ਗਿਆ ਸੀ ਤੇ ਦੇਰ ਰਾਤ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਸ ਦੀ ਮੌਤ ਹੋ ਗਈ। ਕਿਸਾਨ ਆਗੂਆਂ ਨੇ ਪੀੜਤ ਪਰਿਵਾਰ ਲਈ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ।
ਕਿਸਾਨ ਜਥੇਬੰਦੀਆਂ ਵੱਲੋਂ ਮੋਮਬੱਤੀ ਮਾਰਚ
ਕਰਨਾਲ ’ਚ ਪੁਲੀਸ ਲਾਠੀਚਾਰਜ ਤੋਂ ਬਾਅਦ ਫੌਤ ਹੋਏ ਕਿਸਾਨ ਸੁਸ਼ੀਲ ਕੁਮਾਰ ਨੂੰ ਸ਼ਰਧਾਂਜਲੀ ਦੇਣ ਲਈ ਕਿਸਾਨ ਜਥੇਬੰਦੀਆਂ ਨੇ ਹਿਸਾਰ ਵਿੱਚ ਕੈਂਡਲ ਮਾਰਚ ਕੀਤਾ ਤੇ ਪੁਲੀਸ ਕਾਰਵਾਈ ਦੀ ਨਿੰਦਾ ਕੀਤੀ। ਕਿਸਾਨ ਆਗੂਆਂ ਨੇ ਲਾਠੀਚਾਰਜ ਦਾ ਫ਼ਰਮਾਨ ਜਾਰੀ ਕਰਨ ਵਾਲੇ ਆਈਏਐੱਸ ਅਧਿਕਾਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly