‘ਉੱਡਣੇ ਸਿੱਖ’ ਨੂੰ ਨਮ ਅੱਖਾਂ ਨਾਲ ਵਿਦਾਇਗੀ

ਚੰਡੀਗੜ੍ਹ (ਸਮਾਜ ਵੀਕਲੀ): ‘ਉੱਡਣਾ ਸਿੱਖ’ ਵਜੋਂ ਮਕਬੂਲ ਮਹਾਨ ਅਥਲੀਟ ਮਿਲਖਾ ਸਿੰੰਘ ਨੂੰ ਅੱਜ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਮਿਲਖਾ ਸਿੰਘ ਦਾ ਇੱਥੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਹ ਮਹਾਨ ਫਰਾਟਾ ਦੌੜਾਕ ਪਿਛਲੇ ਕੁਝ ਦਿਨਾਂ ਤੋਂ ਕਰੋਨਾਵਾਇਰਸ ਤੇ ਇਸ ਤੋਂ ਬਾਅਦ ਪੈਦਾ ਹੋਏ ਹੋਰਨਾਂ ਸਰੀਰਕ ਵਿਗਾੜਾਂ ਨਾਲ ਲੜ ਰਿਹਾ ਸੀ। ਮਿਲਖਾ ਸਿੰਘ ਨੇ ਸ਼ੁੱਕਰਵਾਰ ਰਾਤ 11:30 ਵਜੇ ਦੇ ਕਰੀਬ ਪੀਜੀਆਈ ਵਿੱਚ ਆਖਰੀ ਸਾਹ ਲਏ। ਮਿਲਖਾ ਸਿੰਘ ਦੀ ਦੇਹ ਨੂੰ ਅੱਜ ਪਹਿਲਾਂ ਪੀਜੀਆਈ ਤੋਂ ਉਨ੍ਹਾਂ ਦੇ ਘਰ ਲਿਆਂਦਾ ਗਿਆ। ਉਸ ਮਗਰੋਂ ਫੁੱਲਾਂ ਨਾਲ ਸਜਾਏ ਵਾਹਨ ਵਿਚ ਮ੍ਰਿਤਕ ਦੇਹ ਨੂੰ ਇੱਥੋਂ ਦੇ ਸੈਕਟਰ 25 ਦੇ ਸ਼ਮਸ਼ਾਨ ਘਾਟ ਪਹੁੰਚਾਇਆ ਗਿਆ। ਸਸਕਾਰ ਮੌਕੇ ਸਿਆਸੀ ਅਤੇ ਖੇਡ ਜਗਤ ਦੀਆਂ ਹਸਤੀਆਂ ਹਾਜ਼ਰ ਸਨ।

ਪੰਜਾਬ ਪੁਲੀਸ ਦੀ 13ਵੀਂ ਬਟਾਲੀਅਨ ਦੇ ਕਮਾਂਡੈਂਟ ਜਤਿੰਦਰ ਸਿੰਘ ਖਹਿਰਾ ਤੇ ਡੀਐੱਸਪੀ ਸ਼ਾਮ ਸੁੰਦਰ, ਸੀਆਰਪੀਐੱਫ ਤੇ ਚੰਡੀਗੜ੍ਹ ਪੁਲੀਸ ਦੀ ਟੁਕੜੀ ਨੇ ਇੰਸਪੈਕਟਰ ਦਿਆ ਰਾਮ ਦੀ ਅਗਵਾਈ ਹੇਠ ਦੋ ਰਾਊਂਡ ਫਾਇਰ ਕਰ ਕੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ। ਪੰਜਾਬ ਦੇ ਰਾਜਪਾਲ ਵੀ.ਪੀ.ਸਿੰਘ ਬਦਨੌਰ ਤੇ ਕੇਂਦਰੀ ਖੇਡ ਰਾਜ ਮੰਤਰੀ ਕਿਰਨ ਰਿਜੀਜੂ ਸਸਕਾਰ ਮੌਕੇ ਹਾਜ਼ਰ ਸਨ ਅਤੇ ਉਨ੍ਹਾਂ ਫੁੱਲ ਮਾਲਾਵਾਂ ਰੱਖ ਕੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ। ਰਾਜਪਾਲ ਬਦਨੌਰ ਨੇ ਮਹਾਨ ਅਥਲੀਟ ਮਿਲਖਾ ਸਿੰਘ ਦੇ ਦੇਹਾਂਤ ਉਤੇ ਡੂੰਘਾ ਦੁੱਖ ਜ਼ਾਹਿਰ ਕੀਤਾ। ਰਾਜਪਾਲ ਨੇ ਆਪਣੇ ਸ਼ੋਕ ਸੁਨੇਹੇ ਵਿੱਚ ਕਿਹਾ ਕਿ ਉਨ੍ਹਾਂ ਨੂੰ ਭਾਰਤ ਲਈ ਵੱਖ-ਵੱਖ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ਵਿੱਚ ਕਈ ਸੋਨ ਤਗਮੇ ਜਿੱਤਣ ਵਾਲੇ ‘ਉਡਣਾ ਸਿੱਖ’ ਮਿਲਖਾ ਸਿੰਘ ਦੀ ਮੌਤ ਬਾਰੇ ਜਾਣ ਕੇ ਬਹੁਤ ਦੁੱਖ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਪਦਮ ਸ੍ਰੀ ਮਿਲਖਾ ਸਿੰਘ ਨੇ ਖੇਡਾਂ ਦੇ ਖੇਤਰ ਵਿੱਚ ਵਿਸ਼ਵ ਪੱਧਰ ’ਤੇ ਅਮਿੱਟ ਪੈੜਾਂ ਛੱਡੀਆਂ ਹਨ। ਉਹ ਹਮੇਸ਼ਾ ਨਵੀਂ ਪੀੜ੍ਹੀ ਲਈ ਪ੍ਰੇਰਨਾ ਸਰੋਤ ਬਣੇ ਰਹਿਣਗੇ। ਉਨ੍ਹਾਂ ਦੀ ਮੌਤ ਕਾਰਨ ਪੈਦਾ ਹੋਏ ਖ਼ਲਾਅ ਨੂੰ ਭਰਿਆ ਨਹੀਂ ਜਾ ਸਕਦਾ।

ਬਦਨੌਰ ਨੇ ਦੁਖੀ ਪਰਿਵਾਰ, ਰਿਸ਼ਤੇਦਾਰਾਂ, ਮਿੱਤਰਾਂ ਅਤੇ ਪ੍ਰਸੰਸਕਾਂ ਨਾਲ ਦਿਲੀ ਹਮਦਰਦੀ ਸਾਂਝੀ ਕੀਤੀ। ਸਸਕਾਰ ਮੌਕੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ, ਗੁਰਪ੍ਰੀਤ ਸਿੰਘ ਜੀ.ਪੀ. ਅਤੇ ਕਾਕਾ ਰਣਦੀਪ ਸਿੰਘ ਨਾਭਾ (ਦੋਵੇਂ ਵਿਧਾਇਕਾਂ) ਨੇ ਹਾਜ਼ਰ ਹੋ ਕੇ ਵਿਛੜੇ ਨਾਇਕ ਨੂੰ ਅੰਤਿਮ ਸ਼ਰਧਾਂਜਲੀ ਭੇਟ ਕੀਤੀ। ਅੰਤਿਮ ਰਸਮਾਂ ਮੌਕੇ ਪੰਜਾਬ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਅਨਿੰਦਿਤਾ ਮਿੱਤਰਾ, ਡੀ.ਸੀ. ਚੰਡੀਗੜ੍ਹ ਮਨਦੀਪ ਸਿੰਘ ਬਰਾੜ ਤੇ ਐਸ.ਐਸ.ਪੀ. ਚੰਡੀਗੜ੍ਹ ਕੁਲਦੀਪ ਸਿੰਘ ਚਾਹਲ ਵੀ ਹਾਜ਼ਰ ਸਨ। ਇਸ ਦੌਰਾਨ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਕੈਬਨਿਟ ਮੰਤਰੀ ਓ.ਪੀ. ਸੋਨੀ, ਪੀ.ਜੀ.ਆਈ ਦੇ ਡਾਇਰੈਕਟਰ ਪ੍ਰੋ.ਜਗਤ ਰਾਮ ਅਤੇ ਪੰਜਾਬ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਰਾਜ ਕੁਮਾਰ ਨੇ ਵੀ ਡੂੰਘਾ ਅਫਸੋਸ ਜ਼ਾਹਰ ਕੀਤਾ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articlePunjab CM announces Milkha Singh Chair in Patiala sports varsity
Next articleਕੋਵਿੰਦ, ਮੋਦੀ ਤੇ ਹੋਰਨਾਂ ਸਿਆਸੀ ਸ਼ਖ਼ਸੀਅਤਾਂ ਵੱਲੋਂ ਦੁੱਖ ਦਾ ਇਜ਼ਹਾਰ