ਦੂਰ ਦੇ ਢੋਲ

ਮਨਜੀਤ ਸਿੰਘ ਜੀਤ
( ਮਨਜੀਤ ਸਿੰਘ ਜੀਤ )
(ਸਮਾਜ ਵੀਕਲੀ) ਟੀ ਵੀ ਵਿੱਚ ਆਉਂਦੀ ਮਸ਼ਹੂਰੀ ਦੀਆਂ ਆਖ਼ਰੀ ਲਾਈਨਾਂ ਵਿੱਚ ਜਦੋਂ ਓਹ ਸੁਣਦਾ ਕਿ , ” ਚਾਹੇ ਕੋਈ ਮੁਝੇ ਮੂਰਖ ਬਨਾਂਨਾ ਚਾਹੇ ਲੇਕਿਨ ਮੈਂ ਮੂਰਖ ਨਹੀਂ ਬਨੂੰਗਾ ” ..ਤਾਂ ਓਹ ਮਹਿਸੂਸ ਕਰਨ ਲਗਦਾ ਸ਼ਾਇਦ ਮੈਂ ਵੀ ਤਾਂ ਮੂਰਖ ਹੀ ਹਾਂ ਜਿਹੜਾ ਚਾਰ ਸਾਲਾਂ ਤੋਂ ਕੰਪਨੀ ਦੇ ਨਿਊਜ਼ ਲੈਟਰਾਂ ਵਿੱਚ ਦਿਲ ਲੁਭਾਊ ਕਰੋੜ ਪਤੀ ਬਣਨ ਵਾਲੀਆਂ ਊਲ ਜਲੂਲ, ਹਾਸੋ ਹੀਣੀਆਂ ਗੱਲਾਂ  ਪੜ੍ਹ ਪੜ੍ਹ ਕੇ ਅਜੇ ਵੀ ਵਿਸ਼ਵਾਸ ਕਰਨ ਤੋਂ ਬਾਜ ਨਹੀਂ ਆ ਰਿਹਾ । ਉਸਦੇ ਇੱਕ ਦੋਸਤ ਨੇ ਕਿਹਾ ਸੀ ‘ ਯਾਰ ਮੇਰੇ ਕੋਲ ਕੰਪਨੀਆਂ ਦੀਆਂ ਪਲਾਨ ਦੀਆਂ ਗੱਲਾਂ ਨਾ ਕਰਿਆ ਕਰ,…. ਮੈਂਨੂੰ ਪਲਾਨ ਤੋਂ ਖਿਝ ਆਉਂਦੀ ਐ ‘ ਪਰ ਓਹ ਆਪਣੇ ਦੋਸਤ ਨੂੰ ਮੂਰਖ ਸਮਝਦਾ ਸੀ ਤੇ ਆਪਣੀ ਗੱਲ ਤੇ ਹੀ ਅੜਿਆ ਰਹਿੰਦਾ । ਕਿਤੇ ਨਾ ਕਿਤੇ ਹੁਣ ਓਹ ਖੁਦ ਮੂਰਖ ਤਾਂ ਬਣ ਹੀ ਗਿਆ ਪਰ ਮਨ ਤੋਂ ਸਵੀਕਾਰ ਨਹੀਂ ਕਰ ਰਿਹਾ । ਓਹ ਪੂਰੀ ਤਰਾਂ ਅੰਧ ਵਿਸ਼ਵਾਸ ਦਾ ਸ਼ਿਕਾਰ ਹੋ ਚੁੱਕਾ ਸੀ ਪਰ ਕੰਪਨੀ ਦੀ ਕੋਈ ਨਾਕਾਰਤਮਿਕ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਉਸਨੂੰ ਪੂਰਾ ਵਿਸ਼ਵਾਸ ਸੀ ਕਿ ਬਸ,- ਹੋਰ ਥੋੜ੍ਹੇ ਚਿਰ ਤੱਕ ਬਹੁਤ ਵੱਡਾ ਕੰਮ ਸ਼ੁਰੂ ਹੋਣ ਵਾਲ਼ਾ ਐ ਜਿਸ ਨਾਲ਼ ਉਸਦੀਆਂ ਸਾਰੀਆਂ ਮੁਸ਼ਕਿਲਾਂ, ਕਮੀਆਂ ਦੂਰ ਹੋ ਜਾਣਗੀਆਂ। ਓਹ ਆਪਣੇ ਇਲਾਕੇ ਦਾ ਸਿਰੱਕਢ ਅਮੀਰ ਸਰਦਾਰ ਹੋਏਗਾ । ਓਹ ਕਈ ਵਾਰ ਵਧੀਆ ਕੋਠੀ ਤੇ ਮਹਿੰਗੀ ਕਾਰ ਰੱਖਣ ਦੀਆਂ ਗੱਲਾਂ ਵੀ ਕਰਦਾ । ਉਸ ਦੀਆਂ ਗੱਲਾਂ ਸੁਣ ਕੇ ਮੇਰਾ ਮਨ ਵੀ ਬਾਗੋ ਬਾਗ ਹੋ ਜਾਂਦਾ ਕਿਓਂਕਿ ਮੈਂ ਵੀ ਤਾਂ ਉਸ ਦੇ ਹੇਠਲੇ ਸਤਰ ਵਿੱਚ ਸ਼ਾਮਿਲ ਸੀ ਪਰ ਪਤਾ ਨਹੀਂ ਕਿਉਂ ਮੈਥੋਂ ਅੰਧ ਵਿਸ਼ਵਾਸੀ ਨਹੀਂ ਬਣਿਆ ਗਿਆ । ਮੈਨੂੰ ਇਸ ਕੰਪਨੀ ” ਜਾਦੂ ਲਾਈਫ ” ਤੇ ਗੁੱਸਾ ਆਉਂਦਾ ਰਹਿੰਦਾ ਸੀ। ਮੈਨੂੰ ਯਾਦ ਐ ਜਦੋਂ ਮੈ ਇਹ ਕੰਪਨੀ ਜੁਆਇੰਨ ਕੀਤੀ ਸੀ ਤਾਂ ਆਪਣੀ ਪਤਨੀ ਦੀ ਛਾਪ ਵੇਚ ਕੇ ਪੈਕਜ਼ ਦੀ ਫੀਸ ਭਰੀ ਸੀ ਤੇ ਪਤਨੀ ਨੂੰ ਯਕੀਨ ਦੁਆਇਆ ਸੀ ਕਿ ਇਸ ਛਾਪ ਦੇ ਬਦਲੇ ਤੈਨੂੰ ਰਾਣੀਹਾਰ , ਸੋਨੇ ਦੀਆਂ ਚੂੜੀਆਂ ਤੇ ਛਾਪਾਂ ਕਰਵਾ ਕੇ ਦੇਉਂਗਾ। ਹੁਣ ਐਨੇ ਸਾਲਾਂ ਬਾਦ ਜਦੋਂ ਪਤਨੀ ਪੁੱਛਦੀ ਹੈ ਤਾਂ ਓਹ ਸਿਰਫ ਇੱਕ ਛਾਪ ਬਾਰੇ ਹੀ ਪੁੱਛਦੀ ਐ ਕਿ ਕਦੋਂ ਤੱਕ ਬਣ ਜਾਊਗੀ । ਮੇਰੇ ਕੋਲ ਕੋਈ ਜਵਾਬ ਤਾਂ ਨਹੀਂ ਹੁੰਦਾ ਮੈ ਰਜਨੀਸ਼ ਤੋ ਸੁਣੀ ਸੁਣਾਈ ਝੂਠੀ ਗੱਲ ਸੁਣਾ ਕੇ ਬਾਹਰ ਨਿੱਕਲ ਜਾਂਦਾ ਹਾਂ। ਰਜਨੀਸ਼ ਕੰਪਨੀ ਬਾਰੇ ਕਦੇ ਗਲਤ ਨਹੀਂ ਸੋਚਦਾ …. ਉਹ ਕਹਿਣ ਲਗਦਾ ਹੈ ਦੇਖ ਲੈਣਾ…. ਇੱਕ ਦਿਨ ਐਨਾਂ ਵੱਡਾ ਕੰਮ ਹੋਣੈ ਤੁਹਾਡੇ ਕੋਲੋਂ ਸੰਭਾਲਿਆ ਨਹੀਂ ਜਾਣਾ ਤੇ  ” ਐਨਾ ਵੱਡਾ ” ਦੱਸਣ ਵੇਲ਼ੇ ਓਹ ਦੋਹਾਂ ਬਾਹਾਂ ਨੂੰ ਸੱਜੇ ਖੱਬੇ ਫੈਲਾ ਕੇ ਦਸਦਾ ਹੈ। ਮੈਂ ਮਜਾਕ ਨਾਲ ਅਪਣੀਆਂ ਅੱਖਾਂ ਤੇ ਹਥੇਲੀ ਦੀ ਛਾਂ ਕਰਕੇ ਉੱਪਰ ਅਸਮਾਨ ਵੱਲ ਇੰਝ ਦੇਖਦਾ ਹਾਂ ਜਿਵੇਂ ਕੋਈ ਆਪਣਾ ਚੀਨਾ ਕਬੂਤਰ ਉੱਡਦਾ ਹੋਇਆ ਲੱਭ ਰਿਹਾ ਹੋਵੇ । ਮੈਨੂੰ ਇੰਝ ਕਰਦਿਆਂ ਓਹ ਕਹਿੰਦਾ ਹੈ ” ਉੱਪਰ ਕੀ ਦੇਖ ਰਿਹੈਂ “
” ਸ਼ਾਇਦ ਕੋਈ ਕੰਪਨੀ ਦਾ ਚੰਗਾ ਨਿਊਜ਼ ਲੈਟਰ ਡਿੱਗ ਪਵੇ “। ਮੈਂ ਕਿਹਾ ।
” ਉਪਰੋਂ ਨਹੀਂ ,… ਇਸ ਵਿੱਚ ਆਏਗਾ “
ਰਜਨੀਸ਼ ਆਪਣਾ ਸਮਾਰਟ ਫੋਨ ਦਿਖਾਣ ਲੱਗ ਪਿਆ ।
” ਪਰ ਹੁਣ ਟੈਰਾਕਰਾਸ ਇਸ ਵਿੱਚ ਨਹੀਂ ਚੱਲੇਗਾ….. ਹੁਣ ਤਾਂ ਲੱਖ ਰੁਪਏ ਦਾ ਲੈਣਾ ਪਏਗਾ”
” ਹੈਂ …” ਰਜਨੀਸ਼ ਨੇ ਵੱਡਾ ਮੂੰਹ ਖ਼ੋਹਲ ਕੇ ਹੈਰਾਨੀ ਪ੍ਰਗਟ ਕੀਤੀ ਤੇ ਨਾਲ਼ ਦੀ ਨਾਲ ਉਸਦੀਆਂ ਅੱਖਾਂ ਰਤਾ ਕੁ ਚੌੜੀਆਂ ਹੋ ਗਈਆਂ।
” ਓਹ, ਨਹੀਂ ਅਮਿਤ ਸਰ ਜੀ , ਤੁਸੀਂ ਐਦਾਂ ਕਿਉਂ ਸੋਚਦੇ ਜੇ ….. ਕਮਾਲ ਕਰਦੇ ਓ…….ਜਾਦੂ ਲਾਈਫ ਵੀ ਤਾਂ ਚੱਲੇਗਾ “.. ਓਹ ਮਨ ਨੂੰ ਤਸੱਲੀ ਦਿੰਦਾ ਹੋਇਆ ਮੈਂਨੂੰ ਇਜੱਤ ਮਾਣ ਨਾਲ ਦੱਸਣ ਲੱਗ ਪਿਆ।
” ਜਾਦੂ ਲਾਈਫ ਨੇ ਚੱਲਣਾ ਹੁੰਦਾ ਤਾਂ ਉਹ ਸਾਡੇ ਨਾਲ਼ ਧੋਖਾ ਨਾ ਕਰਦਾ …… ਉਹ ਸਾਡੇ ਲੋਕਾਂ ਦਾ ਪੈਸਾ ਇੱਕਠਾ ਕਰਕੇ ਪਾਸੇ ਹੋ ਗਿਆ ਤੇ ਟੈਰਾਕਰਾਸ ਕੰਪਨੀ ਦੇ ਲੜ ਲਾ ਦਿੱਤਾ …..ਸਾਡੇ ਨਾਲ਼ ਬਹੁਤ ਵੱਡਾ ਧੋਖਾ ਹੋ ਗਿਆ …… ਜਿਵੇਂ ਚਲਾਕ ਏਜੰਟ ਲੋਕ ਮੁੰਡਿਆਂ ਨੂੰ ਵਿਦੇਸ਼ ਭੇਜਣ ਦੇ ਬਹਾਨੇ ਸਮੁੰਦਰੀ ਜਹਾਜ਼ ਵਿੱਚ ਚੜ੍ਹਾ ਕੇ ਅੱਗੇ ਕਿਸੇ ਜੰਗਲ ਵਿੱਚ ਉਤਾਰ ਦਿੰਦੇ ਨੇ ਤੇ ਦੁਬਈ ਜਾਣ ਵਾਲੇ ਮੁੰਡੇ ਜੰਗਲਾਂ ਵਿੱਚ ਰੁਲਦੇ ਖੁਲਦੇ ਆਪਣੀ ਕਿਸਮਤ ਦੇ ਸਹਾਰੇ ਰਹਿ ਜਾਂਦੇ ਨੇ ਇਵੇਂ ਹੀ ਜਾਦੂ ਲਾਈਫ ਨੇ ਸਾਨੂੰ ਬੇ ਸਹਾਰਾ ਛੱਡ ਦਿੱਤਾ ਹੈ…….ਕਿੰਨੇਂ ਲੋਕ ਡਿਪਰੈਸ਼ਨ ਦੇ ਸ਼ਿਕਾਰ ਹੋ ਗਏ….., ਕਿੰਨੇਂ ਕੰਮ ਦੀ ਉਡੀਕ ਕਰਦੇ ਦੁਨੀਆਂ ਛੱਡ ਗਏ…… ਮੈਂ ਗੁੱਸੇ ਵਿੱਚ ਬੋਲ ਰਿਹਾ ਸੀ ਪਰ ਰਜਨੀਸ਼ ਮੈਨੂੰ ਇਹ ਕਹਿ ਕੇ ਤਸੱਲੀ ਦੇ ਰਿਹਾ ਸੀ ਕਿ ਕੱਲ੍ਹ ਇੱਕ ਵਧੀਆ ਨਿਊਜ਼ ਲੈਟਰ ਆ ਰਿਹਾ ਐ….।
” ਨਿਊਜ਼ ਲੈਟਰ ਈ ਆ ਰਿਹੈ,…. ਨੋਟ ਤਾਂ ਨਹੀਂ ਆ ਰਹੇ ….  !  ਮੈਨੂੰ ਹੋਰ ਗੁੱਸਾ ਆ ਗਿਆ ਪਰ ਰਜਨੀਸ਼ ਸਾਫ਼ ਦਿਲ ਦੋਸਤ ਹੋਣ ਕਰਕੇ ਮੈ ਆਪਣਾ ਗੁੱਸਾ ਥੁੱਕ ਦਿੰਦਾ ਹਾਂ ।
ਅਸੀਂ ਸੈਰ ਕਰਦੇ ਕਦੇ ਨਹਿਰ ਵੱਲ ,ਕਦੇ ਸਟੇਸ਼ਨ ਵੱਲ ਤੁਰਦੇ ਜਾਂਦੇ ਬਹੁਤੀਆਂ ਗੱਲਾਂ ਜਾਦੂ ਲਾਈਫ ਤੇ ਕਰਦੇ ਰਹਿੰਦੇ ਜਿਵੇਂ ਸਾਡੇ ਦਿਲਾਂ ਤੇ ਕੋਈ ਜਾਦੂ ਹੋ ਗਿਆ ਹੋਵੇ ਜਾਂ ਕੰਪਨੀ ਦਾ ਭੂਤ ਸਾਡੇ ਅੰਦਰ ਦਾਖ਼ਲ ਹੋ ਗਿਆ ਹੋਵੇ …… ਕਦੇ ਕਦੇ ਇੰਝ ਪ੍ਰਤੀਤ ਹੁੰਦਾ ਜਿਵੇਂ ਅਸੀਂ ਨੀਮ ਪਾਗ਼ਲ ਈ ਹੋ ਗਏ ਹੋਈਏ। ਕੰਪਨੀ ਦਾ ਪ੍ਰਭਾਵ ਜਾਂ ਦੁਸ਼ਪ੍ਰਭਾਵ ਸਾਨੂੰ ਹੋਰ ਘਰੇਲੂ ਜਾਂ ਸਮਾਜਿਕ ਗੱਲਾਂ ਤੋਂ ਰੋਕੀ ਰੱਖਦਾ ……ਤੇ ਅਸੀਂ ਬੇਸੁਆਦਾ ਚੱਕਰ ਲਗਾ ਕੇ ਘਰ ਨੂੰ ਮੁੜ ਪੈਂਦੇ । ਸਾਡੀ ਕਾਲੋਨੀ ਰੇਲਵੇ ਸਟੇਸ਼ਨ ਦੇ ਨੇੜੇ ਹੀ ਪੈਂਦੀ ਹੈ ਤੇ ਅੱਜ ਅਸੀਂ ਰੇਲਵੇ ਵਾਲ਼ੇ ਪਾਸੇ ਸੈਰ ਕਰਨ ਦਾ ਮਨ ਬਣਾ ਕੇ ਓਧਰ ਨੂੰ ਗੱਲਾਂ ਕਰਦੇ ਜਾ ਰਹੇ ਸੀ ਤੇ ਇਹ ਵੀ ਆਪਸ ਵਿੱਚ ਕਹਿ ਰਹੇ ਸੀ ਕਿ ਜਾਦੂ ਲਾਈਫ ਦੀ ਕੋਈ ਗੱਲ ਨਹੀਂ ਕਰਨੀ । ਅਸੀਂ ਥੋੜ੍ਹੀ ਦੂਰ ਹੀ ਠੰਢੀ ਸੜਕ ਪਾਰ ਕਰਕੇ ਰੇਲਵੇ ਕੁਆਟਰਾਂ ਦਾ ਚੱਕਰ ਲਗਾ ਵਾਪਿਸ ਆਉਣਾ ਸੀ ਕਿ ਸਾਨੂੰ ਲਾਈਨਾਂ ਵੱਲ ਕੁਛ ਬੰਦੇ ਕਾਹਲੀ ਨਾਲ਼ ਜਾਂਦੇ ਦਿਖਾਈ ਦਿੱਤੇ  । ਇੱਕ ਦੋ ਮੁੜੇ ਆਉਂਦੇ ਬੰਦਿਆਂ ਨੂੰ ਪੁੱਛਿਆ ਕਿ ਕੀ ਹੋ ਗਿਆ ” ਕੋਈ ਬੰਦਾ ਹੇਠਾਂ ਆ ਗਿਆ ” ਇੱਕ ਨੇ ਦੁੱਖ ਨਾਲ਼ ਸਿਰ ਝਤਕਾ ਕੇ ਜਵਾਬ ਦਿੱਤਾ। ਸੁਣ ਕੇ ਸਾਡਾ ਮਨ ਖ਼ਰਾਬ ਹੋਇਆ ਤੇ ” ਏਧਰ ਸੈਰ ਨੂੰ ਕਿਉਂ ਆਉਣਾ ਸੀ” ਸੋਚ ਕੇ ਮੁੜਣਾ ਚਾਹਿਆ ਤਾਂ ਰਜਨੀਸ਼ ਨੇ ਕਿਹਾ ” ਦੇਖੀਏ ਭਲਾਂ ਕੌਣ ਐ”
” ਆਪਾਂ ਕੀ ਕਰਾਂਗੇ ਦੇਖ ਕੇ ” ਮੈਂ ਦੁਖੀ ਮਨ ਨਾਲ਼ ਕਹਿ ਦਿੱਤਾ।
” ਜਾਦੂ ਲਾਈਫ ਜੁੰਮੇਵਾਰ ਐ ਦਾ ਕੀ ਮਤਲਬ ਹੋਇਆ ” ਇੱਕ ਹੋਰ ਦੇਖ ਕੇ ਮੁੜੇ ਆਉਂਦੇ ਬੰਦੇ ਨੇ ਦੱਸਿਆ ਕਹਿੰਦਾ” ਉਸਦੀ ਜੇਬ ਚੋਂ ਨਿੱਕਲੀ ਪਰਚੀ ਤੇ ਲਿਖਿਆ ਸੀ ।
ਉਸ ਬੰਦੇ ਤੋ ਇਹ ਸੁਣ ਕੇ ਸਾਡੀਆਂ ਅੱਖਾਂ ਅੱਗੋਂ ਕਿੰਨੇ ਹੀ ਚਿਹਰੇ ਸੁਪਨੇ ਵਾਂਗ ਲੰਘ ਗਏ ਤੇ ਅਸੀਂ ਦੇਖਣ ਲਈ ਓਧਰ ਨੂੰ ਚੱਲ ਪਏ।  ਥੋੜ੍ਹੀ ਜਿਹੀ ਭੀੜ ਤੇ ਸਹਾਰਾ ਵਾਲ਼ੇ ਲੋਕ ਖੜ੍ਹੇ ਸਨ। ਅਸੀਂ ਥੋੜ੍ਹਾ ਹੋਰ ਅੱਗੇ ਹੋਏ ਤਾਂ ਉਸ ਸਖ਼ਸ਼ ਦਾ ਚਿਹਰਾ ਦੇਖ ਕੇ ਬਹੁਤ ਹੈਰਾਨੀ ਤੇ ਦੁੱਖ ਹੋਇਆ ….  ਸਾਡੇ ਮੂੰਹੋਂ ਸੀਤਲ ਸਿੰਘ ਨਿਕਲਦਾ ਰਹਿ ਗਿਆ ਤੇ ਅਸੀ ਪਿੱਛੇ ਮੁੜ ਪਏ।
” ਐਨਾ ਸਾਕਾਰਾਤਮਿਕ ਸੋਚ ਦਾ ਬੰਦਾ ……. ਐਨੀ ਵੱਡੀ ਟੀਮ ……… ਇਹ ਬੰਦਾ ਸੂਸਾਇਡ ਕਿਵੇਂ ਕਰ ਗਿਆ ” ਰਜਨੀਸ਼ ਦੱਸਣ ਲੱਗ ਪਿਆ।  ” ਸੀਤਲ ਸਿੰਘ ਕਹਿੰਦਾ ਹੁੰਦਾ ਸੀ …. ਮੈਂ ਆਪਣੀ ਕੁੜੀ ਦਾ ਵਿਆਹ ਪੰਜ ਕਰੋੜ ਲਗਾ ਕੇ ਕਰੂੰਗਾ “
” ਇਹ ਜਾਦੂ ਲਾਈਫ ਕੌਣ ਐ ਬਈ! .. ” ਪੁਲਿਸ ਵਾਲ਼ੇ ਪੁੱਛ ਰਹੇ ਸਨ ਪਰ ਕਿਸੇ ਨੂੰ ਕੀ ਪਤਾ , ਹੁਣ ਪਰਚਾ ਕਿਸ ਤੇ ਹੋਵੇ ,… ਕੁਛ ਪਤਾ ਨਹੀਂ ….. ਅਸੀਂ ਚੁੱਪ ਕਰਕੇ ਬਿਨਾ ਕੁਛ ਕਹੇ ਵਾਪਿਸ ਆ ਗਏ। ” ਅਮਿਤ ਜੀ , ਅੱਜ ਆਪਾਂ ਜਾਦੂ ਲਾਈਫ ਦੀ ਗੱਲ ਨਹੀਂ ਸੀ ਕਰਨੀ ਪਰ ਇਹ ਤਾਂ ਬਹੁਤ ਵੱਡਾ ਭਾਣਾ ਵਰਤ ਗਿਆ ” ਰਜਨੀਸ਼ ਮੈਂਨੂੰ ਦੱਸ ਰਿਹਾ ਸੀ।
ਅਸੀਂ ਥੋੜ੍ਹੀ ਦੂਰ ਤੱਕ ਬਿਲਕੁਲ ਚੁੱਪ ਚਾਪ ਤੁਰੇ ਆਏ , ਕੋਈ ਗੱਲ ਨਹੀਂ ਸੁੱਝ ਰਹੀ ਸੀ ਤੇ
ਆਪਣੇ ਘਰ ਵੱਲ ਦੀ ਕਾਲੋਨੀ ਵਿੱਚ ਆ ਕੇ ਰਜਨੀਸ਼ ਦੇ ਘਰ ਵਾਲ਼ੀ ਗਲੀ ਆ ਗਈ ।
 ” ਦੇਖਦੇ ਐਂ ਸ਼ਾਇਦ ਨਿਊਜ਼ ਲੈਟਰ ਆ ਗਿਆ ਹੋਣੈ ” . …….. ਕਹਿੰਦਾ ਹੋਇਆ ਰਜਨੀਸ਼ ਘਰ ਵੱਲ ਮੁੜ ਗਿਆ। ਇਹ ਗੱਲ ਰਜਨੀਸ਼ ਦੇ ਮੂੰਹੋਂ ਸੁਤੇ ਸਿੱਧ ਨਿੱਕਲੀ ਜਾਂ ਜਾਣ ਬੁੱਝ ਕੇ  , ਮੈਂਨੂੰ ਨਹੀਂ ਪਤਾ ਪਰ ਉਸਦੇ ਭੋਲੇਪਨ ਤੇ ਮੈਂਨੂੰ ਗੁੱਸਾ ਨਹੀਂ ਆਇਆ।  ਮੈਂ ਸੜਕ ਵੱਲ ਨੀਂਵੀਂ ਪਾਈ ਆਪਣੇ ਘਰ ਵੱਲ ਜਾ ਰਿਹਾ ਸੀ । ਦੂਰ ਕਿਧਰੇ ਢੋਲ ਵੱਜਣ ਦੀ ਮੱਧਮ ਜਿਹੀ ਆਵਾਜ਼ ਕੰਨਾਂ ਵਿੱਚ ਪੈ ਤਾਂ ਰਹੀ ਸੀ ਪਰ ਚੰਗੀ ਨਹੀਂ ਸੀ ਲੱਗ ਰਹੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article‘ਨੌਜਵਾਨ ਸਾਹਿਤ ਸਭਾ ਭਲੂਰ’ ਵੱਲੋਂ ਸ਼ਾਇਰ ਚਰਨ ਲਿਖਾਰੀ ਨਾਲ ਰੂ-ਬ-ਰੂ ਭਲਕੇ
Next article28 ਫਰਵਰੀ ਰਾਸ਼ਟਰੀ ਵਿਗਿਆਨ ਦਿਵਸ: ਇਤਿਹਾਸ, ਵਿਸ਼ਾ ਅਤੇ ਮਹੱਤਵ