HOME ਲਹਿੰਦੇ ਪੰਜਾਬ ਦੇ ਨਾਮਵਰ ਨਾਵਲਕਾਰ ਅਲੀ ਅਨਵਰ ਆਹਮਦ ਦੇ ਲਘੂ ਨਾਵਲ “ਸ਼ਿਕਾਰਨ”...

ਲਹਿੰਦੇ ਪੰਜਾਬ ਦੇ ਨਾਮਵਰ ਨਾਵਲਕਾਰ ਅਲੀ ਅਨਵਰ ਆਹਮਦ ਦੇ ਲਘੂ ਨਾਵਲ “ਸ਼ਿਕਾਰਨ” ਉੱਤੇ ਗੋਸ਼ਟੀ ਕਰਵਾਈ ਗਈ

3
ਕਪੂਰਥਲਾ   (ਸਮਾਜ ਵੀਕਲੀ)   ( ਕੌੜਾ ) – ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ ਵਿਖੇ  ਲਹਿੰਦੇ ਪੰਜਾਬ ਦੇ ਨਾਮਵਰ ਨਾਵਲਕਾਰ ਅਲੀ ਅਨਵਰ ਆਹਮਦ ਦੇ ਲਘੂ ਨਾਵਲ “ਸ਼ਿਕਾਰਨ” ਉੱਤੇ ਗੋਸ਼ਟੀ ਕਰਵਾਈ ਗਈ। ਇਸ ਨਾਵਲ ਦਾ ਗੁਰਮੁਖੀ ਭਾਸ਼ਾ ਵਿੱਚ ਲਿਪੀਅੰਤਰਨ ਸ਼ਾਇਰ ਅਤੇ ਲੇਖਕ ਸ਼ਹਿਬਾਜ਼ ਖ਼ਾਨ ਨੇ ਕੀਤਾ ਹੈ। ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਇਲਾਕੇ ਦੇ ਨਾਮਵਰ ਸ਼ਾਇਰ ਪ੍ਰੋ. ਕੁਲਵੰਤ ਸਿੰਘ ਔਜਲਾ ਸ਼ਾਮਿਲ ਹੋਏ। ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਡਾ. ਸਤਿੰਦਰਜੀਤ ਸਿੰਘ (ਸੰਨੀ ਪੱਖੋਕੇ), ਸੰਸਥਾਪਕ ਬੁੱਕਸ ਰੂਟ ਅਤੇ ਸਹਾਇਕ ਪ੍ਰੋਫ਼ੈਸਰ ਡਾ. ਸੰਦੀਪ ਸਿੰਘ, ਖ਼ਾਲਸਾ ਕਾਲਜ ਅੰਮ੍ਰਿਤਸਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਲਘੂ ਨਾਵਲ ਉੱਤੇ ਵਿਚਾਰ ਚਰਚਾ ਅਤੇ ਪਰਚਾ ਪੜ੍ਹਨ ਦੀ ਰਸਮ ਡਾ. ਸਰਦੂਲ ਸਿੰਘ ਔਜਲਾ (ਮੁਖੀ, ਪੰਜਾਬੀ ਵਿਭਾਗ) ਡਿਪਸ ਕਾਲਜ ਢਿੱਲਵਾਂ ਅਤੇ ਡਾ. ਜਸਦੀਪ ਕੌਰ (ਸਹਾਇਕ ਪ੍ਰੋਫ਼ੈਸਰ, ਪੰਜਾਬੀ) ਹਿੰਦੂ ਕੰਨਿਆ ਕਾਲਜ ਕਪੂਰਥਲਾ ਵੱਲੋਂ ਕੀਤੀ ਗਈ।ਸਮਾਗਮ ਦੀ ਸ਼ੁਰੂਆਤ ਵਿਭਾਗੀ ਧੁਨੀ ਨਾਲ ਕੀਤੀ ਗਈ, ਇਸ ਉਪਰੰਤ ਸ਼੍ਰੀਮਤੀ ਮੁਨੱਜ਼ਾ ਇਰਸ਼ਾਦ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਸ਼ਿਕਾਰਨ (ਨਾਵਲੈੱਟ) ਦੀ ਮੁੱਢਲੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਿਪੀਅੰਤਰਨ ਲਈ ਇਸ ਪੁਸਤਕ ਨੂੰ ਕਿਵੇਂ ਚੁਣਿਆ ਗਿਆ। ਪ੍ਰਿੰਸੀਪਲ ਪ੍ਰੋਮਿਲਾ ਅਰੋੜਾ ਨੇ ਸਮਾਗਮ ਵਿੱਚ ਸ਼ਹਿਬਾਜ਼ ਖ਼ਾਨ ਦੇ ਸਾਹਿਤਕ ਸਫ਼ਰ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਕਿਵੇਂ ਉਹਨਾਂ ਵੱਲੋਂ ਆਪਣੇ ਪਿਤਾ ਸਵ. ਸ੍ਰੀ ਕੰਵਰ ਇਮਤਿਆਜ਼ ਦੀ ਦਿੱਤੀ ਹੋਈ ਵਿਰਾਸਤ ਨੂੰ ਸੰਭਾਲਿਆ ਅਤੇ ਹੋਰ ਸ਼ਿੱਦਤ ਨਾਲ ਇਸ ਨੂੰ ਜਾਰੀ ਰੱਖਿਆ ਹੈ। ਉਹਨਾਂ ਸ਼ਹਿਬਾਜ਼ ਖ਼ਾਨ ਵੱਲੋਂ ਸੰਪਾਦਿਤ, ਪ੍ਰਕਾਸ਼ਿਤ ਅਤੇ ਲਿਪੀਅੰਤਰਣ ਕੀਤੀਆਂ ਹੋਰਨਾਂ ਪੁਸਤਕਾਂ ਬਾਰੇ ਵੀ ਜਾਣਕਾਰੀ ਦਿੱਤੀ।ਮੰਚ ਸੰਚਾਲਕ ਸ੍ਰੀਮਤੀ ਨਰਿੰਦਰ ਨੀਤ ਵੱਲੋਂ ਸ਼ਹਿਬਾਜ਼ ਖ਼ਾਨ ਬਾਰੇ ਦੱਸਿਆ ਕਿ ਉਹ ਹੁਣ ਤੱਕ 100 ਤੋਂ ਵੱਧ ਪੁਸਤਕਾਂ ਦੀ ਸਫ਼ਲ ਸਮੀਖਿਆ ਵੀ ਕਰ ਚੁੱਕੇ ਹਨ, ਸਮੀਖਿਆ ਕਰਨਾ ਕੋਈ ਆਸਾਨ ਕੰਮ ਨਹੀਂ ਅਤੇ ਨਾ ਹੀ ਲਿਪੀਅੰਤਰਨ ਕਰਨਾ ਕੋਈ ਸੁਖਾਲਾ ਕੰਮ ਹੈ। ਇਸ ਉਪਰੰਤ ਅੱਜ ਦੇ ਸਮਾਗਮ ਦੇ ਮੁੱਖ ਬੁਲਾਰੇ ਡਾ. ਸਰਦੂਲ ਸਿੰਘ ਔਜਲਾ (ਡਿਪਸ ਕਾਲਜ ਢਿਲਵਾਂ) ਨੇ ਪੁਸਤਕ ਤੇ ਪਰਚਾ ਪੜਿਆ ਅਤੇ ਉਹਨਾਂ ਨੇ ਇਸ ਪੁਸਤਕ ਦੇ ਰੰਗਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਪੁਸਤਕ ਤੁਹਾਡੇ ਨਜ਼ਰੀਏ ਨੂੰ ਵਾਰ-ਵਾਰ ਟੋਲਦੀ ਹੈ ਅਤੇ ਇਹ ਪੁਸਤਕ ਸਿਰਫ਼ ਮੌਜਾਂ ਬਾਰੇ ਨਹੀਂ ਬਲਕਿ ਇਸ ਦੇ ਨਾਲ ਹੋਰ ਵੀ ਬਹੁਤ ਸਾਰੇ ਯਾਦਗਾਰ ਕਿਰਦਾਰ ਅਤੇ ਕਿੱਸੇ ਕਹਾਣੀਆਂ ਜੁੜੇ ਹਨ ਜਿਨ੍ਹਾਂ ਵਿੱਚ ਸ਼ੁਰੂਆਤੀ ਤੌਰ ‘ਤੇ ਵਿਸ਼ਾ ਕਿਸੇ ਹੋਰ ਪੱਖ ਤੋਂ ਸ਼ੁਰੂ ਹੋ ਕੇ ਕਿਵੇਂ ਮੌਜਾਂ ਬੀਬੀ ਵੱਲ ਮੁੜਦਾ ਹੈ। ਉਹਨਾਂ ਨੇ ਇਹ ਸਪਸ਼ਟ ਕੀਤਾ ਕਿ ਇਸ ਦਾ ਟਾਈਟਲ ਔਰਤ ਦੀ ਨਾਂਹ ਪੱਖੀ ਸ਼ਖ਼ਸੀਅਤ ਨੂੰ ਜ਼ਾਹਿਰ ਕਰਦਾ ਹੈ। ਇਸ ਉਪਰੰਤ ਡਾ. ਜਸਦੀਪ ਕੌਰ (ਪੰਜਾਬੀ ਵਿਭਾਗ ਹਿੰਦੂ ਕੰਨਿਆ ਕਾਲਜ ਕਪੂਰਥਲਾ) ਵੱਲੋਂ ਨਾਵਲ ਦੇ ਤਕਨੀਕੀ ਪੱਖਾਂ ਬਾਰੇ ਜਾਣਕਾਰੀ ਦਿੱਤੀ ਅਤੇ ਅਜੋਕੀ ਤੇ ਪੱਛਮੀ ਥਿਊਰੀ ਦਾ ਹਵਾਲਾ ਦਿੰਦਿਆਂ ਨਾਵਲ ਦੀਆਂ ਪਰਤਾਂ ਉੱਤੇ ਚਾਨਣਾ ਪਾਈ। ਇਸ ਸਮਾਗਮ ਦੇ ਮੁੱਖ ਮਹਿਮਾਨ ਪ੍ਰੋ. ਕੁਲਵੰਤ ਸਿੰਘ ਔਜਲਾ ਵੱਲੋਂ ਸ਼ਹਿਬਾਜ਼ ਖ਼ਾਨ ਦੇ ਕੰਮ ਦੀ ਤਾਰੀਫ਼ ਕਰਦਿਆਂ ਕਿਹਾ ਕਿ ਕਿਵੇਂ ਉਹ ਆਪਣੇ ਪਿਤਾ ਦੇ ਦਿੱਤੇ ਹੋਏ ਰਾਹਾਂ ਉੱਪਰ ਤੁਰਦੇ ਹੋਏ ਸਾਹਿਤ ਵਿੱਚ ਨਾਮਣਾ ਖੱਟ ਰਿਹਾ ਹੈ। ਉਹਨਾਂ ਨੇ ਸ਼ਹਿਬਾਜ਼ ਖਾਨ ਅਤੇ ਉਨਾਂ ਦੀ ਸ਼ਰੀਕੇ ਹਯਾਤ ਬਾਰੇ ਆਪਣੀ ਨਵ ਲਿਖਤ ਰਚਨਾ ਪੜ੍ਹਦੇ ਹੋਏ ਆਏ ਹੋਏ ਮਹਿਮਾਨਾਂ ਨੂੰ ਸੰਬੋਧਿਤ ਕੀਤਾ। ਉਹਨਾਂ ਵੱਲੋਂ ਜ਼ਿਲਾ ਭਾਸ਼ਾ ਅਫ਼ਸਰ, ਕਪੂਰਥਲਾ ਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ ਗਈ। ਅੱਜ ਦੇ ਵਿਸ਼ੇਸ਼ ਮਹਿਮਾਨ ਡਾ. ਸਤਿੰਦਰਜੀਤ ਸਿੰਘ (ਸੰਨੀ ਪੱਖੋਕੇ) ਪ੍ਰੋਫ਼ੈਸਰ ਡੀ ਏ ਵੀ ਕਾਲਜ ਅੰਮ੍ਰਿਤਸਰ ਅਤਾ ਸੰਸਥਾਪਕ ਬੁੱਕ ਰੂਟ ਅੰਮ੍ਰਿਤਸਰ ਵੱਲੋਂ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੁਸਤਕ ਗੋਸ਼ਟੀ ਵਿੱਚ ਅਜਿਹਾ ਮਾਹੌਲ ਸਿਰਜਿਆ ਜਾਣਾ ਆਪਣੇ ਆਪ ਵਿੱਚ ਬਹੁਤ ਵਧੀਆ ਹੈ। ਉਹਨਾਂ ਨੇ ਦੱਸਿਆ ਕਿ ਲਹਿੰਦੇ ਪੰਜਾਬ ਦੇ ਸਾਹਿਤ ਦਾ ਲਿਪੀਅੰਤਰਨ ਸ਼ਹਿਬਾਜ਼ ਖ਼ਾਨ ਦੇ ਹਿੱਸੇ ਆਇਆ ਹੈ ਜਿਸ ਨੂੰ ਉਹਨਾਂ ਨੇ ਬਾਖ਼ੂਬੀ ਨਿਭਾਇਆ ਹੈ। ਸਹਾਇਕ ਪ੍ਰੋਫ਼ੈਸਰ ਡਾ. ਸੰਦੀਪ ਸਿੰਘ, ਖ਼ਾਲਸਾ ਕਾਲਜ ਅੰਮ੍ਰਿਤਸਰ ਵੱਲੋਂ ਵਿਸ਼ੇਸ਼ ਤੌਰ ‘ਤੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ ਗਈ। ਉਹਨਾਂ ਵੱਲੋਂ ਨਾਵਲ ਵਿੱਚ ਦਰਸਾਏ ਮਰਦ ਪ੍ਰਧਾਨ ਸਮਾਜ ਅਤੇ ਉਹਨਾਂ ਦੇ ਨਜ਼ਰੀਏ ਦੀ ਗੱਲ ਕੀਤੀ। ਸਮਾਗਮ ਦੇ ਅੰਤ ਵਿੱਚ ਸ਼੍ਰੀਮਤੀ ਜਸਪ੍ਰੀਤ ਕੌਰ ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਅਜਿਹੀਆਂ ਮਾਣਮੱਤੀਆਂ ਸ਼ਖ਼ਸੀਅਤਾਂ ਦੀ ਹਾਜ਼ਰੀ ਨਾਲ ਅਤੇ ਉਹਨਾਂ ਦੇ ਵਿਚਾਰਾਂ ਨੂੰ ਸੁਣਦਿਆਂ ਹੋਰ ਵੀ ਸਾਰਥਕ ਹੋ ਜਾਂਦੇ ਹਨ। ਅੰਤ ਵਿੱਚ ਉਹਨਾਂ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਇਸਦੇ ਨਾਲ ਹੀ ਸ਼ਹਿਬਾਜ਼ ਖ਼ਾਨ ਅਤੇ ਮੁਨੱਜ਼ਾ ਇਰਸ਼ਾਦ ਨੂੰ ਸਨਮਾਨ ਪੱਤਰ ਭੇਂਟ ਕੀਤਾ ਗਿਆ। ਇਸ ਸਮਾਗਮ ਮੌਕੇ ਸ. ਇੰਦਰਜੀਤ ਸਿੰਘ ਰੂਪੋਵਾਲੀ ਅਤੇ ਉਹਨਾਂ ਦੀ ਪਤਨੀ ਸਰਬਜੀਤ ਰੂਪੋਵਾਲੀ (ਇਪਟਾ ਕਪੂਰਥਲਾ) ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਸਮਾਗਮ ਵਿੱਚ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਪ੍ਰਬੰਧਕਾਂ, ਬੁਲਾਰਿਆਂ, ਮੰਚ ਸੰਚਾਲਕ ਦੇ ਨਾਲ ਸ. ਗੁਰਭਜਨ ਸਿੰਘ ਲਾਸਾਨੀ, ਡਾ. ਗੁਰਬਖ਼ਸ਼ ਸਿੰਘ ਭੰਡਾਲ, ਸਰਵਣ ਸਿੰਘ ਔਜਲਾ (ਸਟੇਟ ਐਵਾਰਡੀ), ਡਾ. ਹਰਭਜਨ ਸਿੰਘ, ਰਵਿੰਦਰ ਕੌਰ, ਹਰਜਿੰਦਰ ਸਿੰਘ ਨਾਗਲੂ, ਸੰਤੋਖ ਮੱਲ੍ਹੀ, ਰਿਤੂ ਸੂਦ, ਅਵਿਨਾਸ਼ ਭੱਲਾ, ਮਲਕੀਤ ਸਿੰਘ ਮੀਤ, ਸਵਰਾਜ ਕੌਰ, ਮਨੀਸ਼ ਕੁਮਾਰ ਅਤੇ ਮਨਪ੍ਰੀਤ ਕੌਰ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਕੂਟਰੀ ਨੂੰ ਅਣਪਛਾਤੇ ਵਾਹਨ ਨੇ ਪਿੱਛੋਂ ਮਾਰੀ ਟੱਕਰ, ਸਕੂਟਰੀ ਸਵਾਰ ਪਤੀ ਪਤਨੀ ਗੰਭੀਰ ਜ਼ਖ਼ਮੀ, ਜਾਨੀ ਨੁਕਸਾਨ ਦਾ ਬਚਾਅ
Next articleਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਨੇ ਉੱਚ ਸਿੱਖਿਆ ਨੂੰ ਬਦਲਣ ‘ਤੇ 7 ਦਿਨਾਂ ਫੈਕਲਟੀ ਵਿਕਾਸ ਪ੍ਰੋਗਰਾਮ ਦਾ ਆਯੋਜਨ ਕੀਤਾ