(ਸਮਾਜ ਵੀਕਲੀ)
ਆਪ ਵਸਾਈ “ਪੁਰੀ” ਨੂੰ ਛੱਡ ਦਾਤਾਰ ਹੈ ਤੁਰਿਆ
ਅੱਜ ਵੱਖੋ ਵੱਖਰੇ ਰਾਹਾਂ ਤੇ ਪਰਿਵਾਰ ਹੈ ਤੁਰਿਆ।
ਭੁੱਖਣ ਭਾਣੇ ਸਿੰਘ ਪਿਆਰੇ ਨਾਲ ਨੇ ਚਲਦੇ
ਹਰ ਕੋਈ ਦਿਲੀ ਸਮੋ ਕੇ,ਗੁਰੂ ਪਿਆਰ ਹੈ ਤੁਰਿਆ।
ਸੀਸਗੰਜ ਨੂੰ ਸੀਸ ਨਿਵਾ ਕੇ,ਕਲਗੀਧਰ ਚਲੇ
ਬਾਪੂ ਕੋਲ਼ੋਂ ਅਸੀਸ ਲੈ,ਰੱਖ ਇਤਬਾਰ ਹੈ ਤੁਰਿਆ।
ਹੋਣੀ ਤੋਂ ਅਣਜਾਣ ਨਹੀਂ,ਸੱਚਖੰਡ ਦਾ ਮਾਲਿਕ
ਅੰਮੜੀ ਦਾ ਲੈ ਆਖਰੀ ਦੀਦਾਰ ਹੈ ਤੁਰਿਆ।
ਉਸ ਰੂੰ ਤੋਂ ਕੋਮਲ ਨਿੱਕੜੇ ਲਾਲਾਂ ਵੱਲ ਤੱਕਿਆ
ਜ਼ੁਲਮਾਂ ਨੂੰ ਠੰਢ ਪਾਉਣ ਨੂੰ,ਆਬਸ਼ਾਰ ਹੈ ਤੁਰਿਆ।
ਕਹਿਰ ਦੀ ਸਰਦੀ,ਪਿੰਡਿਆਂ ਤੇ ਗਿੱਲੇ ਲੀੜੇ
ਮਰਜੀਵੜਿਆਂ ਦਾ ਜੱਥਾ,ਸਰਸਾ ਪਾਰ ਹੈ ਤੁਰਿਆ।
ਦੋ ਪੁੱਤ ਗੜੀ ਵਿੱਚ ਵਾਰਨੇ,ਦੋ ਸਰਹਿੰਦ ਦੇ ਅੰਦਰ
ਖੁਦਾ ਲਈ, ਕਰ ਖੁਦਾ ਨਾਲ ਇਕਰਾਰ ਹੈ ਤੁਰਿਆ।
“ਮੁਸਾਫ਼ਿਰ” ਓਹਦੇ ਸਿਦਕ ਦੀ ਕਿਤੇ ਮਿਸਾਲ ਨਹੀਂ
ਅੱਜ ਹੋਣ ਸੁਰਖ਼ਰੂ ਨਾਨਕ ਦਾ,ਅਨਵਾਰ ਹੈ ਤੁਰਿਆ।
ਨਰਪਿੰਦਰ ਸਿੰਘ ਮੁਸਾਫ਼ਿਰ
ਖਰੜ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly