ਲਖਨਊ (ਸਮਾਜ ਵੀਕਲੀ): ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਅੱਜ ਸਮਾਜਵਾਦੀ ਪਾਰਟੀ ’ਤੇ ਸਿਰਫ਼ ਆਪਣੇ ਪਰਿਵਾਰ ਦੀ ਚਿੰਤਾ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਮਾਜਵਾਦੀ ਕਦੇ ਪਰਿਵਾਰਵਾਦੀ ਨਹੀਂ ਹੁੰਦੇ ਹਨ ਅਤੇ ਜੋ ਪਰਿਵਾਰਵਾਦੀ ਹਨ, ਉਹ ਸਮਾਜਵਾਦੀ ਨਹੀਂ ਹੋ ਸਕਦੇ। ਉਹ ਇੱਥੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਕੇਂਦਰੀ ਮੰਤਰੀ ਨੇ ਪਰਿਵਾਰਵਾਦ ਦੇ ਮੁੱਦੇ ’ਤੇ ਕਾਂਗਰਸ ਨੂੰ ਘੇਰਦਿਆਂ ਕਿਹਾ, ‘‘ਕਾਂਗਰਸ ਪੂਰੀ ਤਰ੍ਹਾਂ ਭਾਜਪਾ ਦੀ ਨਕਲ ਕਰਦੀ ਤਾਂ ਪਰਿਵਾਰਵਾਦ ਤੋਂ ਮੁਕਤ ਹੋ ਜਾਂਦੀ।’’ ਉਨ੍ਹਾਂ ਕਿਹਾ ਕਿ ਭਾਵੇਂ ਕਾਂਗਰਸ ਦੀ ਸਰਕਾਰ ਹੋਵੇ ਜਾਂ ਸਮਾਜਵਾਦੀ ਪਾਰਟੀ ਦੀ, 35-35 ਸੰਸਦ ਮੈਂਬਰ ਤੇ ਵਿਧਾਇਕ ਇਨ੍ਹਾਂ ਦੇ ਆਪਣੇ ਪਰਿਵਾਰਾਂ ’ਚੋਂ ਰਹਿੰਦੇ ਸਨ। ਉਨ੍ਹਾਂ ਸਮਾਜਵਾਦੀ ਪਾਰਟੀ ’ਤੇ ਦੰਗਿਆਂ ਅਤੇ ਗੁੰਡਾਰਾਜ ਨੂੰ ਤਰਜੀਹ ਦੇਣ ਦਾ ਦੋਸ਼ ਲਗਾਉਂਦੇ ਹੋਏ ਕਿਹਾ, ‘‘ਸਮਾਜਵਾਦੀ ਪਾਰਟੀ ਨੇ ਦੰਗਿਆਂ ਅਤੇ ਗੁੰਡਾਰਾਜ ਨੂੰ ਪਹਿਲ ਦਿੱਤੀ, ਜਦਕਿ ਭਾਜਪਾ ਨੇ ਕਾਨੂੰਨ ਦਾ ਰਾਜ ਸਥਾਪਤ ਕਰ ਕੇ ਵਿਕਾਸ ਨੂੰ ਰਫ਼ਤਾਰ ਦਿੱਤੀ।’’ ਉਨ੍ਹਾਂ ਪਿਛਲੀਆਂ ਸਰਕਾਰਾਂ ’ਤੇ ਸਰਕਾਰੀ ਮਸ਼ੀਨਰੀ ਦਾ ਵੀ ਜਾਤੀਕਰਨ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ਸਾਲਾਂ ਤੋਂ ਦੰਗੇ ਅਤੇ ਅਰਾਜਕਤਾ ਦਾ ਮਾਹੌਲ ਚੱਲਿਆ ਆ ਰਿਹਾ ਸੀ ਜੋ ਭਾਜਪਾ ਦੇ ਆਉਣ ਨਾਲ ਖ਼ਤਮ ਹੋਇਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly