“ਸਾਉਣ ਮਹੀਨਾ ਬੱਦਲ ਕਾਲੇ”

ਸੰਦੀਪ ਸਿੰਘ ਬਖੋਪੀਰ 
(ਸਮਾਜ ਵੀਕਲੀ)
ਸਾਉਣ ਮਹੀਨਾ ਬੱਦਲ ਕਾਲੇ ਨਾਲ ਘਟਾਂ ਦੇ ਆਏ ਨੇ
ਨਿੱਕੀਆਂ ਨਿੱਕੀਆਂ ਕਣੀਆਂ ਦੇ ਸੰਗ ਵਰਖਾ ਖੂਬ ਲਿਆਏ ਨੇ ।
ਘਟਾ ਕਾਲੀਆਂ ਛਾਈਆਂ ਉੱਪਰ, ਪੰਛੀਆਂ ਗੀਤ ਸੁਣਾਏ ਨੇ
ਘੁੱਗੀਆਂ, ਚਿੜੀਆਂ, ਨੱਚਣ ਲੱਗੀਆਂ ਮੋਰਾਂ ਖੰਭ ਖਿਲਾਏ ਨੇ ।
ਗਲ਼ੀਆਂ ਦੇ ਵਿੱਚ ਖੇਡਣ  ਬੱਚੇ, ਰੁੱਖਾਂ ਨੇ ਸ਼ੁਕਰ ਮਨਾਏ ਨੇ
ਰੁੱਖ ਬੂਟੇ, ਘਾਹ ਚਮਕਣ ਲੱਗੇ, ਜੋ ਵਰਖਾ ਸੰਗ, ਨਹਾਇ ਨੇ।
ਟੈਂ-ਟੈਂ ਡੱਡੂਆਂ ਗੀਤ ਸੁਣਾਏ, ਮੱਛੀਆਂ ਭੰਗੜੇ ਪਾਏ ਨੇ
ਹਾਲੀ ਪਾਲੀ ਖੁਸ਼ ਨੇ ਸਾਰੇ, ਕੁਦਰਤ ਮੀਂਹ ਵਰਸਾਏ ਨੇ।
ਚਿਰਾਂ ਤੋਂ ਪਿਆਸੀ ਧਰਤੀ, ਰੱਜੀ, ਦਾਤੇ ਦੇ ਗੁਣ ਗਾਏ ਨੇ
ਗਰਮੀ, ਕੋਲੋਂ ਛੁਟਿਆ ਖਹਿੜਾ, ਦਿਨ ਕੁਝ ਠੰਡੇ ਆਏ ਨੇ ।
ਗੜ-ਗੜ ਕਰਕੇ ਬੱਦਲ ਗਰਜਣ, ਹਵਾ ਨੇ ਝੂਮਰ ਪਾਏ ਨੇ
ਵਿੱਚ ਅਸਮਾਨੀ ਬਗਲੇ ਉੱਡਣ ,ਹਵਾ ਨੇ ਗੀਤ ਸੁਣਾਏ ਨੇ ।
ਸੌਣ ਮਹੀਨੇ ਵਰਖਾ ਪਾਵਣ, ਚੜ੍ਹ ਕੇ ਬੱਦਲ ਆਏ ਨੇ
ਵਿੱਚ ਪਿੜਾਂ ਦੇ ਰੌਣਕ ਲੱਗੀ, ਕੁੜੀਆਂ ਗਿੱਧੇ ਪਾਏ ਨੇ।
ਸੁੱਕੇ ਘਾਹ, ਰੁੱਖ, ਹੱਸਣ ਲੱਗੇ, ਜਦੋਂ ਬੱਦਲਾਂ ਮੁੱਖ ਵਿਖਾਏ ਨੇ
ਸਾਉਣ ਮਹੀਨਾ ਘਟਾਂ ਕਾਲੀਆਂ, ਬੱਦਲ, ਸੰਗ ਲਿਆਏ ਨੇ।
ਘਰ ਘਰ ਦੇ ਵਿੱਚ ਰਿੱਝੀਆਂ ਖੀਰਾਂ, ਕਿਸੇ ਨੇ ਪੂੜੇ ਲਾਏ ਨੇ
ਸਾਉਣ ਮਹੀਨਾ, ਦਿਨ ਤੀਆਂ ਦੇ, ਬੱਦਲਾਂ ਰੰਗ ਵਿਖਾਏ ਨੇ।
ਖੁਸ਼ਕ ਹਵਾਵਾਂ ਮਹਿਕਣ ਲੱਗੀਆਂ, ਬੱਦਲਾਂ ਰੰਗ ਖਿੰਡਾਏ ਨੇ
ਸੰਦੀਪ ਦਾਤੇ ਦਾ ਸ਼ੁਕਰ ਮਨਾਵੇ, ਬੱਦਲਾਂ ਰੰਗ ਬਦਲਾਏ ਨੇ।
ਸੰਦੀਪ ਸਿੰਘ ਬਖੋਪੀਰ 
ਸੰਪਰਕ:- 98 15327
Previous article“ਰੱਖੜੀ”
Next articleਤਿੰਨ ਰੋਜ਼ਾ ਸਮਾਗਮਾਂ ਦੌਰਾਨ ਗੁਰੂ ਨਾਨਕ ਸੇਵਕ ਜਥਾ ਬਾਹਰਾ ਵੱਲੋਂ ਲਗਾਏ ਗਏ ਵਿਸ਼ਾਲ ਲੰਗਰ, ਵੱਡੀ ਗਿਣਤੀ ਵਿੱਚ ਬੀਬੀਆਂ ਤੇ ਨੌਜਵਾਨਾਂ ਕੀਤੀ ਨਿਸ਼ਕਾਮ ਸੇਵਾ