ਨਵੀਂ ਦਿੱਲੀ (ਸਮਾਜ ਵੀਕਲੀ): ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਅਖ਼ਬਾਰ ਵਿੱਚ ਫ਼ਰਜ਼ੀ ਤਸਵੀਰਾਂ ਵਾਲੇ ਇਸ਼ਤਿਹਾਰ ਲਈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਲੰਮੇ ਹੱਥੀਂ ਲਿਆ ਹੈ। ਕੌਮੀ ਪੱਧਰ ਦੇ ਇਕ ਅੰਗਰੇਜ਼ੀ ਅਖ਼ਬਾਰ ਵਿੱਚ ਛਪੇ ਪੂਰੇ ਸਫ਼ੇ ਦੇ ਇਸ਼ਤਿਹਾਰ, ਜਿਸ ਵਿੱਚ ਯੂਪੀ ਦੇ ਸਨਅਤੀਕਰਨ ਤੇ ਵਿਕਾਸ ਨੂੰ ਦਰਸਾਇਆ ਗਿਆ ਹੈ, ਵਿੱਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਤਸਵੀਰ ਹੇਠ ਕੋਲਕਾਤਾ ਦਾ ‘ਮਾ ਫਲਾਈਓਵਰ’ ਨਜ਼ਰ ਆਉਂਦਾ ਹੈ। ਪ੍ਰਿਯੰਕਾ ਨੇ ਯੋਗੀ ਸਰਕਾਰ ਨੂੰ ਫ਼ਰਜ਼ੀ ਇਸ਼ਤਿਹਾਰਾਂ ਤੇ ਝੂਠੇ ਦਾਅਵਿਆਂ ਵਾਲੀ ਸਰਕਾਰ ਕਰਾਰ ਦਿੱਤਾ ਹੈ।
ਕਾਂਗਰਸ ਦੀ ਜਨਰਲ ਸਕੱਤਰ ਤੇ ਯੂਪੀ ਦੀ ਇੰਚਾਰਜ ਪ੍ਰਿਯੰਕਾ ਗਾਂਧੀ ਨੇ ਟਵੀਟ ਕੀਤਾ, ‘‘ਉਨ੍ਹਾਂ ਫ਼ਰਜ਼ੀ ਇਸ਼ਤਿਹਾਰ ਦਿੱਤੇ, ਨੌਜਵਾਨਾਂ ਨੂੰ ਲੇਖਪਾਲ ਦੀਆਂ ਫ਼ਰਜ਼ੀ ਨੌਕਰੀਆਂ ਦਿੱਤੀਆਂ ਤੇ ਹੁਣ ਉਹ ਫਲਾਈਓਵਰਾਂ ਤੇ ਫੈਕਟਰੀਆਂ ਦੀਆਂ ਫ਼ਰਜ਼ੀ ਤਸਵੀਰਾਂ ਦੇ ਕੇ ਝੂਠੇ ਵਿਕਾਸ ਦਾ ਦਾਅਵਾ ਕਰ ਰਹੇ ਹਨ। ਉਨ੍ਹਾਂ ਨੂੰ ਨਾ ਤਾਂ ਲੋਕਾਂ ਨਾਲ ਜੁੜੇ ਮਸਲਿਆਂ ਦੀ ਸਮਝ ਹੈ ਤੇ ਨਾ ਹੀ ਉਨ੍ਹਾਂ ਦਾ ਇਨ੍ਹਾਂ ਨਾਲ ਕੋਈ ਲਾਗਾ-ਦੇਗਾ ਹੈ। ਇਹ ਫ਼ਰਜ਼ੀ ਇਸ਼ਤਿਹਾਰਾਂ ਤੇ ਝੂਠੇ ਦਾਅਵਿਆਂ ਦੀ ਸਰਕਾਰ ਹੈ।’’ ਕਾਬਿਲੇਗੌਰ ਹੈ ਕਿ ਯੂਪੀ ਸਰਕਾਰ ਵੱਲੋਂ ਜਾਰੀ ਇਸ ਇਸ਼ਤਿਹਾਰ ਦੀ ਤ੍ਰਿਣਮੂਲ ਕਾਂਗਰਸ ਨੇ ਤਿੱਖੀ ਨੁਕਤਾਚੀਨੀ ਕੀਤੀ ਸੀ। ਪਾਰਟੀ ਦੇ ਸਿਖਰਲੇ ਮੰਤਰੀਆਂ ਤੇ ਆਗੂਆਂ ਨੇ ਆਦਿੱਤਿਆਨਾਥ ’ਤੇ ‘ਬੰਗਾਲ ਦੇ ਬੁਨਿਆਦੀ ਢਾਂਚੇ ਨਾਲ ਜੁੜੀਆਂ ਤਸਵੀਰਾਂ ਚੋਰੀ’ ਕਰਨ ਦਾ ਦੋਸ਼ ਲਾਇਆ ਹੈ।
ਇਕ ਅੰਗਰੇਜ਼ੀ ਅਖ਼ਬਾਰ ਵਿੱਚ ਛਪੇ ਇਸ਼ਤਿਹਾਰ ਵਿੱਚ ਨਜ਼ਰ ਆਉਂਦਾ ‘ਮਾ ਫਲਾਈਓਵਰ’ ਸਾਲਟ ਲੇਕ ਨੂੰ ਕੋਲਕਾਤਾ ਦੇ ਉੱਤਰ ਪੂਰਬ ਵਿੱਚ ਰਾਜਰਹਾਟ ਨਾਲ ਜੋੜਦਾ ਹੈ। ਅੰਗਰੇਜ਼ੀ ਰੋਜ਼ਨਾਮਚੇ ਨੇ ਹਾਲਾਂਕਿ ਇਕ ਬਿਆਨ ਰਾਹੀਂ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਇਹ ਗ਼ਲਤੀ ਅਖ਼ਬਾਰ ਦੀ ਮਾਰਕੀਟਿੰਗ ਤੇ ਐਡਵਰਟੋਰੀਅਲ ਟੀਮ ਦੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly