ਫ਼ਰਜ਼ੀ ਮੁਕਾਬਲਾ: ਅਦਾਲਤ ਵੱਲੋਂ ਤਤਕਾਲੀ ਐੱਸਪੀ ਸਣੇ 18 ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ

ਸ਼ਾਹਜਹਾਂਪੁਰ (ਸਮਾਜ ਵੀਕਲੀ):  ਇੱਥੋਂ ਦੀ ਇਕ ਅਦਾਲਤ ਨੇ 2004 ਦੇ ਇਕ ਕਥਿਤ ਫ਼ਰਜ਼ੀ ਮੁਕਾਬਲੇ ਦੇ ਮਾਮਲੇ ਵਿਚ ਤਤਕਾਲੀ ਐੱਸਪੀ ਸਣੇ 18 ਪੁਲੀਸ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਹਦਾਇਤ ਕੀਤੀ ਹੈ। 18 ਸਾਲ ਪਹਿਲਾਂ ਹੋਏ ਇਸ ਮੁਕਾਬਲੇ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ।

ਐੱਸਪੀ ਐੱਸ ਆਨੰਦ ਨੇ ਕਿਹਾ ਕਿ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਜਲਾਲਾਬਾਦ ਵਿਚ 18 ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਅਤੇ ਅਪਰਾਧ ਸ਼ਾਖਾ ਮਾਮਲੇ ਦੀ ਜਾਂਚ ਕਰੇਗੀ।

ਪੀੜਤ ਧਿਰ ਦੇ ਵਕੀਲ ਐਜਾਜ਼ ਹਸਨ ਖਾਨ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਦੱਸਿਆ ਕਿ 3 ਅਕਤੂਬਰ 2004 ਨੂੰ ਜਲਾਲਾਬਾਦ ਪੁਲੀਸ ਥਾਣੇ ਅਧੀਨ ਆਉਂਦੇ ਪਿੰਡ ਚਾਚੂਪੁਰ ਦੇ ਦੋ ਵਸਨੀਕ ਪ੍ਰਹਿਲਾਦ ਅਤੇ ਧਨਪਾਲ ਇਕ ਡਕੈਤੀ ਦੇ ਮਾਮਲੇ ਵਿਚ ਸ਼ਮੂਲੀਅਤ ਦੇ ਸ਼ੱਕ ਹੇਠ ਪੁਲੀਸ ਵੱਲੋਂ ਫੜੇ ਗਏ ਸਨ। ਉਨ੍ਹਾਂ ਕਿਹਾ ਕਿ ਪੁਲੀਸ ਨੇ ਉਨ੍ਹਾਂ ਦੋਹਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਅਤੇ ਉਨ੍ਹਾਂ ਦੀਆਂ ਲਾਸ਼ਾਂ ਦੂਰ ਕਿਤੇ ਸੁੱਟ ਦਿੱਤੀਆਂ ਸਨ। ਪ੍ਰਹਿਲਾਦ ਦੇ ਭਰਾ ਰਾਮ ਕਿਰਤੀ ਨੇ ਵੱਖ-ਵੱਖ ਕਮਿਸ਼ਨਾਂ ਅਤੇ ਅਧਿਕਾਰੀਆਂ ਅੱਗੇ ਦਰਖ਼ਾਸਤ ਕੀਤੀ ਪਰ ਜਦੋਂ ਕਿਤੇ ਕੋਈ ਸੁਣਵਾਈ ਨਾ ਹੋਈ ਤਾਂ 24 ਨਵੰਬਰ, 2012 ਨੂੰ ਉਸ ਨੇ ਅਦਾਲਤ ਵਿਚ ਪਹੁੰਚ ਕਰਦਿਆਂ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਅਪੀਲ ਕੀਤੀ। ਹਾਲਾਂਕਿ, ਚੀਫ਼ ਜੁਡੀਸ਼ਲ ਮੈਜਿਸਟਰੇਟ ਨੇ ਦਰਖ਼ਾਸਤ ਇਹ ਕਹਿੰਦੇ ਹੋਏ ਰੱਦ ਕਰ ਦਿੱਤੀ ਸੀ ਕਿ ਘਟਨਾ ਨੂੰ ਕਾਫੀ ਸਮਾਂ ਬੀਤ ਚੁੱਕਾ ਹੈ ਅਤੇ ਇਸ ਸਬੰਧੀ ਅੰਤਿਮ ਰਿਪੋਰਟ ਵੀ ਦਾਇਰ ਕੀਤੀ ਜਾ ਚੁੱਕੀ ਹੈ।

ਉਪਰੰਤ ਮ੍ਰਿਤਕ ਦੇ ਭਰਾ ਵੱਲੋਂ ਜ਼ਿਲ੍ਹਾ ਜੱਜ ਸੌਰਭ ਦਿਵੇਦੀ ਦੀ ਅਦਾਲਤ ਵਿਚ ਇਕ ਨਜ਼ਰਸਾਨੀ ਪਟੀਸ਼ਨ ਦਾਖਲ ਕੀਤੀ ਗਈ ਅਤੇ ਇਸ ਸਬੰਧੀ ਦਲੀਲਾਂ ਪੇਸ਼ ਕੀਤੀਆਂ ਗਈਆਂ। ਉਪਰੰਤ ਜ਼ਿਲ੍ਹਾ ਮੈਜਿਸਟਰੇਟ ਅਮਿਤ ਘੋਸ਼ ਨੇ ਇਸ ਸਾਰੇ ਮਾਮਲੇ ਦੀ ਜਾਂਚ ਵਧੀਕ ਜ਼ਿਲ੍ਹਾ ਮੈਜਿਸਟਰੇਟ ਕੋਲੋਂ ਕਰਵਾਈ ਸੀ ਅਤੇ ਸਾਰਾ ਮਾਮਲਾ ਸ਼ੱਕੀ ਪਾਇਆ ਗਿਆ ਸੀ।

ਉਸ ਤੋਂ ਬਾਅਦ ਦਲੀਲਾਂ ਨੂੰ ਮਨਜ਼ੂਰ ਕਰਦਿਆਂ ਚੀਫ ਜੁਡੀਸ਼ਲ ਮੈਜਿਸਟਰੇਟ ਆਭਾ ਪਾਲ ਦੀ ਅਦਾਲਤ ਵਿਚ ਨਜ਼ਰਸਾਨੀ ਪਟੀਸ਼ਨ ’ਤੇ ਸੁਣਵਾਈ ਹੋਈ ਸੀ। ਖਾਨ ਨੇ ਕਿਹਾ ਕਿ ਸੀਜੇਐੱਮ ਨੇ ਇਸ ਮਾਮਲੇ ਵਿਚ 18 ਪੁਲੀਸ ਵਾਲਿਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 302/34 ਅਧੀਨ ਕੇਸ ਦਰਜ ਕਰਨ ਦਾ ਹੁਕਮ ਦਿੱਤਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੱਖਣ-ਪੂਰਬੀ ਏਸ਼ੀਆ ਦਾ ਦਾਖਲਾ ਦੁਆਰ ਬਣੇਗਾ ਅਰੁਣਾਚਲ: ਮੋਦੀ
Next article‘ਵੱਡੇ ਕਾਰੋਬਾਰੀਆਂ’ ਲਈ ਹੀ ਕੰਮ ਕਰ ਰਹੀ ਹੈ ਭਾਜਪਾ: ਪ੍ਰਿਯੰਕਾ