(ਸਮਾਜ ਵੀਕਲੀ)
ਬਾਪੂ ਦਾ ਮਾਣ ਨੇ ਧੀਆਂ….
ਹਾਂ,…. ਮੈਂ ਹਾਂ… ਅਨਪੜ੍ਹ।ਮੇਰੀ ਸੋਚ ਨਿੱਕੀ ਹੈ ..।ਮੈਂ ਪੁਰਾਣੇ ਖਿਆਲਾਂ ਦਾ ਹਾਂ ।ਸੁਰਜੀਤ ਸਿੰਘ ਸੋਚਦਾ ਤੁਰਿਆ ਜਾ ਰਿਹਾ ਸੀ।ਅਚਾਨਕ ਹਾਰਨ ਦੀ ਆਵਾਜ਼ ਨੇ ਉਸ ਦੀ ਸੋਚ ਤੋੜ ਦਿੱਤੀ।ਦੋ ਕੁੜੀਆਂ ਸਕੂਟਰੀ ‘ਤੇ ਜਾ ਰਹੀਆਂ ਸਨ।ਉਸ ਦਾ ਵੀ ਜੀਅ ਕਰਦਾ ਕਿ ਉਹ ਆਪਣੀ ਧੀ ਨੂੰ ਸਕੂਟਰੀ ਲੈ ਦੇਵੇ।ਕਿਉਂਕਿ ਉਸ ਨੂੰ ਆਪਣੀ ਧੀ ਨੂੰ ਹਰ ਰੋਜ਼ ਤਿੰਨ ਕਿਲੋਮੀਟਰ ਦੂਰ ਸਾਈਕਲ ਤੇ ਸਕੂਲ ਛੱਡਣ ਆਉਣਾ ਪੈਂਦਾ ਸੀ।
ਜਦੋਂ ਉਹ ਸੱਥ ਕੋਲ਼ ਦੀ ਲੰਘਦਾ ਤਾਂ …ਅਕਸਰ ਉਸ ਨੂੰ ਸੁਣਨਾ ਪੈਂਦਾ..ਦੁਨੀਆਂ ਕਿੱਥੇ ਪਹੁੰਚ ਗਈ ਸੁਰਜੀਤ ਸਿਆਂ..।ਕੁੜੀਆਂ ਤਾਂ ਜਹਾਜ਼ ਚਲਾਉਂਦੀਆਂ ਨੇ ,ਚੰਨ ‘ਤੇ ਪਹੁੰਚ ਗਈਆਂ ਨੇ…।ਪਰ ਤੂੰ ਤਾਂ ਹਰ ਸਮੇਂ ਆਪਣੀ ਧੀ ਨੂੰ ਗਲ ਦਾ ਹਾਰ ਬਣਾਈ ਰੱਖਦੈ…ਤੈਨੂੰ ਵਿਸ਼ਵਾਸ ਨਹੀਂ ਆਪਣੀ ਧੀ ‘ਤੇ ..।ਉਹ ਸਭ ਦਾ ਅਣਸੁਣਿਆ ਕਰਕੇ ਨੀਵੀਂ ਪਾ ਕੇ ਲੰਘ ਜਾਂਦਾ।
ਅੱਜ ਫਿਰ ਜਦ ਉਹ ਸੱਥ ਵਿਚ ਪਹੁੰਚਿਆ ਤਾਂ ਸਭ ਖ਼ਬਰਾਂ ਪੜ੍ਹ ਰਹੇ ਸਨ।ਬਹੁਤ ਮੰਦਭਾਗੀ ਘਟਨਾ ਵਾਪਰੀ ਕੁੜੀ ਨਾਲ਼ ..।ਫਾਂਸੀ ਹੋਣੀ ਚਾਹੀਦੀ ਹੈ ਬਲਾਤਕਾਰੀਆਂ ਨੂੰ ….।ਤਰ੍ਹਾਂ-ਤਰ੍ਹਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ।ਅੱਜ ਉਹ ਖੜ੍ਹ ਗਿਆ, ਤੁਰਿਆ ਨਹੀਂ, ਨਾ ਨੀਵੀਂ ਪਾਈ।ਜਿਵੇਂ ਸਭ ਨੂੰ ਕਹਿ ਰਿਹਾ ਹੋਵੇ …ਮੈਨੂੰ ਆਪਣੀ ਧੀ ‘ਤੇ ਤਾਂ ਪੂਰਾ ਵਿਸ਼ਵਾਸ ਅੈ…।ਪਰ ਆਹ …ਗੰਦੀ ਸੋਚ ਦੇ ਗੰਦੇ ਕੀੜਿਆਂ ‘ਤੇ ਮੈਨੂੰ ਭੋਰਾ ਵਿਸ਼ਵਾਸ ਨਹੀਂ।ਅੱਜ ਉਸ ਨੂੰ ਖੜ੍ਹੇ ਵੇਖ ਸਭ ਨੇ ਨੀਵੀਆਂ ਪਾ ਲਈਆਂ।
ਸਰਬਜੀਤ ਭੁੱਲਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly